ਵਰਿਆਣਾ ਡੰਪ ’ਤੇ ਬਾਇਓਮਾਈਨਿੰਗ ਦੀ ਰਫ਼ਤਾਰ ਘਟੀ, ਕਮਿਸ਼ਨਰ ਨੇ ਕੀਤਾ ਮੁਆਇਨਾ
ਵਰਿਆਣਾ ਡੰਪ ਤੇ ਬਾਇਓਮਾਈਨਿੰਗ ਦੀ ਰਫਤਾਰ ਘਟੀ, ਕਮਿਸ਼ਨਰ ਨੇ ਕੀਤਾ ਮੁਆਇਨਾ
Publish Date: Tue, 20 Jan 2026 08:40 PM (IST)
Updated Date: Tue, 20 Jan 2026 08:42 PM (IST)
ਕੂੜਾ ਤੇ ਪਲਾਸਟਿਕ ਵੱਖ ਕਰਨ ’ਚ ਪੇਸ਼ ਆ ਰਹੀ ਹੈ ਮੁਸ਼ਕਲ
ਰੋਜ਼ਾਨਾ 622 ਟਨ ਆ ਰਿਹਾ ਕੂੜਾ ਵੱਖਰੀ ਥਾਂ ’ਤੇ ਕੀਤਾ ਜਾਵੇਗਾ ਡੰਪ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਵਰਿਆਣਾ ਸਥਿਤ ਕੂੜੇ ਦੇ ਡੰਪ ’ਤੇ ਹੋ ਰਹੀ ਬਾਇਓਮਾਈਨਿੰਗ ਮਸ਼ੀਨਰੀ ਕੂੜਾ ਤੇ ਪਲਾਸਟਿਕ ਵੱਖ ਕਰਨ ’ਚ ਮੁਸ਼ਕਲ ਆ ਰਹੀ ਹੈ ਕਿਉਂਕਿ ਕੂੜੇ ’ਚ ਪਾਣੀ ਦੀ ਮਿਕਦਾਰ ਹੋਣ ਕਾਰਨ ਮਸ਼ੀਨਰੀ ਦੇ ਪ੍ਰੋਸੈਸਿੰਗ ਵਾਲੇ ਛੇਕ ਬੰਦ ਹੋਣ ਕਾਰਨ ਰਫਤਾਰ ਘਟ ਜਾਂਦੀ ਹੈ। ਬਾਇਓਮਾਈਨਿੰਗ ਦਾ ਠੇਕਾ ਲੈਣ ਵਾਲੀ ਮਹਾਰਾਸ਼ਟਰ ਦੀ ਸਾਗਰ ਮੋਟਰ ਕੰਪਨੀ ਨੇ ਕੂੜੇ ’ਚੋਂ ਪਾਣੀ ਦੀ ਮਿਕਦਾਰ ਖਤਮ ਕਰਵਾਉਣ ਲਈ ਨਿਗਮ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਸੀ। ਇਸ ਨੂੰ ਦੇਖਦਿਆਂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਮੰਗਲਵਾਰ ਨੂੰ ਵਰਿਆਣਾ ਡੰਪ ਦਾ ਮੁਆਇਨਾ ਕੀਤਾ। ਉਨ੍ਹਾਂ ਨਾਲ ਸੇਵਾਮੁਕਤ ਇੰਜੀਨੀਅਰ ਇਨ ਚੀਫ ਏਐੱਸ ਧਾਲੀਵਾਲ ਵੀ ਗਏ ਸਨ, ਜਿਨ੍ਹਾਂ ਨੇ ਬਾਇਓਵਾਈਨਿੰਗ ਪ੍ਰੋਜੈਕਟ ਲੱਗਣ ਨਾਲ ਸ਼ੁਰੂ ਹੋਈ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ।
ਰੋਜ਼ਾਨਾ 1040 ਟਨ ਹੋ ਰਹੀ ਹੈ ਬਾਇਓਮਾਈਨਿੰਗ
ਵਰਿਆਣਾ ਡੰਪ ’ਤੇ ਰੋਜ਼ਾਨਾ 1040 ਟਨ ਕੂੜੇ ਤੋਂ ਬਾਇਓਮਾਈਨਿੰਗ ਹੋ ਰਹੀ ਹੈ ਅਤੇ ਉਕਤ ਮਸ਼ੀਨਰੀ ਇਕ ਘੰਟੇ ’ਚ 65 ਟਨ ਕੂੜੇ ਦੀ ਬਾਇਓਮਾਈਨਿੰਗ ਕਰਦੀ ਹੈ। ਰੋਜ਼ਾਨਾ 16 ਘੰਟੇ ਚੱਲ ਕੇ 1040 ਟਨ ਕੂੜੇ ਦੀ ਬਾਇਓਮਾਈਨਿੰਗ ਹੋ ਰਹੀ ਹੈ। ਕਮਿਸ਼ਨਰ ਨੂੰ ਦੱਸਿਆ ਗਿਆ ਕਿ ਕੂੜੇ ਤੋਂ ਜਦੋਂ ਪਲਾਸਟਿਕ ਜਾਂ ਹੋਰ ਚੀਜ਼ਾਂ ਵੱਖ ਕੀਤੀਆ ਜਾਂਦੀਆ ਹਨ ਤਾਂ ਮਾਈਨਿੰਗ ਦੀ ਰਫਤਾਰ ਇਸ ਲਈ ਘਟ ਜਾਂਦੀ ਹੈ। ਇਸ ਲਈ ਸਭ ਤੋਂ ਪਹਿਲਾਂ ਕੂੜੇ ’ਚ ਪਾਣੀ ਦੀ ਮਿਕਦਾਰ ਘਟਾਉਣੀ ਹੋਵੇਗੀ। ਇਸ ਤੋਂ ਇਲਾਵਾ ਠੇਕਾ ਕੰਪਨੀ ਨੇ ਕਿਹਾ ਕਿ ਕੂੜੇ ਦੀ ਪ੍ਰੋਸੈਸਿੰਗ ਮਗਰੋਂ ਉਥੋਂ ਨਿਕਲਣ ਵਾਲਾ ਰਸਤਾ ਤੱਕ ਨਹੀਂ ਹੈ ਅਤੇ ਗੱਡੀਆਂ ਦੇ ਬਾਹਰ ਜਾਣ ਲਈ ਅਗਲਾ ਰਸਤਾ ਬਣਵਾਇਆ ਜਾਵੇ।
--
8 ਲੱਖ ਟਨ ਦੀ ਬਾਇਓਮਾਈਨਿੰਗ ਦਾ ਠੇਕਾ
ਵਰਿਆਣਾ ਡੰਪ ਦਾ ਜਿਹੜਾ ਠੇਕਾ ਸਾਗਰ ਮੋਟਰ ਕੰਪਨੀ ਨੇ 32 ਕਰੋੜ ’ਚ ਲਿਆ ਹੈ, ਉਸ ਦੀ ਲਿਖਤੀ ਮਾਈਨਿੰਗ 8 ਲੱਖ ਟਨ ਦੀ ਹੋਣੀ ਹੈ ਅਤੇ ਇਸ ਕੰਮ ਨੂੰ 2 ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਇਸ ਲਈ ਹੀ ਠੇਕਾ ਕੰਪਨੀ ਨੇ ਰੋਜ਼ਾਨਾ ਨਵਾਂ 622 ਟਨ ਆਉਣ ਵਾਲੇ ਕੂੜੇ ਨੂੰ ਵੱਖਰੀ ਥਾਂ ’ਤੇ ਡੰਪ ਕਰਨ ਲਈ ਕਿਹਾ ਹੈ।
---
ਕੂੜੇ ਦੇ ਨਮੂਨੇ ਲੈ ਕੇ ਕੀਤੀ ਜਾਵੇਗੀ ਟੈਸਟਿੰਗ
ਵਰਿਆਣਾ ਡੰਪ ਦੇ ਕੂੜੇ ’ਚ ਪਾਣੀ ਦੀ ਮਿਕਦਾਰ ਦਾ ਪਤਾ ਲਾਉਣ ਲਈ ਨਗਰ ਨਿਗਮ ਕੂੜੇ ਦੇ ਨਮੂਨੇ ਲੈ ਕੇ ਉਸ ਦੀ ਟੈਸਟਿੰਗ ਕਰਵਾਉਣ ਜਾ ਰਹੀ ਹੈ। ਆਉਂਦੇ ਕੁਝ ਦਿਨਾਂ ’ਚ ਇਸ ਦੀ ਟੈਸਟਿੰਗ ਲਈ ਗਾਰਬੇਜ ਲੈਬਾਰਟਰੀਆਂ ਨਾਲ ਸੰਪਰਕ ਕਰੇਗੀ ਅਤੇ ਰਿਪੋਰਟ ਆਉਣ ਦੇ ਬਾਅਦ ਪਾਣੀ ਦੀ ਮਿਕਦਾਸ ਕਿਸ ਤਰ੍ਹਾਂ ਘਟਾਉਣੀ ਹੈ, ਉਸ ਦਾ ਵੀ ਕੋਈ ਹੱਲ ਕੱਢੇਗੀ।