ਦੁਕਾਨ ਉੱਪਰੋਂ ਲੰਘਦੀ 11 ਕੇਵੀ ਲਾਈਨ ਬਣੀ ਜਾਨ ਦਾ ਖ਼ੌਅ
ਦੁਕਾਨ ’ਤੇ ਲੱਗ ਗਿਆ ਮੀਟਰ, ਪਰ ਉੱਪਰੋਂ ਲੰਘ ਰਹੀ 11 ਕੇਵੀ ਲਾਈਨ ਬਣੀ ਖਤਰਾ
Publish Date: Mon, 02 Mar 2026 10:47 PM (IST)
Updated Date: Mon, 02 Mar 2026 10:49 PM (IST)

-ਪੈਸੇ ਜਮ੍ਹਾਂ ਕਰਵਾਉਣ ਦੇ ਬਾਵਜੂਦ ਤਾਰਾਂ ਨਹੀਂ ਬਦਲੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭੋਗਪੁਰ ਦੇ ਵਾਰਡ ਨੰਬਰ 12 ਤੋਂ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਨ ਵਾਲਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦੀ ਲਾਪਰਵਾਹੀ ਕਾਰਨ ਇਕ ਦਿਵਿਆਂਗ ਪਰਿਵਾਰ ਤੇ ਟਿਊਸ਼ਨ ਪੜ੍ਹਨ ਆਉਣ ਵਾਲੇ ਬੱਚਿਆਂ ਦੀ ਸੁਰੱਖਿਆ ਖਤਰੇ ’ਚ ਦੱਸੀ ਜਾ ਰਹੀ ਹੈ। ਪੀੜਤ ਦਿਵਿਆਂਗ ਨੀਰਜ ਕੁਮਾਰ ਤੇ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਜੂਨ 2025 ’ਚ ਆਪਣੀ ਦੁਕਾਨ ’ਤੇ ਬਿਜਲੀ ਮੀਟਰ ਲਗਵਾਉਣ ਲਈ ਪਾਵਰਕਾਮ ਦਫ਼ਤਰ ’ਚ ਫ਼ਾਈਲ ਜਮ੍ਹਾਂ ਕਰਵਾਈ ਸੀ ਪਰ ਫ਼ਾਈਲ ਜਮ੍ਹਾਂ ਹੋਣ ਤੋਂ ਬਾਅਦ ਕਈ ਮਹੀਨਿਆਂ ਤੱਕ ਕੋਈ ਸੁਣਵਾਈ ਨਹੀਂ ਹੋਈ। ਕਾਫ਼ੀ ਸਮੇਂ ਬਾਅਦ ਵਿਭਾਗ ਵੱਲੋਂ ਦੱਸਿਆ ਗਿਆ ਕਿ ਦੁਕਾਨ ਦੇ ਉੱਪਰੋਂ 11 ਕੇਵੀ ਹਾਈ ਵੋਲਟੇਜ ਲਾਈਨ ਲੰਘ ਰਹੀ ਹੈ ਜੋ ਖਤਰਨਾਕ ਹੈ ਅਤੇ ਮੀਟਰ ਲਗਾਉਣ ਤੋਂ ਪਹਿਲਾਂ ਤਾਰਾਂ ਦੀ ਸ਼ਿਫਟਿੰਗ ਲਾਜ਼ਮੀ ਹੈ। ਨੀਰਜ ਕੁਮਾਰ ਅਨੁਸਾਰ ਵਿਭਾਗ ਵੱਲੋਂ ਕਦੇ ਟਰਾਂਸਫਾਰਮਰ ਨਾ ਹੋਣ ਦੀ ਗੱਲ ਕਹੀ ਗਈ ਤੇ ਕਦੇ ਖੰਭੇ ਉਪਲੱਬਧ ਨਾ ਹੋਣ ਦਾ ਹਵਾਲਾ ਦੇ ਕੇ ਕੰਮ ਟਾਲਿਆ ਜਾਂਦਾ ਰਿਹਾ। ਇਸ ਦੌਰਾਨ ਪਹਿਲਾਂ ਐਸਟੀਮੇਟ ਬਣਾਉਣ ਦੇ ਨਾਂ ’ਤੇ 400 ਰੁਪਏ ਜਮ੍ਹਾਂ ਕਰਵਾਏ ਗਏ। ਇਸ ਤੋਂ ਬਾਅਦ ਤਾਰਾਂ ਦੀ ਸ਼ਿਫਟਿੰਗ ਤੇ ਥ੍ਰੀ-ਕੋਰ ਕੇਬਲ ਪਾਉਣ ਲਈ 18 ਦਸੰਬਰ 2025 ਨੂੰ 55,346 ਰੁਪਏ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਕਰਵਾ ਲਏ ਗਏ। ਇਸ ਤੋਂ ਇਲਾਵਾ ਨਵੇਂ ਬਿਜਲੀ ਮੀਟਰ ਲਈ 4,110 ਰੁਪਏ ਵੀ ਜਮ੍ਹਾਂ ਕਰਵਾ ਦਿੱਤੇ ਗਏ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ 11 ਕੇਵੀ ਤਾਰਾਂ ਨੂੰ ਪਹਿਲਾਂ ਖਤਰਨਾਕ ਦੱਸ ਕੇ ਮੀਟਰ ਲਗਾਉਣ ਤੋਂ ਇਨਕਾਰ ਕੀਤਾ ਗਿਆ ਸੀ, ਉਨ੍ਹਾਂ ਨੂੰ ਬਿਨਾਂ ਸ਼ਿਫਟ ਕੀਤੇ ਹੀ ਬਾਅਦ ’ਚ ਮੀਟਰ ਲਗਾ ਦਿੱਤਾ ਗਿਆ। ਮੌਜੂਦਾ ਹਾਲਤ ਇਹ ਹੈ ਕਿ ਦੁਕਾਨ ’ਤੇ ਮੀਟਰ ਤਾਂ ਲੱਗ ਚੁੱਕਾ ਹੈ ਪਰ ਹਾਈ ਵੋਲਟੇਜ ਲਾਈਨ ਅਜੇ ਵੀ ਉੱਥੇ ਹੀ ਮੌਜੂਦ ਹੈ। ਨੀਰਜ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਚ ਟਿਊਸ਼ਨ ਸੈਂਟਰ ਸ਼ੁਰੂ ਕਰਨਾ ਚਾਹੁੰਦੇ ਸਨ ਪਰ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਉਹ ਖੁਦ ਚਿੰਤਤ ਹਨ। ਉੱਪਰੋਂ ਲੰਘ ਰਹੀ 11 ਕੇਵੀ ਲਾਈਨ ਕਾਰਨ ਕਿਸੇ ਵੀ ਵੇਲੇ ਹਾਦਸਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਕਈ ਮਹੀਨਿਆਂ ਤੋਂ ਵਿਭਾਗੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਅਜੇ ਤੱਕ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ। ਸਥਾਨਕ ਲੋਕਾਂ ਦਾ ਵੀ ਕਹਿਣਾ ਹੈ ਕਿ ਜੇ ਸਮੇਂ ਸਿਰ 11 ਕੇਵੀ ਲਾਈਨ ਦੀ ਸ਼ਿਫਟਿੰਗ ਨਾ ਕੀਤੀ ਗਈ ਤੇ ਕੋਈ ਹਾਦਸਾ ਹੋ ਗਿਆ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਵਿਭਾਗ ਤੇ ਅਧਿਕਾਰੀਆਂ ਦੀ ਹੋਵੇਗੀ। ਇਸ ਸਬੰਧੀ ਜਦੋਂ ਸਬੰਧਤ ਐੱਸਡੀਓ ਦਿਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰਾ ਸਮਾਨ ਆ ਚੁੱਕਾ ਹੈ, ਠੇਕੇਦਾਰ ਨੂੰ ਕਹਿ ਦਿੱਤਾ ਗਿਆ ਹੈ ਤੇ ਅਗਲੇ ਹਫ਼ਤੇ ਹਰ ਹਾਲ ’ਚ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।