ਓਬਰਾਏ ਹੱਤਿਆਕਾਂਡ ਦਾ ਮੁੱਖ ਮੁਲਜ਼ਮ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ
-ਸੀਸੀਟੀਵੀ ਤੇ ਤਕਨੀਕੀ ਜਾਂਚ
Publish Date: Fri, 13 Mar 2026 06:46 PM (IST)
Updated Date: Fri, 13 Mar 2026 06:48 PM (IST)
-ਸੀਸੀਟੀਵੀ ਤੇ ਤਕਨੀਕੀ ਜਾਂਚ ਦੇ ਬਾਵਜੂਦ ਮੁੱਖ ਮੁਲਜ਼ਮ ਫ਼ਰਾਰ
- ਗੈਂਗਸਟਰ ਦੇ ਐਂਗਲ ਤੇ ਰੰਜਿਸ਼ਾਂ ਨੂੰ ਲੈ ਕੇ ਜਾਂਚ ਜਾਰੀ
ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ਵਿਚ ਹੋਏ ਪ੍ਰਸਿੱਧ ਲੱਕੀ ਓਬਰਾਏ ਹੱਤਿਆਕਾਂਡ ਨੂੰ ਹੁਣ ਸਵਾ ਮਹੀਨਾ ਹੋ ਗਿਆ ਹੈ ਪਰ ਪੁਲਿਸ ਅਜੇ ਤੱਕ ਮੁੱਖ ਮੁਲਜ਼ਮ ਤੱਕ ਨਹੀਂ ਪਹੁੰਚ ਸਕੀ। ਘਟਨਾ ਤੋਂ ਬਾਅਦ ਪੁਲਿਸ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਪਰ ਹੱਤਿਆ ’ਚ ਸ਼ਾਮਲ ਹਮਲਾਵਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਇਸ ਮਾਮਲੇ ’ਚ ਪੁਲਿਸ ਨੇ 200 ਤੋਂ ਵੱਧ ਕੈਮਰੇ ਖੰਘਾਲੇ ਹਨ। ਪੁਲਿਸ ਦੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਪੰਜਾਬ ’ਚੋਂ ਬਾਹਰ ਫਰਾਰ ਚੁੱਕਾ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਹੁਣ ਦੂਜੇ ਸੂਬਿਆਂ ਦੀ ਪੁਲਿਸ ਦੀ ਮਦਦ ਲੈ ਰਹੀ ਹੈ। ਮੁਲਜ਼ਮਾਂ ਦੀਆਂ ਤਸਵੀਰਾਂ ਦੂਜੇ ਸੂਬਿਆਂ ਦੀ ਪੁਲਿਸ ਨੂੰ ਭੇਜੀਆਂ ਗਈਆਂ ਹਨ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਜਾਣਕਾਰੀ ਅਨੁਸਾਰ ਲੱਕੀ ਓਬਰਾਏ ਦੀ ਲਗਪਗ ਸਵਾ ਮਹੀਨਾ ਪਹਿਲਾਂ ਜਲੰਧਰ ਵਿਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆ ਰਹੇ ਸਨ। ਹਮਲਾਵਰਾਂ ਨੇ ਪਹਿਲਾਂ ਤੋਂ ਹੀ ਘਾਤ ਲਾ ਕੇ ਉਨ੍ਹਾਂ 'ਤੇ ਹਮਲਾ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਮਗਰੋਂ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਕਈ ਸ਼ੱਕੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਪੁਲਿਸ ਟੀਮਾਂ ਨੇ ਵੱਖ-ਵੱਖ ਸਥਾਨਾਂ 'ਤੇ ਛਾਪੇ ਮਾਰੇ ਤੇ ਇਸ ਮਾਮਲੇ ਵਿਚ ਉਸ ਦੇ ਨੌਕਰ ਸ਼ਿੰਗਰੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਪਰ ਅਜੇ ਤੱਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਇਸ ਮਾਮਲੇ ’ਚ ਵਿਦੇਸ਼ ਵਿਚ ਬੈਠੇ ਗੈਂਗਸਟਰ ਜੋਗਾ ਫੋਲੜੀਵਾਲ ਦਾ ਨਾਮ ਵੀ ਸਾਹਮਣੇ ਆਇਆ ਸੀ, ਜਿਸ ਨੂੰ ਪੁਲਿਸ ਨੇ ਨਾਮਜ਼ਦ ਕੀਤਾ ਹੈ। ਹਾਲਾਂਕਿ ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਮੁੱਖ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।