ਸਸਤੇ ਤੋਹਫ਼ਿਆਂ ਦਾ ਲਾਲਚ ਬਣਿਆ ਸਾਈਬਰ ਠੱਗੀ ਦਾ ਜਾਲ
ਸਸਤੇ ਗਿਫਟਾਂ ਦਾ ਲਾਲਚ ਬਣਿਆ ਸਾਇਬਰ ਠੱਗੀ ਦਾ ਜਾਲ, ਲੋਕਾਂ ਦੀ ਮਿਹਨਤ ਦੀ ਕਮਾਈ ਹੋ ਰਹੀ ਸਾਫ਼
Publish Date: Thu, 15 Jan 2026 07:24 PM (IST)
Updated Date: Thu, 15 Jan 2026 07:27 PM (IST)

-999 ਰੁਪਏ ’ਚ ਮਹਿੰਗਾ ਮੋਬਾਈਲ, ਮੁਫ਼ਤ ਤੋਹਫ਼ੇ ਤੇ ਇਨਾਮਾਂ ਦੇ ਮੈਸੇਜਾਂ ਨਾਲ ਵਧੇ ਸਾਈਬਰ ਧੋਖਾਧੜੀ ਦੇ ਮਾਮਲੇ ਸੁਕ੍ਰਾਂਤ, ਜਾਗਰਣ, ਜਲੰਧਰ : ਇੰਟਰਨੈੱਟ ਮੀਡੀਆ ਦੀ ਵਧਦੀ ਵਰਤੋਂ ਕਾਰਨ ਸਾਈਬਰ ਠੱਗਾਂ ਨੇ ਲੋਕਾਂ ਨੂੰ ਠੱਗਣ ਦੇ ਨਵੇਂ-ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਸਸਤੇ ਤੋਹਫ਼ੇ, ਮੁਫ਼ਤ ਕੂਪਨ, ਭਾਰੀ ਛੋਟ ਜਾਂ ਇਨਾਮ ਜਿੱਤਣ ਦੇ ਨਾਂ ’ਤੇ ਭੇਜੇ ਜਾ ਰਹੇ ਮੈਸੇਜ ਹੁਣ ਲੋਕਾਂ ਲਈ ਵੱਡਾ ਖਤਰਾ ਬਣਦੇ ਜਾ ਰਹੇ ਹਨ। ਜਲੰਧਰ ’ਚ ਹਾਲੀਆ ਦਿਨਾਂ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਲਾਲਚ ’ਚ ਆ ਕੇ ਲੋਕਾਂ ਨੇ ਇਕ ਕਲਿੱਕ ਜਾਂ ਇਕ ਓਟੀਪੀ ਸਾਂਝਾ ਕਰ ਦਿੱਤਾ ਤੇ ਪਲਾਂ ’ਚ ਹੀ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਹੋ ਗਏ। ਹਾਲ ਹੀ ’ਚ ਜਲੰਧਰ ਦੇ ਇਕ ਨੌਜਵਾਨ ਦੇ ਮੋਬਾਈਲ ’ਤੇ ਮੈਸੇਜ ਆਇਆ ਕਿ ਤੁਹਾਨੂੰ ਕਿਸੇ ਖਰੀਦਦਾਰੀ ’ਤੇ ਕੂਪਨ ਮਿਲਿਆ ਹੈ ਤੇ 999 ਰੁਪਏ ’ਚ ਇਕ ਮਹਿੰਗਾ ਮੋਬਾਈਲ ਫੋਨ ਤੋਹਫ਼ੇ ਵਜੋਂ ਦਿੱਤਾ ਜਾਵੇਗਾ। ਮੈਸੇਜ ’ਚ ਦਿੱਤੇ ਲਿੰਕ ’ਤੇ ਕਲਿੱਕ ਕਰਦਿਆਂ ਹੀ ਉਸ ਤੋਂ ਓਟੀਪੀ ਮੰਗਿਆ ਗਿਆ। ਨੌਜਵਾਨ ਨੇ ਓਟੀਪੀ ਸਾਂਝਾ ਕਰ ਦਿੱਤਾ ਤੇ ਕੁਝ ਮਿੰਟਾਂ ’ਚ ਹੀ ਉਸ ਦੇ ਖਾਤੇ ’ਚੋਂ ਲਗਪਗ 75 ਹਜ਼ਾਰ ਰੁਪਏ ਨਿਕਲ ਗਏ। ਠੱਗੀ ਦਾ ਅਹਿਸਾਸ ਉਸ ਵੇਲੇ ਹੋਇਆ ਜਦੋਂ ਬੈਂਕ ਵੱਲੋਂ ਲਗਾਤਾਰ ਟ੍ਰਾਂਜ਼ੈਕਸ਼ਨ ਦੇ ਮੈਸੇਜ ਆਉਣ ਲੱਗ ਪਏ। ------------------------- ਮੁਫ਼ਤ ਤੋਹਫ਼ੇ ਤੇ ਕਾਲਾਂ ਰਾਹੀਂ ਵੀ ਠੱਗੀ ਸਿਰਫ਼ ਮੈਸੇਜ ਹੀ ਨਹੀਂ, ਸਗੋਂ ਕਾਲਾਂ ਰਾਹੀਂ ਵੀ ਲੋਕ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਦੂਜੇ ਮਾਮਲੇ ’ਚ ਜਲੰਧਰ ਦੀ ਇਕ ਔਰਤ ਨੂੰ ਮੁਫ਼ਤ ਤੋਹਫ਼ੇ ਮਿਲਣ ਦੇ ਨਾਂ ’ਤੇ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣ- ਆਪ ਨੂੰ ਇਕ ਨਾਮੀ ਆਨਲਾਈਨ ਸ਼ਾਪਿੰਗ ਪਲੇਟਫਾਰਮ ਦਾ ਪ੍ਰਤੀਨਿਧੀ ਦੱਸਿਆ ਤੇ ਕਿਹਾ ਕਿ ਔਰਤ ਦਾ ਨਾਂ ਲੱਕੀ ਡਰਾਅ ’ਚ ਆਇਆ ਹੈ। ਤੋਹਫ਼ਾ ਭੇਜਣ ਦੇ ਨਾਂ ’ਤੇ ਕੁਝ ਜਾਣਕਾਰੀ ਮੰਗੀ ਗਈ। ਜਿਵੇਂ ਹੀ ਯੂਪੀਆਈ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ, ਕੁਝ ਹੀ ਦੇਰ ’ਚ ਉਸ ਦੇ ਖਾਤੇ ’ਚੋਂ 40 ਹਜ਼ਾਰ ਰੁਪਏ ਟਰਾਂਸਫ਼ਰ ਹੋ ਗਏ। ਇਸੇ ਤਰ੍ਹਾਂ ਤੀਜੇ ਮਾਮਲੇ ’ਚ ਇਕ ਬਜ਼ੁਰਗ ਵਿਅਕਤੀ ਨੂੰ ਸੋਸ਼ਲ ਮੀਡੀਆ ’ਤੇ ਇਕ ਲਿੰਕ ਮਿਲਿਆ, ਜਿਸ ’ਚ ਵੱਡੀ ਛੋਟ ’ਤੇ ਘਰੇਲੂ ਸਾਮਾਨ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਲਿੰਕ ਖੋਲ੍ਹਦਿਆਂ ਹੀ ਇਕ ਨਕਲੀ ਵੈੱਬਸਾਈਟ ਖੁੱਲ੍ਹ ਗਈ, ਜਿੱਥੇ ਬੈਂਕ ਡੀਟੇਲ ਭਰਨ ਲਈ ਕਿਹਾ ਗਿਆ। ਜਾਣਕਾਰੀ ਭਰਦਿਆਂ ਹੀ ਖਾਤੇ ’ਚੋਂ ਹਜ਼ਾਰਾਂ ਰੁਪਏ ਨਿਕਲ ਗਏ। ----------------------- ਕਿਵੇਂ ਕੰਮ ਕਰਦਾ ਹੈ ਠੱਗਾਂ ਦਾ ਨੈੱਟਵਰਕ ਸਾਈਬਰ ਮਾਹਿਰ ਤੇ ਸੀਆਈਏ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਕੋਈ ਵੀ ਕੰਪਨੀ ਜਾਂ ਬੈਂਕ ਕਦੇ ਵੀ ਫੋਨ ਜਾਂ ਮੈਸੇਜ ਰਾਹੀਂ ਓਟੀਪੀ, ਪਿੰਨ ਜਾਂ ਪਾਸਵਰਡ ਨਹੀਂ ਮੰਗਦਾ। ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਠੱਗ ਹੀ ਹੁੰਦਾ ਹੈ। ਲੋਕ ਅਕਸਰ ਜਲਦਬਾਜ਼ੀ ਤੇ ਲਾਲਚ ’ਚ ਆ ਕੇ ਗਲਤੀ ਕਰ ਬੈਠਦੇ ਹਨ, ਜਿਸ ਦਾ ਫ਼ਾਇਦਾ ਸਾਈਬਰ ਅਪਰਾਧੀ ਚੁੱਕਦੇ ਹਨ। ਅਣਜਾਣ ਲਿੰਕਾਂ ’ਤੇ ਕਲਿੱਕ ਨਾ ਕਰੋ ਤੇ ਹਰੇਕ ਸਾਈਟ ਨਾ ਖੋਲ੍ਹੋ। ਠੱਗ ਪਹਿਲਾਂ ਲੋਕਾਂ ਦੀ ਰੁਚੀ ਤੇ ਕਮਜ਼ੋਰੀਆਂ ਨੂੰ ਸਮਝਦੇ ਹਨ। ਸਸਤੇ ਤੋਹਫ਼ੇ, ਇਨਾਮ ਜਾਂ ਭਾਰੀ ਛੋਟ ਵਰਗੇ ਸ਼ਬਦ ਲੋਕਾਂ ਨੂੰ ਫੌਰੀ ਆਪਣੇ ਵੱਲ ਖਿੱਚ ਲੈਂਦੇ ਹਨ। ਠੱਗ ਨਕਲੀ ਵੈੱਬਸਾਈਟਾਂ, ਫ਼ਰਜ਼ੀ ਐਪ ਜਾਂ ਅਸਲੀ ਵਰਗੀਆਂ ਦਿਖਣ ਵਾਲੀਆਂ ਲਿੰਕਾਂ ਤਿਆਰ ਕਰਦੇ ਹਨ। ਕਈ ਵਾਰ ਉਹ ਆਪਣੇ-ਆਪ ਨੂੰ ਕਿਸੇ ਨਾਮੀ ਕੰਪਨੀ, ਬੈਂਕ ਜਾਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਦਾ ਮੁਲਾਜ਼ਮ ਦੱਸ ਕੇ ਭਰੋਸਾ ਜਿੱਤ ਲੈਂਦੇ ਹਨ। ਇਸ ਤੋਂ ਬਾਅਦ ਓਟੀਪੀ, ਯੂਪੀਆਈ ਪਿਨ ਜਾਂ ਬੈਂਕ ਡੀਟੇਲ ਹਾਸਲ ਕਰਕੇ ਮਿੰਟਾਂ ’ਚ ਖਾਤੇ ’ਚੋਂ ਰਕਮ ਉਡਾ ਲੈਂਦੇ ਹਨ। ਬਿਨਾਂ ਵੈਰੀਫਿਕੇਸ਼ਨ ਦੇ ਕੋਈ ਵੀ ਲਿੰਕ ਨਾ ਖੋਲ੍ਹੋ। ------------------------ ਕਿਵੇਂ ਕਰੋ ਬਚਾਅ -ਕਿਸੇ ਵੀ ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ, ਭਾਵੇਂ ਉਹ ਕਿੰਨਾ ਹੀ ਆਕਰਸ਼ਕ ਕਿਉਂ ਨਾ ਲੱਗੇ। -ਓਟੀਪੀ, ਯੂਪੀਆਈ ਪਿਨ, ਬੈਂਕ ਡੀਟੇਲ ਜਾਂ ਪਾਸਵਰਡ ਕਿਸੇ ਨਾਲ ਵੀ ਸਾਂਝੇ ਨਾ ਕਰੋ। -ਮੁਫ਼ਤ ਤੋਹਫ਼ੇ, ਇਨਾਮ ਜਾਂ ਭਾਰੀ ਛੋਟ ਵਾਲੇ ਮੈਸੇਜਾਂ ਤੇ ਕਾਲਾਂ ਤੋਂ ਸਾਵਧਾਨ ਰਹੋ। -ਕਿਸੇ ਵੀ ਆਫ਼ਰ ਦੀ ਸੱਚਾਈ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਜਾਂ ਕਸਟਮਰ ਕੇਅਰ ਤੋਂ ਪੱਕੀ ਕਰੋ। -ਮੋਬਾਈਲ ’ਚ ਅਣਜਾਣ ਐਪ ਡਾਊਨਲੋਡ ਕਰਨ ਤੋਂ ਬਚੋ। -ਬੈਂਕ ਅਲਰਟ ਤੇ ਮੈਸੇਜ ਨਿਯਮਤ ਤੌਰ ’ਤੇ ਚੈੱਕ ਕਰਦੇ ਰਹੋ। ---------------------- ਜੇ ਕੋਈ ਵਿਅਕਤੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਬਿਨਾਂ ਦੇਰ ਕੀਤੇ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਵੇ। ਇਸ ਤੋਂ ਇਲਾਵਾ cybercrime.gov.in ਪੋਰਟਲ ’ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਸਮੇਂ ਸਿਰ ਸ਼ਿਕਾਇਤ ਕਰਨ ਨਾਲ ਕਈ ਮਾਮਲਿਆਂ ’ਚ ਰਕਮ ਵਾਪਸ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ। ਆਮ ਲੋਕਾਂ ਨੂੰ ਅਪੀਲ ਹੈ ਕਿ ਉਹ ਜਾਗਰੂਕ ਰਹਿਣ ਤੇ ਹੋਰਨਾਂ ਨੂੰ ਵੀ ਅਜਿਹੇ ਸਾਈਬਰ ਧੋਖਾਧੜੀ ਬਾਰੇ ਜਾਣਕਾਰੀ ਦੇਣ। ਥੋੜ੍ਹੀ ਜਿਹੀ ਸਾਵਧਾਨੀ ਤੇ ਚੌਕਸੀ ਨਾਲ ਵੱਡੇ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।