ਰੁੜਕਾ ਕਲਾਂ ’ਚ ਵੀ ਗੂੰਜੀਆਂ ਫੀਫਾ ਵਰਲਡ ਕੱਪ ਦੀਆਂ ਖੁਸ਼ੀਆਂ
ਫੀਫਾ ਵਰਲਡ ਕੱਪ ਦੀਆਂ ਖੁਸ਼ੀਆਂ ਰੁੜਕਾ ਕਲਾਂ ’ਚ ਵੀ ਗੂੰਜੀਆਂ
Publish Date: Thu, 11 Jun 2026 08:01 PM (IST)
Updated Date: Thu, 11 Jun 2026 08:02 PM (IST)

-ਵਾਈਐੱਫਸੀ ਵੱਲੋਂ ਸੈਂਕੜੇ ਬੱਚਿਆਂ ਨਾਲ ਮਨਾਇਆ ਉਦਘਾਟਨੀ ਸਮਾਗਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਫੀਫਾ ਵਰਲਡ ਕੱਪ ਦੇ ਆਗਾਜ਼ ਨਾਲ ਜਿੱਥੇ ਦੁਨੀਆ ਭਰ ’ਚ ਫੁੱਟਬਾਲ ਪ੍ਰੇਮੀਆਂ ’ਚ ਉਤਸ਼ਾਹ ਦੀ ਲਹਿਰ ਦੌੜ ਗਈ ਹੈ, ਉੱਥੇ ਹੀ ਪੰਜਾਬ ਦੇ ਪਿੰਡ ਰੁੜਕਾ ਕਲਾਂ ’ਚ ਵੀ ਇਸ ਵਿਸ਼ਵ ਪੱਧਰੀ ਖੇਡ ਮਹਾਂਕੁੰਭ ਦੀ ਸ਼ੁਰੂਆਤ ਨੂੰ ਵਿਲੱਖਣ ਢੰਗ ਨਾਲ ਮਨਾਇਆ ਗਿਆ। ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਵਾਈਐੱਫਸੀ ਜਨਰੇਸ਼ਨ ਅਮੇਜ਼ਿੰਗ ਕਮਿਊਨਿਟੀ ਕਲੱਬ ਵਿਖੇ ਵਿਸ਼ੇਸ਼ ਉਦਘਾਟਨੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕਰੀਬ 200 ਖਿਡਾਰੀ ਬੱਚਿਆਂ, ਕੋਚਾਂ ਤੇ ਕਮਿਊਨਿਟੀ ਮੈਂਬਰਾਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਬੱਚਿਆਂ ਨੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੀ ਨੁਮਾਇੰਦਗੀ ਕਰਦਿਆਂ ਉਨ੍ਹਾਂ ਦੇ ਰਾਸ਼ਟਰੀ ਝੰਡਿਆਂ ਤੇ ਜਰਸੀਆਂ ਨਾਲ ਸ਼ਾਨਦਾਰ ਮਾਰਚ ਪਾਸਟ ਕੀਤੀ। ਰੰਗ-ਬਿਰੰਗੇ ਝੰਡਿਆਂ ਅਤੇ ਖੇਡ ਭਾਵਨਾ ਨਾਲ ਭਰਪੂਰ ਮਾਹੌਲ ਨੇ ਪੂਰੇ ਕੈਂਪਸ ਨੂੰ ਇਕ ਛੋਟੇ ਵਿਸ਼ਵ ਕੱਪ ਸਟੇਡੀਅਮ ਦਾ ਰੂਪ ਦਿੱਤਾ। ਬੱਚਿਆਂ ਨੇ ਖੇਡਾਂ ਰਾਹੀਂ ਏਕਤਾ, ਦੋਸਤੀ ਤੇ ਭਾਈਚਾਰੇ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਕੇਕ ਕੱਟ ਕੇ ਫੀਫਾ ਵਰਲਡ ਕੱਪ ਦੇ ਆਗਾਜ਼ ਦਾ ਜਸ਼ਨ ਮਨਾਇਆ ਗਿਆ। ਸਮਾਗਮ ’ਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਕਈ ਪ੍ਰਸਿੱਧ ਮਹਿਮਾਨਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਪਰੋਮੀਤਾ ਸਿਤ (ਭਾਰਤ ਮਹਿਲਾ ਅੰਡਰ-20 ਰਾਸ਼ਟਰੀ ਫੁੱਟਬਾਲ ਟੀਮ ਦੀ ਸਹਾਇਕ ਕੋਚ ਅਤੇ ਨੀਤਾ ਫੁੱਟਬਾਲ ਅਕੈਡਮੀ ਦੀ ਮੁੱਖ ਕੋਚ), ਕਰਿਸਪਿਨ ਛੇਤਰੀ (ਭਾਰਤੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਦੇ ਮੁੱਖ ਕੋਚ), ਨਿਵੇਥਾ (ਭਾਰਤ ਮਹਿਲਾ ਅੰਡਰ-20 ਟੀਮ ਦੀ ਸਹਾਇਕ ਕੋਚ), ਜੋਆਕਿਮ ਅਲੈਕਜ਼ੈਂਡਰਸਨ (ਸਵੀਡਨ ਦੇ ਫੁੱਟਬਾਲ ਵਿਕਾਸ ਮਾਹਿਰ) ਅਤੇ ਵਿਵੇਕ ਨਾਗੁਲ (ਹੈੱਡ ਆਫ ਕੋਚ ਡਿਵੈਲਪਮੈਂਟ) ਨੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਖੇਡਾਂ ਰਾਹੀਂ ਆਪਣੇ ਸੁਪਨੇ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ। ਵਾਈਐੱਫਸੀ ਰੁੜਕਾ ਕਲਾਂ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਕਿਹਾ ਕਿ ਵਾਈਐੱਫਸੀ ਜਨਰੇਸ਼ਨ ਅਮੇਜ਼ਿੰਗ ਕਮਿਊਨਿਟੀ ਕਲੱਬ ਫੁੱਟਬਾਲ ਦੀ ਉਸ ਤਾਕਤ ਦਾ ਪ੍ਰਤੀਕ ਹੈ ਜੋ ਨੌਜਵਾਨਾਂ ਨੂੰ ਜੋੜਦੀ, ਉਨ੍ਹਾਂ ਨੂੰ ਨਵੀਆਂ ਦਿਸ਼ਾਵਾਂ ਦਿੰਦੀ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਂਦੀ ਹੈ। ਗੁਰਮੰਗਲ ਦਾਸ ਸੋਨੀ ਨੇ ਕਿਹਾ ਕਿ ਇਹ ਸਿਰਫ਼ ਇਕ ਖੇਡ ਕੇਂਦਰ ਨਹੀਂ, ਸਗੋਂ ਨੌਜਵਾਨਾਂ ਦੇ ਵਿਕਾਸ, ਸਿੱਖਿਆ, ਲੀਡਰਸ਼ਿਪ, ਸਿਹਤ ਅਤੇ ਸਮਾਜਿਕ ਸ਼ਮੂਲੀਅਤ ਦਾ ਕੇਂਦਰ ਵੀ ਹੈ। ਹਰ ਰੋਜ਼ ਇੱਥੇ ਪੇਂਡੂ ਖੇਤਰਾਂ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਰਾਹੀਂ ਸਿੱਖਣ, ਆਪਣੀਆਂ ਯੋਗਤਾਵਾਂ ਨੂੰ ਨਿਖਾਰਣ ਤੇ ਆਪਣੇ ਸੁਪਨੇ ਪੂਰੇ ਕਰਨ ਦੇ ਮੌਕੇ ਮਿਲਦੇ ਹਨ।