ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਦੇ ਵਿਆਹ ਮੌਕੇ ਛਤਰ ਝੁਲਾਉਣ ਤੇ ਚੌਰ ਸਾਹਿਬ ਕਰਵਾਏ ਜਾਣ ਦੀ ਵੀਡੀਓ ਵਾਇਰਲ ਹੋਣ 'ਤੇ ਸੋਸ਼ਲ ਮੀਡੀਆ 'ਤੇ ਉਠਾਏ ਇਤਰਾਜ਼ ਤੋਂ ਹੁਣ ਗੋਵਿੰਦ ਸਿੰਘ ਸੰਧੂ ਨੇ ਸ਼ਹਿਜ਼ਾਦਪੁਰ ਰਿਆਸਤ ਦੇ ਲੈਟਰਪੈਡ 'ਤੇ ਸਪੱਸ਼ਟੀਕਰਨ ਦਿੱਤਾ ਅਤੇ ਸਿੱਖ ਕੌਮ ਤੋਂ ਹੱਥ ਜੋੜ ਕੇ ਮਾਫ਼ੀ ਮੰਗੀ।

ਜਲੰਧਰ : ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਦੇ ਵਿਆਹ ਮੌਕੇ ਛਤਰ ਝੁਲਾਉਣ ਤੇ ਚੌਰ ਸਾਹਿਬ ਕਰਵਾਏ ਜਾਣ ਦੀ ਵੀਡੀਓ ਵਾਇਰਲ ਹੋਣ 'ਤੇ ਸੋਸ਼ਲ ਮੀਡੀਆ 'ਤੇ ਉਠਾਏ ਇਤਰਾਜ਼ ਤੋਂ ਹੁਣ ਗੋਵਿੰਦ ਸਿੰਘ ਸੰਧੂ ਨੇ ਸ਼ਹਿਜ਼ਾਦਪੁਰ ਰਿਆਸਤ ਦੇ ਲੈਟਰਪੈਡ 'ਤੇ ਸਪੱਸ਼ਟੀਕਰਨ ਦਿੱਤਾ ਅਤੇ ਸਿੱਖ ਕੌਮ ਤੋਂ ਹੱਥ ਜੋੜ ਕੇ ਮਾਫ਼ੀ ਮੰਗੀ।
ਉਸ ਨੇ ਲਿਖਿਆ, ਉਸ ਦੇ ਵਿਆਹ ਸਮਾਗਮ ਵਿੱਚ ਛਤਰ ਝੁਲਾਉਣ ਅਤੇ ਚੌਰ ਸਾਹਿਬ ਕਰਵਾਏ ਜਾਣ ਬਾਬਤ ਸੋਸ਼ਲ ਮੀਡੀਆ 'ਤੇ ਪ੍ਰਗਟਾਇਆ ਗਿਆ ਇਤਰਾਜ਼ ਮੇਰੇ ਧਿਆਨ ਵਿੱਚ ਆਇਆ ਹੈ। ਕਿਉਂਕਿ ਇਹ ਇਤਰਾਜ਼ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਸਿੱਖ ਭਾਵਨਾਵਾਂ ਨੁੰ ਲੈ ਕੇ ਪ੍ਰਗਟਾਇਆ ਗਿਆ ਹੈ। ਇਸ ਲਈ ਇਸ 'ਤੇ ਆਪਣਾ ਪੱਖ ਸਪੱਸ਼ਟ ਕਰਨਾ ਮੈਂ ਇੱਕ ਨਿਮਾਣੇ ਸਿੱਖ ਵਜੋਂ ਆਪਣਾ ਫ਼ਰਜ਼ ਸਮਝਦਾ ਹਾਂ।
ਉਨ੍ਹਾਂ ਕਿਹਾ ਕਿ ਛਤਰ ਛੁਲਾਉਣਾ ਅਤੇ ਚੌਰ ਸਾਹਿਬ ਕਰਵਾਉਣਾ ਪੁਰਾਤਨ ਰਿਆਸਤੀ ਵਿਆਹ ਸਮਾਗਮਾਂ ਦੀ ਪਰੰਪਰਾ ਦਾ ਇੱਕ ਹਿੱਸਾ ਰਿਹਾ ਹੈ ਅਤੇ ਇਹ ਰਸਮਾਂ ਪੀੜ੍ਹੀ ਦਰ ਪੀੜ੍ਹੀ ਚਲਦੀਆਂ ਆਈਆਂ ਹਨ। ਸ਼ਾਹਜ਼ਾਦਪੁਰ ਰਿਆਸਤ ਦੇ ਘਰਾਣ ਦੇ ਵੰਸ਼ ਹੋਣ ਕਾਰਨ ਜੰਝ ਚੜ੍ਹਨ ਦੀ ਰਸਮ ਵੀ ਸ਼ਾਹਜ਼ਾਦਪੁਰ ਰਿਆਸਤ ਦੀ ਪਰੰਪਰਾ ਦੀ ਤਰਜ਼ 'ਤੇ ਹੀ ਸਤਿਕਾਰ ਵਜੋਂ ਨਿਭਾਉਣ ਦਾ ਯਤਨ ਕੀਤਾ ਗਿਆ ਸੀ।
ਪਰ ਇੱਥੇ ਇਹ ਵੀ ਸੱਚ ਹੈ ਕਿ ਰਿਆਸਤਾਂ ਦੇ ਦੌਰ ਤੋਂ ਬਾਅਦ ਹੁਣ ਇਹ ਸਿਤਕਾਰ ਸਿਰਫ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰਾਖਵਾਂ ਹੈ ਅਤੇ ਸਿੱਖਾਂ ਦੇ ਚਵਰ ਛਤਰ ਤਖ਼ਤ ਦੇ ਮਾਲਕ ਸਿਰਫ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜਿਨ੍ਹਾਂ ਦੀ ਅਪਾਰ ਬਖ਼ਸ਼ਿਸ਼ ਸਦਕਾ ਹੀ ਅਸੀਂ ਖੁ਼ਸੀਆਂ ਮਾਣ ਰਹੇ ਹਾਂ ਅਤੇ ਜਿਨ੍ਹਾਂ ਦੀ ਸ਼ਾਨ ਦੀ ਬਰਾਬਰਤਾ ਕਰਨ ਦੀ ਹਿੰਮਤ ਬਾਰੇ ਕੋਈ ਮਨੁੱਖ ਸੋਚ ਵੀ ਨਹੀਂ ਸਕਦਾ।
ਇਸ ਲਈ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਦਸ ਮਿੰਟ ਦੀ ਨਿਭਾਈ ਇਸ ਰਸਮੀ ਪਰੰਪਰਾ ਨੂੰ ਗੁਰੂ ਸਾਹਿਬਾਨ ਜੀ ਦੇ ਸਦੀਵੀ ਮਹਾਨਤਾ ਦੀ ਬਰਾਬਰਤਾ ਨਾ ਸਮਝਿਆ ਜਾਵੇ ਕਿਉਂਕਿ ਧੰਨ ਸ੍ਰੀ ਗੁਰੂ ਗ੍ਰੰਥੀ ਸਾਹਿਬ ਜੀ ਦੇ ਬਰਾਬਰ ਨਾ ਕਦੇ ਕੋਈ ਸੀ, ਨਾ ਕੋਈ ਹੈ ਅਤੇ ਨਾ ਹੀ ਕੋਈ ਹੋ ਸਕਦਾ ਹੈ। ਇਸ ਗਲਤੀ ਦੀ ਪੂਰਨ ਜ਼ਿੰਮੇਵਾਰੀ ਮੈਂ ਖ਼ੁਦ ਲੈਂਦਾ ਹਾਂ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੌਰ ਸਾਹਿਬ ਝੁਲਾਉਣਾ ਗਲਤ ਸੀ ਜਿਸ ਲਈ ਮੈਂ ਸਮੂਹ ਸਿੱਖ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ ਅਤੇ ਆਸ ਕਰਦਾ ਹਾਂ ਕਿ ਅਣਜਾਣੇ ਵਿੱਚ ਹੋਈ ਭੁੱਲ ਦੀ ਮਾਫ਼ੀ ਤੁਸੀਂ ਮੇਰੇ ਨਿਮਾਣੇ ਸਿੱਖ ਦੀ ਝੋਲੀ ਪਾਉਗੇ ਜਿਸ ਦੀ ਅਰਦਾਸ ਬੇਨਤੀ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਕਰਾਂਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੋਵਿੰਦ ਸਿੰਘ ਸੰਧੂ ਦੇ ਵਿਆਹ ਮੌਕੇ ਛਤਰ ਝੁਲਾਉਣ ਅਤੇ ਚੌਰ ਸਾਹਿਬ ਕਰਵਾਏ ਜਾਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਵਿਵਾਦ ਵਧ ਗਿਆ ਸੀ।