ਠੰਢੇ ਹੋਣ ਲੱਗੇ ਲੋਕਾਂ ਦੇ ਚੁੱਲ੍ਹੇ
ਜੰਗ ਦਾ ਸੇਕ ਪਿੰਡਾਂ ਤੱਕ ਵੀ ਪੁੱਜਣ ਲੱਗਾ, ਲੋਕਾਂ ਦੇ ਚੁੱਲ੍ਹੇ ਹੋਣ ਲੱਗੇ ਠੰਢੇ
Publish Date: Thu, 12 Mar 2026 09:32 PM (IST)
Updated Date: Thu, 12 Mar 2026 09:33 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਪਿਛਲੇ ਸਮੇਂ ਤੋਂ ਸੰਸਾਰ ਦੇ ਦੇਸ਼ਾਂ ਵੱਲੋਂ ਜਿਹੜੀ ਲੜਾਈ ਲੜੀ ਜਾ ਰਹੀ ਹੈ, ਉਸਦਾ ਸੇਕ ਭਾਰਤ ਦੇ ਪਿੰਡਾਂ ਦੇ ਲੋਕਾਂ ਤੱਕ ਵੀ ਪੁੱਜਣਾ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਘਰੇਲੂ ਗੈਸ ਦੀ ਕਿੱਲਤ ਆਉਣੀ ਸ਼ੁਰੂ ਹੋ ਗਈ ਹੈ। ਕੰਪਿਊਟਰ ’ਤੇ ਗੈਸ ਦੀ ਬੁਕਿੰਗ ਬੰਦ ਹੋ ਜਾਣ ਕਰਕੇ ਲੋਕਾਂ ’ਚ ਬੇਭਰੋਸਗੀ ਫੈਲ ਰਹੀ ਹੈ। ਪਿੰਡਾਂ ਦੇ ਲੋਕ ਗੈਸ ਸਿਲੰਡਰ ਭਰਵਾਉਣ ਲਈ ਗੈਸ ਏਜੰਸੀ ਦੇ ਦਫ਼ਤਰ ਵਿਖੇ ਪੁੱਜ ਰਹੇ ਹਨ। ਲੋਕਾਂ ਵਿਚ ਇਹ ਭਾਵਨਾ ਘਰ ਕਰਦੀ ਜਾ ਰਹੀ ਹੈ ਕਿ ਸ਼ਾਇਦ ਗੈਸ ਮਿਲਣੋਂ ਹੀ ਬੰਦ ਨਾ ਹੋ ਜਾਵੇ ਤੇ ਇਹਤਿਆਤ ਵਜੋਂ ਵੱਧ ਤੋਂ ਵੱਧ ਗੈਸ ਸਿਲੰਡਰ ਭਰਵਾ ਲਏ ਜਾਣ। ਸਥਾਨਕ ਖਿੰਡਾ ਗੈਸ ਏਜੰਸੀ ’ਤੇ ਲੋਕਾਂ ਵੱਲੋਂ ਗੈਸ ਦੀ ਬੁਕਿੰਗ ਕਰਵਾਈ ਜਾ ਰਹੀ ਹੈ ਤੇ ਕਈ ਲੋਕਾਂ ਪੱਲੇ ਨਿਰਾਸ਼ਾ ਹੀ ਪੈ ਰਹੀ ਹੈ ਕਿ ਗੈਸ ਏਜੰਸੀ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਲੋਕਾਂ ਦੀ ਬੁਕਿੰਗ ਨਹੀਂ ਕੀਤੀ ਜਾ ਰਹੀ, ਜਿਨ੍ਹਾਂ ਵੱਲੋਂ ਗੈਸ ਭਰਵਾਉਣ ਲਈ 25 ਦਿਨ ਨਹੀਂ ਹੋਏ। ਕਈ ਲੋਕਾਂ ਵੱਲੋਂ ਇਕ ਸਾਲ ’ਚ 15 ਸਿਲੰਡਰ ਪਹਿਲਾਂ ਹੀ ਲਏ ਜਾਣ ਕਰਕੇ ਵੀ ਨਿਰਾਸ਼ ਹੋ ਰਹੇ ਹਨ।