ਨੰਬਰਦਾਰਾਂ ਦਾ ਮਾਣ ਭੱਤਾ ਦੁੱਗਣਾ ਕਰਨ ਦੀ ਮੰਗ ਪੂਰੀ ਹੋਵੇ : ਹੇਅਰ
ਸਰਕਾਰ ਪੇਸ਼ ਕੀਤੇ ਜਾ ਰਹੇ ਬਜਟ ’ਚ ਨੰਬਰਦਾਰਾਂ ਦਾ ਮਾਣ ਭੱਤਾ ਦੁਗਣਾ ਕਰਨ ਦੀ ਮੰਗ ਪੂਰੀ ਕਰੇ - ਪ੍ਰਧਾਨ ਹੇਅਰ
Publish Date: Wed, 25 Feb 2026 09:30 PM (IST)
Updated Date: Wed, 25 Feb 2026 09:34 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਪੰਜਾਬ ਸਰਕਾਰ ਦੇ ਪੇਸ਼ ਹੋ ਰਹੇ ਬਜਟ ’ਚ ਮਾਨ ਸਰਕਾਰ ਨੰਬਰਦਾਰਾਂ ਦਾ ਮਾਣ ਭੱਤਾ ਦੁਗਣਾ ਕਰਕੇ ਆਪਣਾ ਵਾਅਦਾ ਪੂਰਾ ਕਰੇ। ਇਹ ਵਿਚਾਰ ਤਹਿਸੀਲ ਪ੍ਰਧਾਨ ਨੰਬਰਦਾਰ ਯੂਨੀਅਨ ਨਕੋਦਰ ਸੁਰਜੀਤ ਸਿੰਘ ਹੇਅਰ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਵਾਰ ਵੀ ਨੰਬਰਦਾਰਾਂ ਨੂੰ ਲਾਰਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਪੂਰੇ ਪੰਜਾਬ ਦੇ ਨੰਬਰਦਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਲਾਰਾ ਲਾਉਣ ਲਈ ਮਜਬੂਰ ਹੋਣਗੇ। ਹੇਅਰ ਨੇ ਅੱਗੇ ਕਿਹਾ ਕਿ ਅਸੀਂ ਸਰਕਾਰ ਦੀ ਨੰਬਰਦਾਰਾਂ ਪ੍ਰਤੀ ਬੇਰੁਖੀ ਤੋਂ ਅੱਕ ਚੁੱਕੇ ਹਾਂ ਇਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ, ਕਿਉਂਕਿ 2022 ਦੀ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਨੰਬਰਦਾਰਾ ਨਾਲ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਤੁਰੰਤ ਨੰਬਰਦਾਰ ਦੀਆਂ ਦੋ ਮੰਗਾਂ ਜਿਸ ’ਚ ਮਾਣ ਪੱਤਾ ਦੁੱਗਣਾ ਕਰਨਾ ਤੇ ਨੰਬਰਦਾਰੀ ਜੱਦੀ ਪੁਸ਼ਟੀ ਕਰਨਾ ਲਾਗੂ ਕੀਤਾ ਜਾਵੇਗਾ। ਪੂਰੇ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਸਰਕਾਰ ਆਪਣੇ ਵਾਅਦੇ ’ਤੇ ਖ਼ਰੀ ਨਹੀਂ ਉਤਰੀ ਤੇ ਸਵਾਏ ਲਾਅਰਿਆਂ ਤੋਂ ਪੱਲੇ ਕੁਝ ਨਹੀਂ ਪਾਇਆ। ਇਸ ਸਬੰਧੀ ਬਹੁਤ ਜਲਦੀ ਪੰਜਾਬ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਹਰਕੰਵਲ ਸਿੰਘ ਮੁੰਧ ਨਾਲ ਸੂਬਾ ਬਾਡੀ ਦੀ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕਰਕੇ ਸਰਕਾਰ ਨੂੰ ਸਬਕ ਸਿਖਾਉਣ ਲਈ ਨੰਬਰਦਾਰਾ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਰਾਜ ਕੁਮਾਰ ਮਹਿੰਮੀ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ, ਗੁਰਦੇਵ ਸਿੰਘ, ਗੁਰਸ਼ਰਨ ਸਿੰਘ, ਸੁਖਦੇਵ ਸਿੰਘ, ਬਲਦੀਸ਼ ਸਿੰਘ, ਰਤਨ ਰਾਏ, ਕੁਲਰਾਜ ਸਿੰਘ ਤੇ ਜੁਗਰਾਜ ਸਿੰਘ ਆਦਿ ਹਾਜ਼ਰ ਸਨ।