ਫਰਵਰੀ ਦੇ ਪਹਿਲੇ ਦਿਨ ਰਾਹਤ ਦੀ ਸੌਗਾਤ, ਟੈਕਸ ’ਚ ਰਾਹਤ ਦੀ ਰਹੀ ਦਰਕਾਰ

-------------ਤਸਵੀਰ ਹਿੰਦੀ ਚੋਂ 10--------------
- ਜੁੱਤਿਆਂ ਤੋਂ ਲੈ ਕੇ ਕੱਪੜੇ ਤੇ ਦਵਾਈਆਂ ਤੋਂ ਲੈ ਕੇ ਨਿੱਜੀ ਵਰਤੋਂ ਵਾਲੀਆਂ ਵਸਤੂਆਂ ’ਤੇ ਟੈਰਿਫ ਘਟਾਉਣ ਦਾ ਫੈਸਲਾ ਲੋਕ ਹਿੱਤ ’ਚ
- ਹਰ ਵਰਗ ਨੂੰ ਮਿਲੇਗਾ ਲਾਭ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐਤਵਾਰ ਭਾਵ ਛੁੱਟੀ ਵਾਲਾ ਦਿਨ। ਸਵੇਰੇ 11:30 ਵੱਜ ਰਹੇ ਸਨ। ਅਸ਼ੋਕ ਨਗਰ ਨੇੜੇ ਦਿਆਲ ਨਗਰ ’ਚ ਰਹਿੰਦੇ ਵਪਾਰੀ ਤੇ ਅਲਾਇੰਸ ਕਲੱਬ ਪੰਜਾਬ ਦੇ ਸੰਸਥਾਪਕ ਗਵਰਨਰ ਗੁਰਵਿੰਦਰ ਸਿੰਘ ਜੱਜ ਫੋਨ ’ਤੇ ਗੱਲ ਕਰਦੇ-ਕਰਦੇ ਆਪਣੇ ਕਮਰੇ ਤੋਂ ਡਰਾਇੰਗ ਰੂਮ ’ਚ ਆ ਗਏ। ਪੁੱਤਰ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਪਿਤਾ ਹਰਜੀਤ ਸਿੰਘ ਜੱਜ ਨੇ ਪੁੱਛਿਆ ਕਿ ਅੱਜ ਛੁੱਟੀ ਵਾਲੇ ਦਿਨ ਵੀ ਫੋਨ ’ਤੇ ਕਿਥੇ ਜਾਣ ਦੀ ਯੋਜਨਾ ਬਣ ਰਹੀ ਹੈ। ਇਸ ’ਤੇ ਜੀਐੱਸ ਜੱਜ ਨੇ ਦੱਸਿਆ ਕਿ ਇਹ ਕਾਲ ਉਨ੍ਹਾਂ ਦੇ ਇਕ ਦੋਸਤ ਦੀ ਸੀ, ਜੋ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨਾਲ ਵਿਦੇਸ਼ ਯਾਤਰਾ ਦੀ ਯੋਜਨਾ ਬਣਾ ਰਿਹਾ ਸੀ। ਉਸੇ ਦੋਸਤ ਨੇ ਉਨ੍ਹਾਂ ਨੂੰ ਇਸ ਵਾਰ ਦੇ ਕੇਂਦਰੀ ਬਜਟ ’ਚ ਵਿਦੇਸ਼ ਯਾਤਰਾ ਸਸਤੀ ਹੋਣ ਦੀ ਖ਼ਬਰ ਦਿੱਤੀ ਹੈ। ਇਸ ਜਾਣਕਾਰੀ ਤੋਂ ਬਾਅਦ ਉਹ ਵਿਦੇਸ਼ ਯਾਤਰਾ ਦੀ ਅਗਲੀ ਯੋਜਨਾ ਨੂੰ ਅੰਤਿਮ ਰੂਪ ਦੇ ਰਹੇ ਸਨ। ਹਰਜੀਤ ਸਿੰਘ ਨੇ ਫਿਰ ਪੁੱਛਿਆ ਕਿ ਕੀ ਇਸ ਵਾਰ ਬਜਟ ’ਚ ਸਿਰਫ਼ ਵਿਦੇਸ਼ ਯਾਤਰਾ ਹੀ ਸਸਤੀ ਹੋਈ ਹੈ? ਇਸ ’ਤੇ ਗੁਰਵਿੰਦਰ ਸਿੰਘ ਜੱਜ ਨੇ ਮੋਬਾਈਲ ਆਨ ਕਰ ਕੇ ਪਹਿਲਾਂ ਖੁਦ ਜਾਣਕਾਰੀ ਲਈ ਤੇ ਫਿਰ ਐਤਵਾਰ ਨੂੰ ਜਾਰੀ ਹੋਏ ਕੇਂਦਰੀ ਬਜਟ ਦੀਆਂ ਹੋਰ ਬਰੀਕੀਆਂ ਪਿਤਾ ਨੂੰ ਸਮਝਾਉਣ ਲੱਗ ਪਏ। ਨਾਸ਼ਤੇ ਤੋਂ ਬਾਅਦ ਪਿਤਾ-ਪੁੱਤਰ ਦੀ ਗੱਲਬਾਤ ’ਚ ਗੁਰਵਿੰਦਰ ਸਿੰਘ ਦਾ ਭਰਾ ਭੁਪਿੰਦਰ ਸਿੰਘ ਤੇ ਭਾਬੀ ਗੁਰਦੀਪ ਕੌਰ ਵੀ ਸ਼ਾਮਲ ਹੋ ਗਏ। ਵਿਦੇਸ਼ ਯਾਤਰਾ ਦੀ ਗੱਲ ਗੁਰਵਿੰਦਰ ਸਿੰਘ ਜੱਜ ਦੀ ਧੀ ਰਵਲੀਨ ਕੌਰ ਦੇ ਕੰਨਾਂ ਤੱਕ ਪਹੁੰਚੀ ਤਾਂ ਉਹ ਵੀ ਰਸੋਈ ਤੋਂ ਨਿਕਲ ਕੇ ਸਿੱਧੀ ਡਰਾਇੰਗ ਰੂਮ ’ਚ ਆ ਗਈ। ਰਵਲੀਨ ਨੇ ਕਿਹਾ ਕਿ ਜੇ ਵਿਦੇਸ਼ ਯਾਤਰਾ ਸਸਤੀ ਹੋ ਗਈ ਹੈ ਤਾਂ ਇਸ ਵਾਰ ਉਹ ਵੀ ਜਾਵੇਗੀ। ਇਸ ਦੌਰਾਨ ਗੁਰਵਿੰਦਰ ਸਿੰਘ ਦੇ ਪਿੱਛੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਵੀ ਆਪਣੀ ਭਾਬੀ ਜਸਮੀਤ ਕੌਰ ਨੂੰ ਨਾਲ ਲੈ ਕੇ ਸਹੁਰਾ ਹਰਜੀਤ ਸਿੰਘ ਜੱਜ ਤੇ ਬੱਚਿਆਂ ਨਾਲ ਹੋ ਰਹੀ ਚਰਚਾ ਦਾ ਹਿੱਸਾ ਬਣ ਗਈ। ਗੁਰਵਿੰਦਰ ਸਿੰਘ ਦੀਆਂ ਗੱਲਾਂ ’ਚ ਸੁਰਜੀਤ ਸਿੰਘ ਨੇ ਦਵਾਈਆਂ ਦੇ ਭਾਅ ਘਟਣ ਬਾਰੇ ਗੱਲ ਅੱਗੇ ਵਧਾਉਂਦੇ ਹੋਏ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਨਿਸ਼ਚਿਤ ਤੌਰ ’ਤੇ ਉਨ੍ਹਾਂ ਦੇ ਦਵਾਈਆਂ ਦੇ ਬਜਟ ’ਚ 20 ਤੋਂ 30 ਫ਼ੀਸਦੀ ਤੱਕ ਕਮੀ ਆਵੇਗੀ। ਖ਼ਾਸ ਕਰ ਕੇ ਸ਼ੂਗਰ ਦੀ ਦਵਾਈ ਸਸਤੀ ਹੋਣ ਨਾਲ ਸਿਰਫ਼ ਉਨ੍ਹਾਂ ਨੂੰ ਹੀ ਨਹੀਂ, ਸਗੋਂ ਕਾਲੋਨੀ ਦੇ ਉਨਾਂ ਕਈ ਲੋਕਾਂ ਨੂੰ ਵੀ ਲਾਭ ਮਿਲੇਗਾ ਜੋ ਇਸ ਬੀਮਾਰੀ ਨਾਲ ਪੀੜਤ ਹਨ। ਇਸ ਵਿਚਕਾਰ ਬਿਜਲੀ ਚਲੀ ਗਈ ਤਾਂ ਕੁਲਵਿੰਦਰ ਕੌਰ ਨੇ ਕਿਹਾ ਕਿ ਘਰ ਦੀ ਇਨਵਰਟਰ ਦੀ ਬੈਟਰੀ ਵੀ ਬਦਲਣੀ ਹੈ। ਬਜਟ ਸੈਸ਼ਨ ਦੇਖ ਚੁੱਕੀ ਰਵਲੀਨ ਨੇ ਕਿਹਾ ਕਿ ਇਸ ਵਾਰ ਲਿਥੀਅਮ ’ਤੇ ਕਸਟਮ ਡਿਊਟੀ ’ਚ ਛੂਟ ਮਿਲਣ ਨਾਲ ਬੈਟਰੀਆਂ ਦੇ ਭਾਅ ’ਤੇ ਵੀ ਅਸਰ ਪਵੇਗਾ। ਇਸ ਲਈ ਘਰ ਦੀ ਬੈਟਰੀ ਬਦਲਣ ਲਈ ਇਹ ਬਿਹਤਰ ਸਮਾਂ ਹੈ। ਬਿਜਲੀ ਬਾਰੇ ਗੱਲਬਾਤ ਚੱਲ ਹੀ ਰਹੀ ਸੀ ਕਿ ਹਰਜੀਤ ਸਿੰਘ ਦੇ ਦੂਜੇ ਪੁੱਤਰ ਭੁਪਿੰਦਰ ਸਿੰਘ ਨੇ ਕਿਹਾ ਕਿ ਸੌਲਰ ਨਾਲ ਜੁੜੀਆਂ ਚੀਜ਼ਾਂ ਵੀ ਬਜਟ ’ਚ ਸਸਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਅਜਿਹੀ ਸਥਿਤ ’ਚ ਇਨਵਰਟਰ ਦੀ ਬੈਟਰੀ ਤੋਂ ਪਹਿਲਾਂ ਸੌਲਰ ਪ੍ਰੋਜੈਕਟ ਲਗਾਉਣ ਦੀ ਯੋਜਨਾ ਵੀ ਬਣਾਈ ਜਾ ਸਕਦੀ ਹੈ। ਇਸ ’ਤੇ ਸਹਿਮਤੀ ਜਤਾਉਂਦੇ ਹੋਏ ਗੁਰਦੀਪ ਕੌਰ ਨੇ ਕਿਹਾ ਕਿ ਜੇਕਰ ਇਕ ਵਾਰ ਸੌਲਰ ਪ੍ਰੋਜੈਕਟ ਲੱਗ ਗਿਆ ਤਾਂ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲ ਦੀ ਟੈਂਸ਼ਨ ਹੀ ਖਤਮ ਹੋ ਜਾਵੇਗੀ। ਉੱਪਰੋਂ ਇਸ ਬਜਟ ’ਚ ਸੌਲਰ ਨਾਲ ਜੁੜੀਆਂ ਚੀਜ਼ਾਂ ਸਸਤੀ ਹੋਣ ਦਾ ਲਾਭ ਵੀ ਮਿਲੇਗਾ। ਜਸਮੀਤ ਕੌਰ ਨੇ ਫਰਵਰੀ ਮਹੀਨੇ ਸ਼ੁਰੂ ਹੋ ਰਹੇ ਵਿਆਹਾਂ ਦੇ ਸੀਜ਼ਨ ਦੌਰਾਨ ਦੋ-ਤਿੰਨ ਵਿਆਹਾਂ ਤੇ ਉਨ੍ਹਾਂ ’ਤੇ ਹੋਣ ਵਾਲੇ ਖਰਚ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਇਸ ’ਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਕੱਪੜਿਆਂ ਦੀ ਚਿੰਤਾ ਨਾ ਕਰੋ। ਕਿਉਂਕਿ ਇਸ ਵਾਰ ਕੇਂਦਰੀ ਬਜਟ ’ਚ ਕੱਪੜੇ ਤੇ ਜੁੱਤੇ ਵੀ ਸਸਤੇ ਕਰਨ ਦਾ ਅਭੂਤਪੂਰਵ ਫੈਸਲਾ ਲਿਆ ਗਿਆ ਹੈ, ਜਿਸ ਦਾ ਲਾਭ ਵਿਆਹਾਂ ਦੇ ਸੀਜ਼ਨ ’ਚ ਮਿਲੇਗਾ। ਇਸ ਚਰਚਾ ਦੌਰਾਨ ਗੁਰਵਿੰਦਰ ਸਿੰਘ ਜੱਜ ਨੇ ਇਕ ਵਾਰ ਫਿਰ ਬਜਟ ’ਚ ਟੈਕਸ ਛੂਟ ਨਾ ਮਿਲਣ ’ਤੇ ਨਿਰਾਸ਼ਾ ਜਤਾਈ। ਉਨ੍ਹਾਂ ਕਿਹਾ ਕਿ ਬਜਟ ’ਚ ਟੈਕਸ ’ਚ ਰਾਹਤ ਤੇ ਘੱਟ ਬਿਆਜ ਦਰਾਂ ’ਤੇ ਕਰਜ਼ੇ ਦੀ ਲੋੜ ਹਰ ਵਾਰ ਮਹਿਸੂਸ ਹੁੰਦੀ ਹੈ, ਪਰ ਇਸ ਵਾਰ ਇਸ ਮਾਮਲੇ ’ਚ ਨਿਰਾਸ਼ਾ ਹੀ ਮਿਲੀ ਹੈ। ਭਾਵੇਂ ਕਿ ਵਿਦੇਸ਼ ਯਾਤਰਾ, ਕੱਪੜੇ ਤੇ ਜੁੱਤੇ ਸਸਤੇ ਕਰਨ ਦੇ ਪ੍ਰਬੰਧ ਕੀਤੇ ਗਏ ਹਨ, ਪਰ ਆਮ ਜਨਤਾ ਨਾਲ ਜੁੜੀਆਂ ਵਸਤੂਆਂ ਦੇ ਭਾਅ ’ਚ ਵੀ ਹੋਰ ਰਾਹਤ ਦਿੱਤੀ ਜਾਣੀ ਚਾਹੀਦੀ ਸੀ। ਇਸ ’ਤੇ ਹਰਜੀਤ ਸਿੰਘ ਨੇ ਠੰਢ ਦੇ ਮੱਦੇਨਜ਼ਰ ਨੂੰਹਾਂ ਨੂੰ ਚਾਹ ਬਣਾਉਣ ਲਈ ਕਿਹਾ ਤੇ ਫਿਰ ਇਕ-ਇਕ ਕਰਕੇ ਸਭ ਆਪਣੇ-ਆਪਣੇ ਸ਼ੈਡਿਊਲ ਅਨੁਸਾਰ ਕੰਮਾਂ ’ਚ ਰੁੱਝ ਗਏ।