-ਦੁਪਹਿਰ 3:20 ਤੋਂ ਸ਼ਾਮ

-ਦੁਪਹਿਰ 3:20 ਤੋਂ ਸ਼ਾਮ 6:47 ਵਜੇ ਤੱਕ ਰਹੇਗਾ ਜਾਰੀ
-ਨੌਂ ਘੰਟੇ ਪਹਿਲਾਂ ਲੱਗੇਗਾ ਸੂਤਕ, ਬੰਦ ਹੋਣਗੇ ਮੰਦਰਾਂ ਦੇ ਕਿਵਾੜ
ਸ਼ਾਮ ਸਹਿਗਲ, ਜਾਗਰਣ, ਜਲੰਧਰ : ਸਾਲ ਦਾ ਪਹਿਲਾ ਚੰਦਰ ਗ੍ਰਹਿਣ ਇਸ ਵਾਰ ਤਿੰਨ ਮਾਰਚ ਅਰਥਾਤ ਹੋਲੀ ਦੇ ਦਿਨ ਲੱਗਣ ਜਾ ਰਿਹਾ ਹੈ। ਦੁਪਹਿਰ 3:20 ਤੋਂ ਸ਼ੁਰੂ ਹੋ ਕੇ ਸ਼ਾਮ 6:47 ਵਜੇ ਤੱਕ ਰਹਿਣ ਵਾਲੇ ਚੰਦਰ ਗ੍ਰਹਿਣ ਦੀ ਕੁੱਲ ਮਿਆਦ 3:27 ਘੰਟੇ ਰਹੇਗੀ। ਹਾਲਾਂਕਿ, ਹੋਲੀ ਦੇ ਤਿਉਹਾਰ ਦੇ ਉਤਸ਼ਾਹ 'ਤੇ ਇਸ ਦਾ ਖਾਸ ਅਸਰ ਨਹੀਂ ਪਵੇਗਾ। ਕਾਰਨ ਇਹ ਹੈ ਕਿ 2 ਮਾਰਚ ਨੂੰ ਹੋਲੀਕਾ ਦਹਿਨ ਤੇ 3 ਮਾਰਚ ਨੂੰ ਸਵੇਰੇ ਤੋਂ ਰੰਗਾਂ ਦੇ ਤਿਉਹਾਰ ਮਨਾਉਣ ਲਈ ਦੁਪਹਿਰ ਤੱਕ ਸਮਾਂ ਮਿਲੇਗਾ। ਇਸ ਲਈ ਚੰਦਰ ਗ੍ਰਹਿਣ ਦਾ ਸੂਤਕ ਨੌਂ ਘੰਟੇ ਪਹਿਲਾਂ ਲੱਗ ਜਾਣ ਕਾਰਨ ਗ੍ਰਹਿਣ ਤੋਂ ਪਹਿਲਾਂ ਹੀ ਮੰਦਰਾਂ ਦੇ ਕਿਵਾੜ ਬੰਦ ਕਰ ਦਿੱਤੇ ਜਾਣਗੇ। ਇਸ ਲਈ ਪ੍ਰਬੰਧਕ ਕਮੇਟੀਆਂ ਵੱਲੋਂ ਭਗਤਾਂ ਨੂੰ ਪ੍ਰੋਗਰਾਮ ਦੌਰਾਨ ਐਲਾਨ ਕਰਕੇ ਤੇ ਸੂਚਨਾ ਪੱਟੀ ਲਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਬਾਰੇ ਜੋਤਿਸ਼ੀ ਤੇ ਸ਼੍ਰੀ ਹਰਿ ਦਰਸ਼ਨ ਮੰਦਰ ਅਸ਼ੋਕ ਨਗਰ ਦੇ ਮੁੱਖ ਪ੍ਰੀਤ ਪੰਡਿਤ ਪ੍ਰਮੋਦ ਸ਼ਾਸਤਰੀ ਦੱਸਦੇ ਹਨ ਕਿ ਸਨਾਤਨ ਰਵਾਇਤਾਂ ਮੁਤਾਬਕ ਸੂਤਕ ਕਾਲ ਦੌਰਾਨ ਭਗਵਾਨ ਦੀ ਪ੍ਰਤਿਮਾ ਨੂੰ ਛੂਹਣਾ ਨਹੀਂ ਚਾਹੀਦਾ ਤੇ ਨਾ ਹੀ ਇਸ ਸਮੇਂ ਕਿਸੇ ਵੀ ਤਰ੍ਹਾਂ ਦਾ ਸ਼ੁੱਭ ਕਾਰਜ ਕਰਨਾ ਚਾਹੀਦਾ ਹੈ। ਇਸ ਲਈ ਹੋਲੀ ਦੇ ਦਿਨ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣਾ ਇਕ ਦੁਰਲੱਭ ਸੰਯੋਗ ਵੀ ਮੰਨਿਆ ਜਾ ਰਿਹਾ ਹੈ। ਚੰਦਰ ਗ੍ਰਹਿਣ ਦੌਰਾਨ ਤੇ ਸੂਤਕ ਕਾਲ ਵਿਚਾਲੇ ਭਗਵਾਨ ਦਾ ਸਿਮਰਨ ਅਤੇ ਭਗਤੀ ਕਰਨੀ ਚਾਹੀਦੀ ਹੈ, ਜਿਸ ਦਾ ਫਲ ਮਨੁੱਖ ਨੂੰ ਨਿਸ਼ਚਿਤ ਤੌਰ ’ਤੇ ਪ੍ਰਾਪਤ ਹੁੰਦਾ ਹੈ। ਨਾਲ ਹੀ ਸੂਤਕ ਕਾਲ ਤੇ ਗ੍ਰਹਿਣ ਲੱਗਣ ਦੌਰਾਨ ਪੈਦਾ ਹੋਣ ਵਾਲੀਆਂ ਨਾਂਹਪੱਖੀ ਸ਼ਕਤੀਆਂ ਦਾ ਪ੍ਰਭਾਵ ਵੀ ਘੱਟ ਜਾਂਦਾ ਹੈ। ਇਹ ਚੰਦਰ ਗ੍ਰਹਿਣ ਫੱਗਣ ਮਹੀਨੇ ਦੀ ਪੁੰਨਿਆ ਦੇ ਦਿਨ ਲੱਗਣ ਜਾ ਰਿਹਾ ਹੈ, ਇਸ ਲਈ ਇਸ ਦਾ ਧਾਰਮਿਕ ਮਹੱਤਵ ਵੀ ਵਧ ਜਾਂਦਾ ਹੈ।
---
ਤੜਕੇ 6:20 ਵਜੇ ਬੰਦ ਹੋ ਜਾਣਗੇ ਮੰਦਰਾਂ ਦੇ ਕਿਵਾੜ
ਤਿੰਨ ਮਾਰਚ ਅਰਥਾਤ ਮੰਗਲਵਾਰ ਨੂੰ ਲੱਗਣ ਵਾਲਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਭਾਵੇਂ ਦੁਪਹਿਰ 3:20 ਵਜੇ ਸ਼ੁਰੂ ਹੋ ਕੇ ਸ਼ਾਮ 6:47 ਵਜੇ ਤੱਕ ਰਹੇਗਾ ਪਰ ਇਸ ਦਾ ਸੂਤਕ ਕਾਲ ਇਸ ਵਾਰ ਨੌਂ ਘੰਟੇ ਪਹਿਲਾਂ ਹੀ ਲੱਗ ਜਾਣਾ ਹੈ। ਇਸ ਮੁਤਾਬਕ ਤੜਕੇ 6:20 ਵਜੇ ਹੀ ਮੰਦਰਾਂ ਦੇ ਕਿਵਾੜ ਬੰਦ ਕਰ ਦਿੱਤੇ ਜਾਣਗੇ। ਇਸ ਸਬੰਧੀ ਸ਼ਹਿਰ ਦੇ ਮੰਦਰਾਂ ਦੇ ਬਾਹਰ ਹੁਣੇ ਹੀ ਸੂਚਨਾ ਲਾ ਦਿੱਤੀ ਗਈ ਹਨ। ਇਸ ਬਾਰੇ ਮਾਂ ਚਿੰਤਪੂਰਨੀ ਮੰਦਰ ਮਾਈ ਹੀਰਾਂ ਗੇਟ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਅਨਿਲ ਪਾਠਕ ਨੇ ਕਿਹਾ ਕਿ ਜੋਤਿਸ਼ ਮੁਤਾਬਕ ਤੜਕੇ 6:20 ਵਜੇ ਮੰਦਰਾਂ ਦੇ ਕਿਵਾੜ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਨਾਲ ਹੀ ਸ਼ਾਮ 6:47 ਵਜੇ ਚੰਦਰ ਗ੍ਰਹਿਣ ਸਮਾਪਤ ਹੋ ਜਾਵੇਗਾ ਪਰ ਇਸ ਤੋਂ ਬਾਅਦ ਸਾਰੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਪੰਚ ਅੰਮ੍ਰਿਤ ਇਸ਼ਨਾਨ ਕਰਵਾਉਣ ਤੇ ਸ਼੍ਰਿੰਗਾਰ ਕਰਨ ਮਗਰੋਂ ਰਾਤ 7:15 ਵਜੇ ਮੰਦਰ ਦੇ ਕਿਵਾੜ ਦੁਬਾਰਾ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਗ੍ਰਹਿਣ ਵਾਲੇ ਦਿਨ ਰਾਤ 7:30 ਵਜੇ ਸੰਧਿਆ ਆਰਤੀ ਕੀਤੀ ਜਾਵੇਗੀ।
---
ਗ੍ਰਹਿਣ ਲੱਗਣ ਦੌਰਾਨ ਇਹ ਕਰੋ
- ਸੂਤਕ ਲੱਗਣ ਤੋਂ ਪਹਿਲਾਂ ਦੁੱਧ, ਦਹੀਂ ਤੇ ਪੱਕੇ ਖਾਣੇ ’ਚ ਤੁਲਸੀ ਦੇ ਪੱਤੇ ਰੱਖ ਲਓ।
- ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਘਰ ’ਚੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ।
- ਗ੍ਰਹਿਣ ਖਤਮ ਹੋਣ ਦੇ ਬਾਅਦ ਇਸ਼ਨਾਨ ਤੇ ਦਾਨ ਕਰੋ।
- ਚੰਦਰ ਗ੍ਰਹਿਣ ਦੀ ਮਿਆਦ ’ਚ ਓਮ ਨਮ: ਸ਼ਿਵਾਏ ਦਾ ਉਚਾਰਨ ਕਰੋ।
- ਗ੍ਰਹਿਣ ਦੀ ਮਿਆਦ ’ਚ ਭਗਵਾਨ ਦੀਆਂ ਮੂਰਤੀਆਂ ਨੂੰ ਵੀ ਛੂਹਣਾ ਨਹੀਂ ਚਾਹੀਦਾ।