ਰਚਨਾਵਾਂ ਪੇਸ਼ ਕਰ ਕੇ ਦਰਸ਼ਕਾਂ ਤੋਂ ਖੱਟੀ ਵਾਹੋ-ਵਾਹੀ
ਦੋਆਬਾ ਸਾਹਿਤਕ ਸਭਾ ਅੱਪਰਾ ਦਾ ਪਹਿਲਾ ਸਮਾਗਮ ਯਾਦਗਾਰੀ ਰਿਹਾ
Publish Date: Mon, 02 Mar 2026 06:36 PM (IST)
Updated Date: Mon, 02 Mar 2026 06:37 PM (IST)

ਹਰਜਿੰਦਰ ਸਿੰਘ ਖਾਨਪੁਰੀ/ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਅੱਪਰਾ/ਫਿਲੌਰ : ਅੱਪਰਾ ਦੇ ਕੈਕਟਸ ਕਲੱਬ ’ਚ ਦੋਆਬਾ ਸਾਹਿਤਕ ਸਭਾ ਅੱਪਰਾ ਵੱਲੋਂ ਆਪਣਾ ਪਹਿਲਾ ਸਾਹਿਤਕ ਸਮਾਗਮ ਕਰਵਾਇਆ ਗਿਆ, ਜੋ ਯਾਦਗਾਰੀ ਬਣਿਆ। ਸਮਾਗਮ ਦੌਰਾਨ ‘ਪੰਜਾਬੀ ਲਹਿਰਾਂ ਟੋਰਾਂਟੋ’ ਰੇਡੀਓ ਦੇ ਸੰਚਾਲਕ ਤੇ ਢਾਡੀ ਸਤਿੰਦਰਪਾਲ ਸਿੰਘ ਸਿੱਧਵਾਂ ਨਾਲ ਰੂ-ਬ-ਰੂ ਮੁਲਾਕਾਤ ਕਰਵਾਈ ਗਈ। ਇਸ ਮੌਕੇ ਡਾ. ਕੁਲਵੰਤ ਰਾਮਾ ਨਗਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਵਿ ਦਰਬਾਰ ਦੌਰਾਨ ਮਾਸਟਰ ਜਸਪਾਲ, ਮੀਕਾ ਮਸਾਣੀ ਵਾਲਾ, ਲਲਿਤ ਸਾਗਰ, ਗੁਰਦੀਪ ਮਹੇ, ਢਾਡੀ ਗੁਰਨੇਕ ਸਿੰਘ ਮੰਡੀ ਤੇ ਸੋਢੀ ਰੂਪਰਾਏ ਨੇ ਰਚਨਾਵਾਂ ਪੇਸ਼ ਕਰਕੇ ਦਰਸ਼ਕਾਂ ਤੋਂ ਖੂਬ ਵਾਹ-ਵਾਹ ਹਾਸਲ ਕੀਤੀ। ਸਮਾਗਮ ਦੇ ਰੂਹੇ-ਰਵਾਂ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਸਭਾ ਦੇ ਪਹਿਲੇ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਸਾਹਿਤਕ ਸਭਾਵਾਂ ਸਮਾਜ ਨੂੰ ਇਕਜੁੱਟ ਕਰਨ ਦਾ ਮਹੱਤਵਪੂਰਨ ਸਾਧਨ ਹਨ ਤੇ ਉਨ੍ਹਾਂ ਨੂੰ ਹਰ ਪੱਖੋਂ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਵੀਸ਼ਰ ਕਰਨੈਲ ਸਿੰਘ ਪਾਰਸ ਤੇ ਆਪਣੇ ਪਿਤਾ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਨਾਲ ਸਬੰਧਤ ਯਾਦਾਂ ਸਾਂਝੀਆਂ ਕਰਦਿਆਂ ਕਵੀਸ਼ਰੀ ਦੇ ਖੇਤਰ ’ਚ ਉਨ੍ਹਾਂ ਦੇ ਯੋਗਦਾਨ ਬਾਰੇ ਵੀ ਵਿਚਾਰ ਪ੍ਰਗਟ ਕੀਤੇ। ਡਾ. ਕੁਲਵੰਤ ਰਾਮਾ ਨੇ ਕਿਹਾ ਕਿ ਇਹ ਪਹਿਲਾ ਸਮਾਗਮ ਅੱਪਰਾ ਇਲਾਕੇ ’ਚ ਸਾਹਿਤਕ ਸਰਗਰਮੀਆਂ ਦੀ ਮਜ਼ਬੂਤ ਨੀਂਹ ਸਾਬਤ ਹੋਵੇਗਾ। ਇਸ ਮੌਕੇ ਪ੍ਰਧਾਨ ਅਜਮੇਰ ਸਿੰਘ ਚਾਨਾ, ਚੇਅਰਮੈਨ ਜਤਿੰਦਰ ਰਿੰਕੂ, ਮੀਤ ਪ੍ਰਧਾਨ ਨਰੇਸ਼ ਕੁਮਾਰ ਲੱਕੀ, ਮੀਡੀਆ ਸਕੱਤਰ ਲਾਲੀ ਅੱਪਰਾ, ਸਕੱਤਰ ਚਰਨਜੀਤ ਕੌਰ, ਸਤਿੰਦਰਪਾਲ ਸਿੰਘ ਬਿੱਟੂ, ਭਿੰਦਰਪਾਲ ਸਿੰਘ, ਬਲਕਾਰ ਢੀਂਡਸਾ, ਨਛੱਤਰ ਗੋਸਲ, ਤਰਲੋਚਨ ਤੂਰ, ਦਵਿੰਦਰ ਭੱਚੂ, ਨਛੱਤਰ ਥਿਆੜਾ (ਯੂਕੇ), ਕਾਜਲ ਬਸੰਦਰਾਏ ਤੇ ਥਾਣੇਦਾਰ ਪਰਮਿੰਦਰ ਬਿੱਟੂ ਸੋਢੀ ਚੀਮਾ ਸਮੇਤ ਹੋਰ ਸਾਥੀਆਂ ਨੇ ਡਾ. ਕੁਲਵੰਤ ਰਾਮਾ ਤੇ ਸਤਿੰਦਰਪਾਲ ਸਿੰਘ ਸਿੱਧਵਾਂ ਨੂੰ ਯਾਦਗਾਰੀ ਚਿੰਨ੍ਹ ਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ। ਅੰਤ ’ਚ ਸਤਨਾਮ ਸਿੰਘ ਸੰਧੂ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਵੀ ਇਸੇ ਤਰ੍ਹਾਂ ਦੇ ਸਮਾਗਮ ਕਰਵਾਉਣ ਦੀ ਕਾਮਨਾ ਜ਼ਾਹਰ ਕੀਤੀ।