ਡਿਗਰੀਆਂ ਮਿਲਦਿਆਂ ਹੀ ਖਿੜੇ ਨੌਜਵਾਨਾਂ ਦੇ ਚਿਹਰੇ, ਉਮੀਦਾਂ ’ਤੇ ਖਰੇ ਉਤਰਣ ਦਾ ਭਰੋਸਾ
ਡਿਗਰੀਆਂ ਮਿਲਦਿਆਂ ਹੀ ਖਿੜੇ ਨੌਜਵਾਨਾਂ ਦੇ ਚਿਹਰੇ, ਉਮੀਦਾਂ ’ਤੇ ਖਰੇ ਉਤਰਣ ਦਾ ਦਿੱਤਾ ਭਰੋਸਾ
Publish Date: Fri, 16 Jan 2026 09:17 PM (IST)
Updated Date: Fri, 16 Jan 2026 09:21 PM (IST)

28 ਤੋਂ 40, 45 ਤੋਂ 47 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਨਆਈਟੀ ਦੇ 21ਵੇਂ ਡਿਗਰੀ ਵੰਡ ਸਮਾਗਮ ਦੌਰਾਨ ਰਾਜਪਾਲ ਦੇ ਹੱਥੋਂ ਡਿਗਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਸਨ। ਵਿਦਿਆਰਥੀਆਂ ਨੇ ਕਿਹਾ ਕਿ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਉਨ੍ਹਾਂ ਤੋਂ ਜੋ ਉਮੀਦਾਂ ਲਾਈਆਂ ਗਈਆਂ ਹਨ, ਉਹ ਉਨ੍ਹਾਂ ’ਤੇ ਪੂਰੀ ਤਰ੍ਹਾਂ ਖਰੇ ਉਤਰਣ ਦੀ ਕੋਸ਼ਿਸ਼ ਕਰਨਗੇ। ਵਿਦਿਆਰਥੀਆਂ ਨੇ ਕਿਹਾ ਕਿ ਜੇ ਰਾਸ਼ਟਰਪਤੀ ਡਿਗਰੀ ਵੰਡ ਸਮਾਗਮ ਵਿਚ ਸ਼ਾਮਲ ਹੋ ਸਕਦੇ ਤਾਂ ਡਿਗਰੀ ਪ੍ਰਾਪਤ ਕਰਨ ਦੇ ਮਾਇਨੇ ਹੋਰ ਵੀ ਵੱਡੇ ਹੁੰਦੇ ਪਰ ਰਾਜਪਾਲ ਵੱਲੋਂ ਦਿੱਤਾ ਗਿਆ ਸੰਦੇਸ਼ ਤੇ ਉਮੀਦਾਂ ਵੀ ਉਨ੍ਹਾਂ ਲਈ ਓਨੀਆਂ ਹੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਉਹ ਸਮਾਜ ਪ੍ਰਤੀ ਆਪਣਾ ਕਰਜ਼ਾ ਜ਼ਰੂਰ ਲਾਹੁਣਗੇ। ਇਸੇ ਉਤਸ਼ਾਹ ਨਾਲ ਵਿਦਿਆਰਥੀਆਂ ਨੇ ਡਿਗਰੀਆਂ ਹਾਸਲ ਕੀਤੀਆਂ ਅਤੇ ਦੇਸ਼ ਪ੍ਰੇਮ ਨਾਲ ਨਾਲ ਦੇਸ਼ ਦੇ ਹਿੱਤ ਵਿੱਚ ਕੰਮ ਕਰਨ ਦੀ ਲਗਨ ਵੀ ਸਪੱਸ਼ਟ ਨਜ਼ਰ ਆਈ। ਜਦੋਂ ਮੰਚ ਤੋਂ ਉਨ੍ਹਾਂ ਦੇ ਨਾਮ ਬੋਲੇ ਗਏ ਤਾਂ ਉਨ੍ਹਾਂ ਦੇ ਆਤਮ-ਵਿਸ਼ਵਾਸ ਤੇ ਜੋਸ਼ ਨੇ ਸਭ ਨੂੰ ਪ੍ਰਭਾਵਿਤ ਕੀਤਾ। ਵਿਦਿਆਰਥੀਆਂ ਨੇ ਸਿਰਫ ਡਿਗਰੀਆਂ ਹੀ ਨਹੀਂ ਲਈਆਂ, ਸਗੋਂ ਆਤਮ-ਵਿਸ਼ਵਾਸ, ਨਵੀਂ ਪਛਾਣ ਤੇ ਉੱਚੀਆਂ ਉਡਾਣਾਂ ਦੇ ਸੁਪਨੇ ਵੀ ਨਾਲ ਲਏ। ਐੱਨਆਈਟੀ ਦਾ ਡਿਗਰੀ ਵੰਡ ਸਮਾਗਮ ਉਮੀਦਾਂ ਦੀ ਰੋਸ਼ਨੀ ਨਾਲ ਚਮਕਦਾ ਨਜ਼ਰ ਆਇਆ, ਜਿੱਥੇ ਹਰ ਮੁਸਕਰਾਉਂਦਾ ਚਿਹਰਾ ਇਕ ਨਵੀਂ ਕਹਾਣੀ ਲਿਖਣ ਲਈ ਤਿਆਰ ਦਿਖਾਈ ਦਿੱਤਾ। ਸਮਾਗਮ ਦੌਰਾਨ 1452 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਦੇਸ਼ ਦੇ ਕੋਨੇ-ਕੋਨੇ ਤੋਂ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸਮਾਗਮ ’ਚ ਸ਼ਾਮਲ ਹੋਏ। ਬੱਚਿਆਂ ਨੂੰ ਡਿਗਰੀਆਂ ਮਿਲਦਿਆਂ ਦੇਖ ਕੇ ਮਾਪਿਆਂ ਦੇ ਚਿਹਰੇ ਵੀ ਮਾਣ ਨਾਲ ਖਿੜ ਉੱਠੇ। ਸਮਾਗਮ ਦੀ ਪ੍ਰਧਾਨਗੀ ਬੋਰਡ ਆਫ ਗਵਰਨਰਜ਼ ਦੇ ਚੇਅਰਪਰਸਨ ਜੇਐੱਸ ਯਾਦਵ ਨੇ ਕੀਤੀ, ਜਦਕਿ ਨਿਰਦੇਸ਼ਕ ਡਾ. ਬਿਨੋਦ ਕੁਮਾਰ ਕਨੌਜੀਆ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। --- ਮਕੈਨੀਕਲ ਇੰਜੀਨੀਅਰਿੰਗ ਦੇ ਗੋਲਡ ਮੈਡਲਿਸਟ ਗੌਰਵਦੀਪ ਸਿੰਘ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਹੱਥੋਂ ਡਿਗਰੀ ਤੇ ਮੈਡਲ ਮਿਲਣਾ ਬਹੁਤ ਵੱਡੀ ਉਪਲਬਧੀ ਹੁੰਦੀ ਪਰ ਮਾੜੇ ਮੌਸਮ ਕਾਰਨ ਇਸ ਵਿੱਚ ਰੁਕਾਵਟ ਆ ਗਈ। ਫਿਰ ਵੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਡਿਗਰੀ ਮਿਲਣਾ ਵੀ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਵੱਲੋਂ ਪ੍ਰਗਟਾਈਆਂ ਉਮੀਦਾਂ ‘ਤੇ ਉਹ ਪੂਰੀ ਤਰ੍ਹਾਂ ਖਰੇ ਉਤਰਨਗੇ ਅਤੇ ਉਦੋਂ ਹੀ ਉਨ੍ਹਾਂ ਦੀ ਸਿੱਖਿਆ ਅਤੇ ਗਿਆਨ ਪ੍ਰਾਪਤੀ ਦਾ ਮਕਸਦ ਪੂਰਾ ਹੋਵੇਗਾ। ਸਵਰਨ ਪਾਰਕ ਦੇ ਰਹਿਣ ਵਾਲੇ ਗੌਰਵਦੀਪ ਸਿੰਘ ਦੇ ਪਿਤਾ ਪ੍ਰਦੁਮਨ ਸਿੰਘ ਗਦਾਈਪੁਰ ਵਿਚ ਟ੍ਰੈਕਟਰ ਪਾਰਟਸ ਬਣਾਉਣ ਦਾ ਕਾਰੋਬਾਰ ਕਰਦੇ ਹਨ, ਜਦਕਿ ਮਾਤਾ ਸੁਖਜਿੰਦਰ ਕੌਰ ਘਰੇਲੂ ਮਹਿਲਾ ਹਨ। ਗੌਰਵਦੀਪ ਕਹਿੰਦੇ ਹਨ ਕਿ ਮਕੈਨੀਕਲ ਇੰਜੀਨੀਅਰਿੰਗ ਦੀ ਸਮਝ ਉਨ੍ਹਾਂ ਨੂੰ ਬਚਪਨ ਤੋਂ ਹੀ ਘਰੋਂ ਮਿਲੀ, ਇਸ ਲਈ ਸ਼ੁਰੂ ਤੋਂ ਹੀ ਉਨ੍ਹਾਂ ਦਾ ਵਿਜ਼ਨ ਸਪੱਸ਼ਟ ਸੀ। ਐੱਨਆਈਟੀ ਵਿਚ ਵੀ ਅਧਿਆਪਕਾਂ ਦੀ ਸ਼ਾਨਦਾਰ ਰਹਿਨੁਮਾਈ ਨਾਲ ਹੀ ਇਹ ਮੁਕਾਮ ਹਾਸਲ ਹੋ ਸਕਿਆ। --- ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਹਾਰਦਿਕ ਮਿਸ਼ਰਾ ਨੇ ਕਿਹਾ ਕਿ ਰਾਸ਼ਟਰਪਤੀ ਦੇ ਆਉਣ ਦੀ ਖ਼ਬਰ ਨਾਲ ਪਹਿਲਾਂ ਹੀ ਉਤਸ਼ਾਹ ਸੀ ਪਰ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਭਾਸ਼ਣ ਨੇ ਉਸ ਉਤਸ਼ਾਹ ਨੂੰ ਦੁੱਗਣਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗਿਆਨ ਅਤੇ ਤਜਰਬੇ ਦੇ ਜ਼ਰੀਏ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇਣਾ ਹੈ। ‘ਆਪ੍ਰੇਸ਼ਨ ਸਿੰਦੂਰ’ ਦਾ ਹਵਾਲਾ ਦਿੰਦਿਆਂ ਰਾਜਪਾਲ ਨੇ ਹਰ ਵਿਅਕਤੀ ਨੂੰ ਆਪਣੀ ਯੋਗਤਾ ਅਤੇ ਤਾਕਤ ਪਛਾਣਨ, ਇਮਾਨਦਾਰੀ ਨਾਲ ਸੇਵਾ ਕਰਨ ਅਤੇ ਸਿਰਫ ਆਪਣੇ ਬਾਰੇ ਨਹੀਂ, ਸਗੋਂ ਸਮਾਜ ਬਾਰੇ ਸੋਚਣ ਦੀ ਪ੍ਰੇਰਨਾ ਦਿੱਤੀ। ਗੁਰੂ ਅਮਰਦਾਸ ਨਗਰ ਦੇ ਰਹਿਣ ਵਾਲੇ ਹਾਰਦਿਕ ਮਿਸ਼ਰਾ ਦੇ ਪਿਤਾ ਹ੍ਰਿਦੇ ਨਾਰਾਇਣ ਮਿਸ਼ਰਾ ‘ਦੈਨਿਕ ਜਾਗਰਣ’ ਵਿਚ ਨਿਊਜ਼ ਐਡੀਟਰ ਹਨ ਤੇ ਮਾਤਾ ਪ੍ਰੇਮਲਤਾ ਮਿਸ਼ਰਾ ਘਰੇਲੂ ਔਰਤ ਹਨ। ਹਾਰਦਿਕ ਕਹਿੰਦੇ ਹਨ ਕਿ ਛੋਟੇ ਤੋਂ ਛੋਟੇ ਟੈਕਸਪੇਅਰ ਦੇ ਯੋਗਦਾਨ ਨਾਲ ਹੀ ਉਹ ਉੱਚ ਸਿੱਖਿਆ ਹਾਸਲ ਕਰ ਸਕੇ ਹਨ ਅਤੇ ਹੁਣ ਉਹ ਸਮਾਜ ਪ੍ਰਤੀ ਆਪਣਾ ਕਰਜ਼ ਚੁਕਾਉਣ ਲਈ ਕੰਮ ਕਰਨਗੇ। --- ਅਨੰਨੇ ਸ਼ਰਮਾ ਨੇ ਕਿਹਾ ਕਿ ਰਾਸ਼ਟਰਪਤੀ ਦੇ ਆਉਣ ਨੂੰ ਲੈ ਕੇ ਦੋ ਦਿਨ ਪਹਿਲਾਂ ਤੋਂ ਹੀ ਕਾਫ਼ੀ ਉਤਸ਼ਾਹ ਸੀ ਪਰ ਮੌਸਮ ਖ਼ਰਾਬ ਹੋਣ ਕਾਰਨ ਉਹ ਨਹੀਂ ਆ ਸਕੇ। ਫਿਰ ਵੀ ਡਿਗਰੀ ਪ੍ਰਾਪਤ ਕਰਕੇ ਹੁਣ ਉਹ ਦੇਸ਼ ਸੇਵਾ ਲਈ ਉਸੇ ਜੋਸ਼ ਨਾਲ ਕੰਮ ਕਰਨਗੇ, ਜਿਵੇਂ ਸਭ ਨੂੰ ਉਨ੍ਹਾਂ ਤੋਂ ਉਮੀਦ ਹੈ। ਲੱਧੇਵਾਲੀ ਰੋਡ ਸਥਿਤ ਮਾਨ ਸਿੰਘ ਨਗਰ ਦੇ ਰਹਿਣ ਵਾਲੇ ਅਨੰਨੇ ਸ਼ਰਮਾ ਦੇ ਪਿਤਾ ਕਮਲ ਕੁਮਾਰ ਮਾਈ ਹੀਰਾ ਗੇਟ ਵਿੱਚ ਕਿਤਾਬਾਂ ਦੀ ਛਪਾਈ ਦਾ ਕਾਰੋਬਾਰ ਕਰਦੇ ਹਨ ਅਤੇ ਮਾਤਾ ਮਨੂ ਸ਼ਰਮਾ ਘਰੇਲੂ ਮਹਿਲਾ ਹਨ। --- ਸੱਤ ਮਹੀਨੇ ਦੇ ਨਵਿਸ਼ ਨਾਲ ਡਿਗਰੀ ਲੈਣ ਪੁੱਜੀ ਸੋਨੀਆ ਰਾਸ਼ਟਰਪਤੀ ਦੇ ਹੱਥੋਂ ਡਿਗਰੀ ਮਿਲਣਾ ਸੁਪਨੇ ਵਰਗਾ ਸੀ ਅਤੇ ਇਸ ਲਈ ਬਹੁਤ ਉਤਸ਼ਾਹ ਵੀ ਸੀ ਪਰ ਹਾਲਾਤ ਅੱਗੇ ਕਿਸ ਦੀ ਚੱਲਦੀ ਹੈ। ਫਿਰ ਵੀ ਡਿਗਰੀ ਹਾਸਲ ਕਰਕੇ ਹੁਣ ਸਮਾਜ ਨੂੰ ਆਪਣੇ ਗਿਆਨ ਅਤੇ ਅਨੁਭਵ ਰਾਹੀਂ ਕੁਝ ਵਾਪਸ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਇਹ ਸ਼ਬਦ ਹਰਿਆਣਾ ਦੀ ਰਹਿਣ ਵਾਲੀ ਸੋਨੀਆ ਨੇ ਕਹੇ, ਜਿਸ ਨੇ ਐੱਨਆਈਟੀ ਤੋਂ ਗਣਿਤ ਵਿਸ਼ੇ ਵਿੱਚ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ਉਹ ਆਪਣੇ ਸੱਤ ਮਹੀਨੇ ਦੇ ਪੁੱਤਰ ਨਵਿਸ਼ ਨਾਲ ਡਿਗਰੀ ਲੈਣ ਲਈ ਸਮਾਗਮ ’ਚ ਪੁੱਜੀ। ਸੋਨੀਆ ਨੇ ਦੱਸਿਆ ਕਿ ਹੁਣ ਤੱਕ ਉਹ ਕਿਸੇ ਸਕੂਲ ਵਿੱਚ ਪੜ੍ਹਾਉਂਦੀ ਨਹੀਂ ਸੀ, ਕਿਉਂਕਿ ਪਹਿਲਾਂ ਉਹ ਗਣਿਤ ਦਾ ਗਹਿਰਾਈ ਨਾਲ ਅਧਿਐਨ ਕਰਨਾ ਚਾਹੁੰਦੀ ਸੀ, ਜੋ ਹੁਣ ਇਸ ਡਿਗਰੀ ਨਾਲ ਪੂਰਾ ਹੋ ਗਿਆ ਹੈ। ਹੁਣ ਉਹ ਬੱਚਿਆਂ ਦੇ ਮਨੋਂ ਗਣਿਤ ਦਾ ਡਰ ਦੂਰ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਇਸ ਵਿਸ਼ੇ ਨੂੰ ਆਸਾਨੀ ਨਾਲ ਸਮਝ ਸਕਣ। ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਪਤੀ ਅੰਕਿਤ ਅਤੇ ਮਾਤਾ-ਪਿਤਾ ਵੱਲੋਂ ਪੂਰਾ ਸਹਿਯੋਗ ਮਿਲਿਆ, ਜਿਨ੍ਹਾਂ ਦੇ ਹੌਂਸਲੇ ਨਾਲ ਹੀ ਅੱਜ ਇਹ ਸਫ਼ਲਤਾ ਸੰਭਵ ਹੋ ਸਕੀ।