ਫਿਲੌਰ-ਨਵਾਂਸ਼ਹਿਰ ਰੋਡ 'ਤੇ ਪੁੱਟੀ ਸੜਕ ਬਣੀ ਜਾਨਲੇਵਾ, ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਦਿੱਤੀ ਧਰਨੇ ਦੀ ਚਿਤਾਵਨੀ
ਇਸ ਗੰਭੀਰ ਸਮੱਸਿਆ ਨੂੰ ਲੈ ਕੇ ਬਲਜਿੰਦਰ ਸਿੰਘ ਸੋਨੀ (ਸਰਪੰਚ ਬਾਸੀਆਂ ਢੱਕ), ਅਮਰੀਕ ਸਿੰਘ (ਸਰਪੰਚ ਭਾਰਸਿੰਘ ਪੁਰ) ਅਤੇ ਇਲਾਕੇ ਦੀਆਂ ਹੋਰ ਪੰਚਾਇਤਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗ ਦੇ ਐਸ.ਡੀ.ਓ. ਮੋਹਨ ਸਿੰਘ ਸਹੋਤਾ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ
Publish Date: Sat, 14 Mar 2026 12:54 PM (IST)
Updated Date: Sat, 14 Mar 2026 01:05 PM (IST)
ਅਜੇ ਸਿੰਘ ਨਾਗੀ, ਫਿਲੌਰ : ਫਿਲੌਰ ਤੋਂ ਨਵਾਂਸ਼ਹਿਰ ਰੋਡ 'ਤੇ ਸਥਿਤ ਪਿੰਡ ਬਾਸੀਆਂ ਢੱਕ ਦੇ ਮੇਨ ਗੇਟ ਸਾਹਮਣੇ ਪੀ.ਡਬਲਯੂ.ਡੀ. (PWD) ਵਿਭਾਗ ਦੀ ਲਾਪਰਵਾਹੀ ਕਾਰਨ ਰਾਹਗੀਰਾਂ ਦੀਆਂ ਕੀਮਤੀ ਜਾਨਾਂ ਖ਼ਤਰੇ ਵਿੱਚ ਹਨ। ਤਕਰੀਬਨ ਛੇ ਮਹੀਨੇ ਪਹਿਲਾਂ ਵਿਭਾਗ ਕੋਲੋਂ ਮਨਜ਼ੂਰੀ ਲੈ ਕੇ ਪਾਈਪ ਪਾਉਣ ਲਈ ਸੜਕ ਪੁੱਟੀ ਗਈ ਸੀ ਪਰ ਅੱਜ ਤੱਕ ਉਸ ਦੀ ਮੁਰੰਮਤ ਨਹੀਂ ਕੀਤੀ ਗਈ। ਇਸ ਖ਼ਸਤਾ ਹਾਲ ਸੜਕ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਬੀਤੇ ਦਿਨ ਵੀ ਇੱਕ ਔਰਤ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੀ ਲੱਤ ਤੇ ਬਾਂਹ ਟੁੱਟਣ ਕਾਰਨ ਉਸ ਨੂੰ ਡੀ.ਐਮ.ਸੀ. (DMC) ਲੁਧਿਆਣਾ ਦਾਖਲ ਕਰਵਾਉਣਾ ਪਿਆ।
ਇਸ ਗੰਭੀਰ ਸਮੱਸਿਆ ਨੂੰ ਲੈ ਕੇ ਬਲਜਿੰਦਰ ਸਿੰਘ ਸੋਨੀ (ਸਰਪੰਚ ਬਾਸੀਆਂ ਢੱਕ), ਅਮਰੀਕ ਸਿੰਘ (ਸਰਪੰਚ ਭਾਰਸਿੰਘ ਪੁਰ) ਅਤੇ ਇਲਾਕੇ ਦੀਆਂ ਹੋਰ ਪੰਚਾਇਤਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗ ਦੇ ਐਸ.ਡੀ.ਓ. ਮੋਹਨ ਸਿੰਘ ਸਹੋਤਾ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਪਿੰਡ ਵਾਸੀ ਹੁਣ ਤੱਕ ਆਪਣੇ ਪੱਧਰ 'ਤੇ ਮਿੱਟੀ ਅਤੇ ਗਟਕਾ ਪਾ ਕੇ ਟੋਏ ਨੂੰ ਪੂਰਦੇ ਆ ਰਹੇ ਹਨ।
ਇਲਾਕੇ ਦੇ ਮੋਹਤਬਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੋਮਵਾਰ ਸ਼ਾਮ ਤੱਕ ਸੜਕ ਦੀ ਰਿਪੇਅਰ ਨਾ ਕੀਤੀ ਗਈ ਤਾਂ ਮੰਗਲਵਾਰ ਤੋਂ ਫਿਲੌਰ-ਨਵਾਂਸ਼ਹਿਰ ਰੋਡ 'ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ।