ਵਿਦੇਸ਼ ’ਚ ਵਿਆਹ ਦਾ ਸੁਪਨਾ ਬਣਿਆ ਸਾਈਬਰ ਠੱਗਾਂ ਦਾ ਹਥਿਆਰ
ਵਿਦੇਸ਼ ’ਚ ਵਿਆਹ ਦਾ ਸੁਪਨਾ ਬਣਿਆ ਸਾਇਬਰ ਠੱਗਾਂ ਦਾ ਹਥਿਆਰ, ‘ਪੱਕਾ’ ਕਰਵਾਉਣ ਦੇ ਨਾਂ ’ਤੇ ਲੱਖਾਂ ਦੀ ਡਿਜ਼ਿਟਲ ਠੱਗੀ
Publish Date: Thu, 08 Jan 2026 08:48 PM (IST)
Updated Date: Thu, 08 Jan 2026 08:51 PM (IST)

-ਇੰਟਰਨੈੱਟ ਮੀਡੀਆ ਤੇ ਮੈਟ੍ਰਿਮੋਨੀਅਲ ਸਾਈਟਾਂ ਰਾਹੀਂ ਜਾਲ ਬਿਛਾ ਰਹੇ ਠੱਗ -ਭਰੋਸਾ ਜਿੱਤ ਕੇ ਨੌਜਵਾਨਾਂ ਨੂੰ ਬਣਾ ਰਹੇ ਸ਼ਿਕਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਿਦੇਸ਼ ’ਚ ਵਸਣ ਤੇ ਬਿਹਤਰ ਜੀਵਨ ਦੀ ਇੱਛਾ ਅੱਜ ਦੇ ਨੌਜਵਾਨਾਂ ਲਈ ਸਭ ਤੋਂ ਵੱਡਾ ਸੁਪਨਾ ਬਣ ਚੁੱਕੀ ਹੈ। ਇਸੇ ਸੁਪਨੇ ਨੂੰ ਸਾਈਬਰ ਠੱਗਾਂ ਨੇ ਆਪਣਾ ਹਥਿਆਰ ਬਣਾ ਲਿਆ ਹੈ। ਹਾਲੀਆ ਮਹੀਨਿਆਂ ’ਚ ਦੇਸ਼ ਭਰ ਖ਼ਾਸ ਕਰਕੇ ਪੰਜਾਬ ਤੇ ਉੱਤਰੀ ਭਾਰਤ ਦੇ ਕਈ ਜ਼ਿਲ੍ਹਿਆਂ ’ਚ ਵਿਦੇਸ਼ ’ਚ ਵਿਆਹ ਦਾ ਝਾਂਸਾ ਦੇ ਕੇ ਨੌਜਵਾਨਾਂ ਨਾਲ ਡਿਜੀਟਲ ਠੱਗੀ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਠੱਗ ਆਪਣੇ-ਆਪ ਨੂੰ ਵਿਦੇਸ਼ ’ਚ ਵਸਦੇ ਨੌਜਵਾਨ ਮੁੰਡੇ-ਕੁੜੀਆਂ, ਮੈਰਿਜ਼ ਬ੍ਰੋਕਰ ਜਾਂ ਇਮੀਗ੍ਰੇਸ਼ਨ ਏਜੰਟ ਦੱਸ ਕੇ ਸੰਪਰਕ ਕਰਦੇ ਹਨ ਤੇ ਹੌਲੀ-ਹੌਲੀ ਪੀੜਤ ਨੂੰ ਆਪਣੇ ਜਾਲ ’ਚ ਫਸਾ ਲੈਂਦੇ ਹਨ। ਇਹ ਠੱਗੀ ਜ਼ਿਆਦਾਤਰ ਇੰਟਰਨੈੱਟ ਮੀਡੀਆ ਪਲੇਟਫਾਰਮਾਂ, ਮੈਟ੍ਰੀਮੋਨੀਅਲ ਵੈੱਬਸਾਈਟਾਂ, ਵ੍ਹਟਸਐਪ ਤੇ ਟੈਲੀਗ੍ਰਾਮ ਰਾਹੀਂ ਸ਼ੁਰੂ ਹੁੰਦੀ ਹੈ। ਪਹਿਲਾਂ ਦੋਸਤੀ ਤੇ ਗੱਲਬਾਤ ਫਿਰ ਭਾਵਨਾਤਮਕ ਜੁੜਾਅ ਤੇ ਉਸ ਤੋਂ ਬਾਅਦ ਵਿਦੇਸ਼ ’ਚ ਵਿਆਹ ਤੇ ਸੈਟਲਮੈਂਟ ਦਾ ਸੁਪਨਾ ਦਿਖਾਇਆ ਜਾਂਦਾ ਹੈ। ਭਰੋਸਾ ਜਿੱਤਣ ਤੋਂ ਬਾਅਦ ਪੀੜਤ ਤੋਂ ਵੀਜ਼ਾ ਫਾਈਲ, ਲੀਗਲ ਚਾਰਜ, ਮੈਡੀਕਲ, ਹਵਾਈ ਟਿਕਟ ਤੇ ਫਿਰ ‘ਪੱਕਾ’ ਕਰਵਾਉਣ ਦੇ ਨਾਂ ’ਤੇ ਵੱਖ-ਵੱਖ ਕਿਸ਼ਤਾਂ ’ਚ ਆਨਲਾਈਨ ਭੁਗਤਾਨ ਕਰਵਾ ਲਿਆ ਜਾਂਦਾ ਹੈ। ------------------------- ਇੰਝ ਰਚਿਆ ਜਾਂਦਾ ਹੈ ਠੱਗੀ ਦਾ ਜਾਲ ਸਾਈਬਰ ਠੱਗ ਗੱਲਬਾਤ ਦੌਰਾਨ ਆਪਣੇ-ਆਪ ਨੂੰ ਬਹੁਤ ਪੜ੍ਹੇ-ਲਿਖੇ ਤੇ ਪ੍ਰਭਾਵਸ਼ਾਲੀ ਦਿਖਾਉਂਦੇ ਹਨ। ਕਈ ਵਾਰ ਉਹ ਵਿਦੇਸ਼ੀ ਨੰਬਰਾਂ ਤੋਂ ਕਾਲ ਕਰਦੇ ਹਨ ਜਾਂ ਵੀਡੀਓ ਕਾਲ ’ਤੇ ਵਿਦੇਸ਼ੀ ਲੋਕੇਸ਼ਨ ਦਾ ਬੈਕਗਰਾਊਂਡ ਦਿਖਾ ਕੇ ਭਰੋਸਾ ਬਣਾਉਂਦੇ ਹਨ। ਪੀੜਤ ਨੂੰ ਨਕਲੀ ਈ-ਮੇਲ, ਝੂਠੇ ਦੂਤਾਵਾਸ ਦੇ ਪੱਤਰ ਤੇ ਸਰਕਾਰੀ ਵੈੱਬਸਾਈਟ ਵਰਗੀਆਂ ਲੱਗਣ ਵਾਲੇ ਲਿੰਕਾਂ ਭੇਜੇ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਲੱਗੇ ਕਿ ਪ੍ਰਕਿਰਿਆ ਪੂਰੀ ਤਰ੍ਹਾਂ ਕਾਨੂੰਨੀ ਹੈ। ਜਿਵੇਂ ਹੀ ਰਕਮ ਟਰਾਂਸਫਰ ਹੁੰਦੀ ਹੈ, ਕੁਝ ਦਿਨਾਂ ਬਾਅਦ ਬਹਾਨੇਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਅੰਤ ’ਚ ਸੰਪਰਕ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਂਦਾ ਹੈ। ----------------- ਮਾਮਲਾ 1: ਜਲੰਧਰ ਦੇ ਜਿਮ ਟ੍ਰੇਨਰ ਨਾਲ 13 ਲੱਖ ਦੀ ਠੱਗੀ ਜਲੰਧਰ ਦੇ ਇਕ 28 ਸਾਲਾ ਜਿਮ ਟ੍ਰੇਨਰ ਨੇ ਇੰਟਰਨੈੱਟ ’ਤੇ ਕੈਨੇਡਾ ’ਚ ਵਿਆਹ ਬਾਰੇ ਇਕ ਮੈਸੇਜ ਦੇਖਿਆ। ਲਿੰਕ ਖੋਲ੍ਹਣ ’ਤੇ ਇਕ ਨੰਬਰ ਮਿਲਿਆ। ਫ਼ੋਨ ’ਤੇ ਗੱਲ ਕਰਨ ਵਾਲੇ ਵਿਅਕਤੀ ਨੇ ਆਪਣੇ-ਆਪ ਨੂੰ ਏਜੰਟ ਦੱਸਿਆ ਤੇ ਇਕ ਲੜਕੀ ਦਾ ਨੰਬਰ ਦਿੱਤਾ। ਉਸ ਨਾਲ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ ਕਰੀਬ 13 ਲੱਖ ਰੁਪਏ ਦੀ ਠੱਗੀ ਕੀਤੀ ਗਈ। ਦਿੱਤੇ ਨੰਬਰ ’ਤੇ ਗੱਲਬਾਤ ਦੌਰਾਨ ਇਕ ਨੌਜਵਾਨੀ ਨਾਲ ਜਾਣ-ਪਛਾਣ ਹੋਈ, ਜਿਸ ਨੇ ਆਪਣੇ-ਆਪ ਨੂੰ ਕੈਨੇਡਾ ’ਚ ਨਰਸ ਦੱਸਿਆ। ਵਿਆਹ ਤੋਂ ਬਾਅਦ ਪੀਆਰ ਦਿਵਾਉਣ ਦਾ ਵਾਅਦਾ ਕਰਕੇ ਵੀਜ਼ਾ ਤੇ ਲੀਗਲ ਖਰਚਾਂ ਦੇ ਨਾਂ ’ਤੇ ਵੱਖ-ਵੱਖ ਖਾਤਿਆਂ ’ਚ ਪੈਸੇ ਪੁਆਏ ਗਏ। ਕੁਝ ਮਹੀਨਿਆਂ ਬਾਅਦ ਨੌਜਵਾਨੀ ਤੇ ਏਜੰਟ ਦੋਵੇਂ ਦੇ ਨੰਬਰ ਬੰਦ ਹੋ ਗਏ। -------------------------- ਮਾਮਲਾ 2: ਜਲੰਧਰ ਦੀ ਕੁੜੀ ਤੋਂ 8 ਲੱਖ ਰੁਪਏ ਠੱਗੇ ਜਲੰਧਰ ਦੀ ਇਕ ਕੁੜੀ ਨੇ ਇੰਟਰਨੈੱਟ ਮੀਡੀਆ ’ਤੇ ਵਿਦੇਸ਼ੀ ਲੜਕੇ ਨਾਲ ਵਿਆਹ ਬਾਰੇ ਸੁਨੇਹਾ ਦੇਖਿਆ ਤੇ ਲਿੰਕ ਖੋਲ੍ਹਿਆ। ਕੁੜੀ ਨੂੰ ਯੂਕੇ ’ਚ ਵੱਸਦੇ ਇਕ ਨੌਜਵਾਨ ਵੱਲੋਂ ਵਿਆਹ ਦਾ ਪ੍ਰਸਤਾਵ ਮਿਲਿਆ। ਉਸ ਨੇ ਆਪਣੇ-ਆਪ ਨੂੰ ਆਈਟੀ ਪ੍ਰੋਫੈਸ਼ਨਲ ਦੱਸਿਆ ਤੇ ਵਿਆਹ ਤੋਂ ਬਾਅਦ ਉੱਥੇ ਹੀ ਸੈਟਲ ਕਰਵਾਉਣ ਦਾ ਭਰੋਸਾ ਦਿੱਤਾ। ਮੈਡੀਕਲ ਤੇ ਫਾਈਲ ਚਾਰਜਾਂ ਦੇ ਨਾਂ ’ਤੇ ਕੁੜੀ ਕੋਲੋਂ ਕਰੀਬ 8 ਲੱਖ ਰੁਪਏ ਆਨਲਾਈਨ ਟਰਾਂਸਫਰ ਕਰਵਾ ਲਏ ਗਏ, ਜੋ ਉਸ ਨੇ ਕਰਜ਼ਾ ਲੈ ਕੇ ਦਿੱਤੇ ਸਨ। ਬਾਅਦ ’ਚ ਨੌਜਵਾਨ ਨੇ ਅਚਾਨਕ ਗੱਲਬਾਤ ਬੰਦ ਕਰ ਦਿੱਤੀ ਤੇ ਇੰਟਰਨੈੱਟ ਮੀਡੀਆ ਅਕਾਊਂਟ ਵੀ ਡਿਲੀਟ ਕਰ ਦਿੱਤਾ। ------------------------- ਮਾਮਲਾ 3: ਨਕਲੀ ਏਜੰਟ ਬਣ ਕੇ ਠੱਗੀ ਇੰਟਰਨੈੱਟ ਮੀਡੀਆ ’ਤੇ ਆਏ ਇਕ ਮੈਸੇਜ ਦਾ ਲਿੰਕ ਖੋਲ੍ਹਣ ਤੋਂ ਬਾਅਦ ਜਲੰਧਰ ਦੇ ਇਕ ਟ੍ਰੇਨੀ ਡਾਕਟਰ ਤੋਂ ਆਸਟ੍ਰੇਲੀਆ ’ਚ ਵਿਆਹ ਤੈਅ ਕਰਵਾਉਣ ਦੇ ਨਾਂ ’ਤੇ 22 ਲੱਖ ਰੁਪਏ ਲਏ ਗਏ। ਵਿਆਹ ਦੀ ਤਰੀਕ ਤੇ ਟਿਕਟ ਤੱਕ ਦਿਖਾ ਦਿੱਤੀ ਗਈ ਪਰ ਆਖ਼ਰੀ ਸਮੇਂ ਲਿੰਕ ’ਤੇ ਮਿਲੇ ਨੰਬਰ ’ਤੇ ਗੱਲ ਕਰਨ ਵਾਲਾ ਏਜੰਟ ਗਾਇਬ ਹੋ ਗਿਆ। ਜਾਂਚ ’ਚ ਪਤਾ ਲੱਗਾ ਕਿ ਦਿੱਤੇ ਗਏ ਸਾਰੇ ਦਸਤਾਵੇਜ਼ ਨਕਲੀ ਸਨ। ----------------------- ਬਦਨਾਮੀ ਦੇ ਡਰ ਕਾਰਨ ਸ਼ਿਕਾਇਤ ਨਹੀਂ ਕਰਦੇ ਲੋਕ ਐਡਵੋਕੇਟ ਸੂਰਜ ਚੱਢਾ ਨੇ ਦੱਸਿਆ ਕਿ ਕਈ ਪੀੜਤ ਬਦਨਾਮੀ ਦੇ ਡਰ ਕਾਰਨ ਸ਼ਿਕਾਇਤ ਦਰਜ ਹੀ ਨਹੀਂ ਕਰਵਾਉਂਦੇ, ਜਿਸ ਨਾਲ ਠੱਗਾਂ ਦੇ ਹੌਸਲੇ ਹੋਰ ਵਧ ਜਾਂਦੇ ਹਨ। ਠੱਗੀ ਦਾ ਅਸਰ ਸਿਰਫ਼ ਆਰਥਿਕ ਨੁਕਸਾਨ ਤੱਕ ਸੀਮਤ ਨਹੀਂ ਰਹਿੰਦਾ। ਪੀੜਤ ਮਾਨਸਿਕ ਤਣਾਅ, ਡਿਪ੍ਰੈਸ਼ਨ ਤੇ ਸਮਾਜਿਕ ਸ਼ਰਮਿੰਦਗੀ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਪਰਿਵਾਰ ਕਰਜ਼ੇ ’ਚ ਡੁੱਬ ਜਾਂਦੇ ਹਨ। ਲੋਕਾਂ ਨੂੰ ਸਚੇਤ ਰਹਿਣਾ ਚਾਹੀਦਾ ਹੈ ਤੇ ਜੇ ਠੱਗੀ ਦਾ ਸ਼ਿਕਾਰ ਹੋ ਜਾਣ ਤਾਂ ਕਾਨੂੰਨ ਦੀ ਮਦਦ ਜ਼ਰੂਰ ਲੈਣੀ ਚਾਹੀਦੀ ਹੈ। ----------------------- ਇਹ ਗੱਲਾਂ ਯਾਦ ਰੱਖੋ… ਵਿਦੇਸ਼ ’ਚ ਵਿਆਹ ਜਾਂ ਸੈਟਲਮੈਂਟ ਨਾਲ ਜੁੜੀ ਕਿਸੇ ਵੀ ਤਜਵੀਜ਼ ’ਤੇ ਅੱਖਾਂ ਮੀਟ ਕੇ ਭਰੋਸਾ ਨਾ ਕਰੋ। ਕਿਸੇ ਅਣਜਾਣ ਵਿਅਕਤੀ ਜਾਂ ਏਜੰਟ ਨੂੰ ਆਨਲਾਈਨ ਪੈਸੇ ਭੇਜਣ ਤੋਂ ਪਹਿਲਾਂ ਉਸ ਦੀ ਪੂਰੀ ਜਾਂਚ ਕਰੋ। ਸਰਕਾਰੀ ਦੂਤਾਵਾਸ, ਇਮੀਗ੍ਰੇਸ਼ਨ ਵੈੱਬਸਾਈਟ ਤੇ ਅਧਿਕਾਰਤ ਏਜੰਟ ਦੀ ਪੁਸ਼ਟੀ ਬਿਨਾਂ ਕੋਈ ਭੁਗਤਾਨ ਨਾ ਕਰੋ। ਸ਼ੱਕ ਹੋਣ ’ਤੇ ਤੁਰੰਤ ਸਾਈਬਰ ਹੈਲਪਲਾਈਨ 1930 ਜਾਂ ਨੇੜਲੇ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਓ। ---------------------------- ਡਿਜੀਟਲ ਠੱਗੀ ਤੋਂ ਬਚਣ ਦਾ ਸਭ ਤੋਂ ਵੱਡਾ ਹਥਿਆਰ ਜਾਗਰੂਕਤਾ ਹੈ। ਵਿਦੇਸ਼ ਜਾਣ ਜਾਂ ਵਿਆਹ ਦੇ ਨਾਂ ’ਤੇ ਆਉਣ ਵਾਲੇ ਦਿਲਖਿਚਵੀਆਂ ਤਜਵੀਜ਼ਾਂ ਜਿੰਨੇ ਮਨ ਭਰਮਾਊਂਦੀਆਂ ਦਿਸਦੀਆਂ ਹਨ, ਉਨ੍ਹਾਂ ਹੀ ਖ਼ਤਰਨਾਕ ਵੀ ਹੋ ਸਕਦੇ ਹਨ। ਸਹੀ ਜਾਣਕਾਰੀ, ਸਾਵਧਾਨੀ ਤੇ ਸਮੇਂ ਸਿਰ ਸ਼ਿਕਾਇਤ ਹੀ ਨੌਜਵਾਨਾਂ ਨੂੰ ਇਸ ਸਾਈਬਰ ਜਾਲ ਤੋਂ ਬਚਾਅ ਸਕਦੀ ਹੈ। ਸੁਚੇਤ ਰਹੋ, ਸਾਵਧਾਨ ਰਹੋ ਤੇ ਅਜਿਹਾ ਕੋਈ ਮੈਸੇਜ ਆਏ ਤਾਂ ਲਿੰਕ ਨਾ ਖੋਲ੍ਹੋ। ਲੋੜ ਪੈਣ ’ਤੇ ਪੁਲਿਸ ਦੀ ਮਦਦ ਲਓ। --- ਪੁਲਿਸ ਕਮਿਸ਼ਨਰ, ਧਨਪ੍ਰੀਤ ਕੌਰ