ਅੱਗ ਲੱਗਣ ਨਾਲ ਕੁੜੀ ਦੇ ਵਿਆਹ ਲਈ ਜੋੜਿਆ ਦਾਜ ਸੜ ਕੇ ਸੁਆਹ
ਅੱਗ ਲੱਗਣ ਨਾਲ ਕੁੜੀ ਦੇ ਵਿਆਹ ਲਈ ਜੋੜਿਆ ਦਾਜ ਸੜ ਕੇ ਸੁਆਹ
Publish Date: Sun, 04 Jan 2026 10:12 PM (IST)
Updated Date: Mon, 05 Jan 2026 04:12 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇੰਦਰਾ ਕਾਲੋਨੀ ਦੇ ਇਕ ਘਰ ’ਚ ਅੱਗ ਲੱਗਣ ਨਾਲ ਕੁੜੀ ਦੇ ਵਿਆਹ ਲਈ ਜੋੜਿਆ ਦਾਜ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਰਨ ਸ਼ਾਹੀ ਨੇ ਦੱਸਿਆ ਕਿ ਉਹ ਤੇ ਉਸ ਦੀ ਮਾਂ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਕੁਝ ਹੀ ਸਮੇਂ ਬਾਅਦ ਉਸ ਦੀ ਭੈਣ ਦਾ ਵਿਆਹ ਸੀ, ਜਿਸ ਲਈ ਹੌਲੀ-ਹੌਲੀ ਕਰ ਕੇ ਉਨ੍ਹਾਂ ਵੱਲੋਂ ਦਾਜ ਦਾ ਸਾਮਾਨ ਇਕੱਠਾ ਕੀਤਾ ਹੋਇਆ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਉਹ ਘਰ ’ਚ ਸੁੱਤੇ ਹੋਏ ਸਨ ਤਾਂ ਘਰ ਦੇ ਉੱਪਰਲੇ ਕਮਰੇ ’ਚ ਅੱਗ ਲੱਗ ਗਈ। ਅੱਗ ਬਾਰੇ ਉਨ੍ਹਾਂ ਨੂੰ ਉਸ ਵੇਲੇ ਪਤਾ ਲੱਗਾ ਜਦ ਅੱਗ ਲੱਗਣ ਨਾਲ ਕਮਰੇ ’ਚ ਪਿਆ ਹੋਇਆ ਟੀਵੀ ਤੇ ਫਰਿੱਜ਼ ਦੇ ਪਟਾਕੇ ਵੱਜਣੇ ਸ਼ੁਰੂ ਹੋ ਗਏ। ਉਨ੍ਹਾਂ ਵੱਲੋਂ ਰੌਲਾ ਪਾਏ ਜਾਣ ’ਤੇ ਇਕੱਤਰ ਲੋਕਾਂ ਵੱਲੋਂ ਅੱਗ ਉਪਰ ਕਾਬੂ ਪਾਇਆ ਗਿਆ। ਉਸ ਨੇ ਦੱਸਿਆ ਕਿ ਘਰ ’ਚ ਵਰਤੋਂ ਦੇ ਘਰੇਲੂ ਸਾਮਾਨ ਤੋਂ ਇਲਾਵਾ ਉਸ ਦੀ ਭੈਣ ਦੇ ਵਿਆਹ ਦੇ ਦਾਜ ਲਈ ਇਕੱਠਾ ਕੀਤਾ ਹੋਇਆ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ।