ਗ੍ਰਾਟਾਂ ’ਚ ਬੇਨਿਯਮੀਆਂ ਖ਼ਿਲਾਫ਼ ਦਿੱਤਾ ਮੰਗ ਪੱਤਰ
ਥੰਮੂਵਾਲ ਦੀ ਅਗਵਾਈ ਹੇਠ ਵਫਦ ਨੇ ਬੀਡੀਪੀਓ ਨੂੰ ਦਿੱਤਾ ਮੰਗ ਪੱਤਰ
Publish Date: Tue, 24 Mar 2026 09:15 PM (IST)
Updated Date: Tue, 24 Mar 2026 09:16 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ੍ : ਪਿੰਡ ਥੰਮੂਵਾਲ ਦੇ ਵਸਨੀਕਾਂ ਦਾ ਇਕ ਵਫਦ ਮੰਗਲਵਾਰ ਬੀਡੀਪੀਓ ਸ਼ਾਹਕੋਟ ਨੂੰ ਮਿਲਿਆ ਤੇ ਉਨ੍ਹਾਂ ਨੂੰ ਪਿੰਡ ’ਚ ਮਕਾਨਾਂ ਦੀ ਮੁਰੰਮਤ ਲਈ ਮਿਲਣ ਵਾਲੀ ਸਰਕਾਰੀ ਗ੍ਰਾਂਟ ਦੀ ਵੰਡ ’ਚ ਹੋ ਰਹੀ ਕਥਿਤ ਧਾਂਦਲੀ ਦੇ ਸਬੰਧੀ ਇਕ ਲਿਖਤੀ ਦਰਖਾਸਤ ਸੌਂਪੀ। ਵਫਦ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਪਿੰਡ ’ਚ ਗਾਡਰ-ਬਾਲੇ ਵਾਲਿਆ ਮਕਾਨਾਂ ਦੇ ਸਬੰਧ ਵਿੱਚ ਜੋ ਗ੍ਰਾਂਟ ਦਿੱਤੀ ਜਾ ਰਹੀ ਹੈ, ਉਸ ਦੀ ਸੂਚੀ ’ਚ ਵੱਡੇ ਪੱਧਰ ’ਤੇ ਬੇਨਿਯਮੀਆਂ ਹਨ। ਉਨ੍ਹਾਂ ਕਿਹਾ ਕਿ ਕਈ ਅਜਿਹੇ ਪਰਿਵਾਰਾਂ ਦੇ ਨਾਮ ਸੂਚੀ ਵਿੱਚ ਸ਼ਾਮਲ ਹਨ, ਜਿਨ੍ਹਾਂ ਦੇ ਪਹਿਲਾਂ ਹੀ ਲੈਂਟਰ ਪਏ ਹੋਏ ਹਨ। ਇੰਨਾ ਹੀ ਨਹੀਂ, ਇੱਕ-ਇੱਕ ਪਰਿਵਾਰ ਦੇ 2 ਤੋਂ 3 ਮੈਂਬਰਾਂ ਦੇ ਨਾਂ ਗ੍ਰਾਂਟ ਸੂਚੀ ਵਿੱਚ ਪਾ ਕੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਕਾਮਰੇਡ ਥੰਮੂਵਾਲ ਨੇ ਦੱਸਿਆ ਕਿ ਪਿੰਡ ਵਿੱਚ ਕਈ ਬਹੁਤ ਹੀ ਗਰੀਬ ਤੇ ਐੱਸਸੀ ਭਾਈਚਾਰੇ ਨਾਲ ਸਬੰਧਤ ਲੋੜਵੰਦ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਮਕਾਨ ਬੇਹੱਦ ਖਸਤਾ ਹਾਲਾਤ ਵਿਚ ਹਨ ਤੇ ਛੱਤਾਂ ਵੀ ਡਿੱਗਣ ਵਾਲੀਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਅਸਲੀ ਹੱਕਦਾਰਾਂ ਨੂੰ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਦੂਜੇ ਪਾਸੇ, ਉਨ੍ਹਾਂ ਪਰਿਵਾਰਾਂ ਨੂੰ ਵੀ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਬੱਚੇ ਅਮਰੀਕਾ ਵਰਗੇ ਦੇਸ਼ਾਂ ਵਿਚ ਗਏ ਹੋਏ ਹਨ। ਵਫਦ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਗਲਤ ਤਰੀਕੇ ਨਾਲ ਗ੍ਰਾਂਟ ਲੈਣ ਵਾਲਿਆਂ ਨੂੰ ਰੋਕਿਆ ਜਾ ਸਕੇ ਤੇ ਪਿੰਡ ਦੇ ਅਸਲੀ ਲੋੜਵੰਦ ਪਰਿਵਾਰਾਂ ਨੂੰ ਸੂਚੀ ਵਿੱਚ ਸ਼ਾਮਲ ਕਰਕੇ ਰਾਹਤ ਦਿੱਤੀ ਜਾਵੇ। ਬੀਡੀਪੀਓ ਬਲਜੀਤ ਸਿੰਘ ਬੱਗਾ ਨੇ ਵਫਦ ਦੀਆਂ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਿਆ ਤੇ ਭਰੋਸਾ ਦਿਵਾਇਆ ਕਿ ਇਸ ਮਾਮਲੇ ਦੀ ਜਾਂਚ ਕਰਕੇ ਯੋਗ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਕਾਮਰੇਡ ਚਰਨਜੀਤ ਸਿੰਘ ਬੰਮੂਵਾਲ ਤੋਂ ਇਲਾਵਾ ਜਗਤਾਰ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਜਗੀਰ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।