ਕੰਪਿਊਟਰਾਈਜ਼ਡ ਜਨਮ ਸਰਟੀਫਿਕੇਟ ਦਾ ਫੈਸਲਾ ਵਾਪਸ ਲਿਆ ਜਾਵੇ : ਡੀਟੀਐੱਫ
ਕੰਪਿਊਟਰਾਇਜ਼ਡ ਜਨਮ ਸਰਟੀਫਿਕੇਟ ਦਾ ਤੁੱਗਲਕੀ ਫੈਸਲਾ ਵਾਪਸ ਲਿਆ ਜਾਵੇ - ਡੀਟੀਐੱਫ਼
Publish Date: Mon, 06 Apr 2026 07:06 PM (IST)
Updated Date: Mon, 06 Apr 2026 07:07 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਦਾਖਲੇ ਤੇ ਲਾਏ ਨਵੇਂ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖਤਰੇ ’ਚ ਪਾ ਦਿੱਤਾ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਨੌਵੀਂ ਜਮਾਤ ’ਚ ਦਾਖਲਾ ਲੈਣ ਲਈ ਵਿਦਿਆਰਥੀ ਕੋਲ ਸੁਵਿਧਾ ਕੇਂਦਰ ਵੱਲੋਂ ਜਾਰੀ ਕੀਤਾ ਕੰਪਿਊਟਰਾਇਜ਼ਡ ਜਨਮ ਸਰਟੀਫਿਕੇਟ ਹੋਣਾ ਜ਼ਰੂਰੀ ਕਰ ਦਿੱਤਾ ਹੈ, ਜਿਸ ਨਾਲ ਵਿਦਿਆਰਥੀਆਂ ਤੇ ਮਾਪਿਆਂ ਦੀਆਂ ਪਰੇਸ਼ਾਨੀਆਂ ਵਧ ਜਾਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਹ ਫ਼ੈਸਲਾ ਜ਼ਮੀਨੀ ਪੱਧਰ ਦੀਆਂ ਹਾਲਾਤ ਦੇ ਅਨੁਕੂਲ ਨਹੀਂ ਹੈ। ਜਥੇਬੰਦੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ, ਜ਼ਿਲ੍ਹਾ ਸਕੱਤਰ ਅਵਤਾਰ ਲਾਲ, ਜ਼ਿਲ੍ਹਾ ਕਮੇਟੀ ਮੈਂਬਰ ਗੌਰਵ ਕੁਮਾਰ, ਅਮਨਦੀਪ ਸਿੰਘ ਸ਼ਾਹਕੋਟ ਤੇ ਰਾਜਵਿੰਦਰਪਾਲ ਸਿੰਘ ਆਗੂਆਂ ਨੇ ਕਿਹਾ ਕਿ ਬੋਰਡ ਦੇ ਇਸ ਫੈਸਲੇ ਨਾਲ ਵਿਦਿਆਰਥੀਆਂ ਤੇ ਮਾਪਿਆਂ ਦੀ ਖੱਜਲ ਖੁਆਰੀ ਵਧ ਜਾਵੇਗੀ। ਉਹ ਦਾਖਲਾ ਲੈਣ ਦੇ ਦਿਨਾਂ ’ਚ ਸੁਵਿਧਾ ਕੇਂਦਰਾਂ ਦੀਆਂ ਲਾਈਨਾਂ ’ਚ ਖੜ੍ਹ ਕੇ ਖੱਜਲ ਖੁਆਰ ਹੋ ਰਹੇ ਹਨ। ਆਗੂਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਅਪੀਲ ਕੀਤੀ ਕਿ ਇਹ ਬੇਤੁੱਕਾ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ।