ਜਾਸ, ਜਲੰਧਰ : ਨਗਰ

ਜਾਸ, ਜਲੰਧਰ : ਨਗਰ ਨਿਗਮ ਨੰਗਲ ਸ਼ਾਮਾਂ ਡੌਗ ਕੰਪਾਊਂਡ ਦੇ ਕੰਪਲੈਕਸ ’ਚ ਸਥਿਤ ਪਿਟਸ ਪ੍ਰੋਜੈਕਟ ਨੂੰ ਇਕ ਹਫ਼ਤੇ ’ਚ ਸ਼ੁਰੂ ਕਰਨ ਜਾ ਰਿਹਾ ਹੈ। ਨਗਰ ਨਿਗਮ ਦੀ ਹੈਲਥ ਬ੍ਰਾਂਚ ਦੇ ਅਧਿਕਾਰੀ ਡਾਕਟਰ ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਟੀਮ ਦੇ ਨਾਲ ਵੀਰਵਾਰ ਸ਼ਾਮ ਨੂੰ ਪਿਟਸ ਪ੍ਰੋਜੈਕਟ ਦਾ ਮੁਆਇਨਾ ਕੀਤਾ। 7 ਸਾਲਾਂ ਤੱਕ ਇਹ ਪ੍ਰੋਜੈਕਟ ਬੰਦ ਰਹਿਣ ਕਾਰਨ ਜੋ ਖਾਮੀਆਂ ਸਾਹਮਣੇ ਆ ਗਈਆਂ ਹਨ, ਉਨ੍ਹਾਂ ਨੂੰ ਇਸ ਹਫ਼ਤੇ ਦੂਰ ਕੀਤਾ ਜਾਵੇਗਾ। ਨਗਰ ਨਿਗਮ ਨੇ ਪਿਟਸ ਪ੍ਰੋਜੈਕਟ ਨਾਲ ਸਥਿਤ ਕਿੰਗ ਅਪਾਰਟਮੈਂਟ ਵੈੱਲਫੇਅਰ ਸੁਸਾਇਟੀ ਦੇ ਕੂੜੇ ਨੂੰ ਪ੍ਰੋਸੈਸ ਨਾ ਕਰਨ 'ਤੇ ਚਲਾਨ ਵੀ ਕੱਟਿਆ ਹੈ। ਇਸ ਦੌਰਾਨ, ਨਗਰ ਨਿਗਮ ਦੀ ਟੀਮ ਨੇ ਨੰਗਲ ਸ਼ਾਮਾਂ ਇਲਾਕੇ ਦੇ ਆਸ-ਪਾਸ ਰਾਮਾ ਮੰਡੀ ਦੇ ਵਾਰਡਾਂ ’ਚ ਵੇਸਟ ਸੈਗ੍ਰੀਗੇਸ਼ਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਲਾਕੇ ਵਿਚ ਕੂੜਾ ਇਕੱਠਾ ਕਰਨ ਵਾਲੇ ਰੈਗ ਪਿੱਕਰਾਂ ਨੂੰ ਕਿਹਾ ਗਿਆ ਹੈ ਕਿ ਉਹ ਸਾਰੇ ਘਰਾਂ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਲੈਣ। ਨਾਲ ਹੀ ਲੋਕਾਂ ਨੂੰ ਵੈਸਟ ਸੈਗ੍ਰੀਗੇਸ਼ਨ ਲਈ ਤਿਆਰ ਕਰਨ ਲਈ ਨਗਰ ਨਿਗਮ ਨੇ ਆਪਣੇ ਮੋਟੀਵੇਟਰ ਵੀ ਤਾਇਨਾਤ ਕੀਤੇ ਹਨ। ਇਹ ਮੋਟੀਵੇਟਰ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕਰਨਗੇ ਕਿ ਗਿਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਤੇ ਰੈਗ ਪਿੱਕਰਾਂ ਨੂੰ ਵੀ ਇੰਝ ਕੂੜਾ ਦੇਣ।
ਯਾਦ ਰਹੇ ਕਿ 7 ਸਾਲ ਪਹਿਲਾਂ ਪਿਟਸ ਪ੍ਰੋਜੈਕਟ ਦੇ ਪਰਿਸਰ ਨਾਲ ਸਥਿਤ ਕਿੰਗ ਅਪਾਰਟਮੈਂਟ ਵੈੱਲਫੇਅਰ ਸੁਸਾਇਟੀ ਨੇ ਨਗਰ ਨਿਗਮ ਦੇ ਇਸ ਪ੍ਰੋਜੈਕਟ 'ਤੇ ਇਤਰਾਜ਼ ਜਤਾਇਆ ਸੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਕੇਸ ਕਰਕੇ ਸਟੇਅ ਲੈ ਲਿਆ ਸੀ। ਬਾਅਦ ’ਚ ਇਹ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਟ੍ਰਾਂਸਫਰ ਹੋ ਗਿਆ ਸੀ। ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਨਗਰ ਨਿਗਮ ਦੇ ਇਸ ਪ੍ਰੋਜੈਕਟ ਤੋਂ ਰੋਕ ਹਟਾ ਦਿੱਤੀ ਹੈ, ਜਿਸ ਤੋਂ ਬਾਅਦ ਨਗਰ ਨਿਗਮ ਇੱਥੇ ਦੁਬਾਰਾ ਕੂੜੇ ਨੂੰ ਖੁਰਾਕ ’ਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਹੈ। ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ 7 ਸਾਲਾਂ ਤੱਕ ਪ੍ਰੋਜੈਕਟ ਬੰਦ ਰਹਿਣ ਕਾਰਨ ਕੁਝ ਖਾਮੀਆਂ ਆ ਗਈਆਂ ਹਨ। ਇੱਥੇ ਮਸ਼ੀਨਰੀ ਵੀ ਇੰਸਟਾਲ ਕੀਤੀ ਜਾਣੀ ਹੈ ਅਤੇ ਉਸ ਲਈ ਵੀ ਕੰਮ ਹੋਵੇਗਾ। ਇਸ ਬਾਰੇ ਪੂਰੀ ਰਿਪੋਰਟ ਤਿਆਰ ਕਰ ਲਈ ਗਈ ਹੈ ਅਤੇ ਮੇਅਰ ਵਨੀਤ ਧੀਰ ਨੂੰ ਸੌਂਪ ਦਿੱਤੀ ਹੈ। ਜਲਦੀ ਹੀ ਇਹ ਕੰਮ ਵੀ ਕਰਵਾ ਲਿਆ ਜਾਵੇਗਾ। ਅਗਲੇ ਇਕ ਹਫ਼ਤੇ ਤੋਂ 10 ਦਿਨਾਂ ਵਿਚ ਇੱਥੇ ਕੁੜੇ ਦੀ ਪ੍ਰੋਸੈਸਿੰਗ ਸ਼ੁਰੂ ਹੋ ਜਾਵੇਗੀ।
---------
ਕਿੰਗ ਅਪਾਰਟਮੈਂਟ ਦਾ ਕੱਟਿਆ ਤੀਜਾ ਚਲਾਨ
ਜਲੰਧਰ : ਨਗਰ ਨਿਗਮ ਦੀ ਹੈਲਥ ਬ੍ਰਾਂਚ ਨੇ ਹੁਸ਼ਿਆਰਪੁਰ ਰੋਡ ਸਥਿਤ ਕਿੰਗ ਅਪਾਰਟਮੈਂਟ ਵੈੱਲਫੇਅਰ ਸੁਸਾਇਟੀ ਦਾ ਕੂੜਾ ਪ੍ਰੋਸੈਸ ਨਾ ਕਰਨ 'ਤੇ ਤੀਜੀ ਵਾਰੀ ਚਲਾਨ ਕੱਟਿਆ ਹੈ। ਟੀਮ ਨੇ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਚਲਾਨ ਸੌਂਪ ਦਿੱਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਅਪਾਰਟਮੈਂਟ ਕੰਪਲੈਕਸ ’ਚੋਂ ਨਿਕਲਣ ਵਾਲੇ ਕੂੜੇ ਨੂੰ ਅੰਦਰ ਹੀ ਖਾਦ ’ਚ ਬਦਲਣ ਦਾ ਪ੍ਰਬੰਧ ਕਰੋ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਲਈ ਪੁੱਜੇ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ, ਸੈਨੇਟਰੀ ਇੰਸਪੈਕਟਰ ਅਮਨਦੀਪ ਧਵਨ ਤੇ ਮੋਨਿਕਾ ਸੇਖੜੀ ਨੇ ਕਿਹਾ ਕਿ ਤਿੰਨ ਵਾਰੀ ਚਲਾਨ ਕੱਟਿਆ ਗਿਆ ਹੈ। ਇਸ ਤੋਂ ਬਾਅਦ 25,000 ਦਾ ਜੁਰਮਾਨਾ ਲਾਇਆ ਜਾਵੇਗਾ। ਡਾ. ਸ਼ਰਮਾ ਨੇ ਕਿਹਾ ਕਿ ਜੇ ਕਿੰਗਸ ਅਪਾਰਟਮੈਂਟ ਕੰਪਲੈਕਸ ’ਚ ਕੂੜੇ ਨੂੰ ਖਾਦ ’ਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੁੰਦੀ ਤਾਂ ਇਸ ਬਾਰੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ। ਐੱਨਜੀਟੀ ਤੇ ਕੋਰਟ ਨੂੰ ਅਪੀਲ ਕੀਤੀ ਜਾਵੇਗੀ ਕਿ ਕੂੜੇ ਦੀ ਪ੍ਰੋਸੈਸਿੰਗ ਨਾ ਕਰਨ 'ਤੇ ਕਿੰਗ ਅਪਾਰਟਮੈਂਟ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਜਾਵੇ। ਹੈਲਥ ਅਧਿਕਾਰੀ ਨੇ ਕਿਹਾ ਕਿ ਵੱਡੇ ਪੱਧਰ ’ਤੇ ਕੂੜਾ ਪੈਦਾ ਹੋਣ ’ਤੇ ਲਾਜ਼ਮੀ ਹੈ ਕਿ ਉਹ ਆਪਣਾ ਕੂੜਾ ਕੰਪਲੈਕਸ ’ਚ ਹੀ ਖਾਦ ’ਚ ਬਦਲੇ, ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੁੰਦੀ ਹੈ ਤੇ ਕਿੰਗਸ ਅਪਾਰਟਮੈਂਟ ਵੀ ਇਸ ਦਾਇਰੇ ’ਚ ਆਉਂਦਾ ਹੈ।