ਨਿਗਮ ਨੇ ਬਿਨਾਂ ਮਨਜ਼ੂਰੀ ਲੱਗੇ ਇਸ਼ਤਿਹਾਰੀ ਬੋਰਡ ਲਾਹੇ, 25 ਚਲਾਨ ਕੱਟੇ
ਨਿਗਮ ਨੇ ਬਿਨਾਂ ਮਨਜ਼ੂਰੀ ਲੱਗੇ ਇਸ਼ਤਿਹਾਰੀ ਬੋਰਡ ਉਤਾਰੇ, 25 ਚਲਾਨ ਕੱਟੇ, ਭੁਗਤਾਨ ਨਾ ਹੋਣ ’ਤੇ ਕੋਰਟ ਭੇਜੇ ਜਾਣਗੇ
Publish Date: Mon, 02 Mar 2026 10:49 PM (IST)
Updated Date: Mon, 02 Mar 2026 10:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਨੇ ਸੋਮਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ’ਚੋਂ ਗੈਰਕਾਨੂੰਨੀ ਬੋਰਡ ਹਟਾਏ। ਸੁਪਰਡੈਂਟ ਮਨਦੀਪ ਸਿੰਘ ਦੇ ਨਿਰਦੇਸ਼ਾਂ ’ਤੇ ਇਹ ਕਾਰਵਾਈ ਕੀਤੀ ਗਈ। ਇਸ ਦੌਰਾਨ 25 ਚਲਾਨ ਕੱਟੇ ਗਏ ਤੇ ਬਿਨਾਂ ਮਨਜ਼ੂਰੀ ਬੋਰਡ ਲਗਾਉਣ ਵਾਲੀਆਂ ਕੰਪਨੀਆਂ ਨੂੰ ਭੇਜ ਦਿੱਤੇ ਗਏ ਹਨ। ਇਨ੍ਹਾਂ ਸਭ ’ਤੇ ਜੁਰਮਾਨਾ ਲਗਾਇਆ ਜਾਵੇਗਾ ਤੇ ਜੋ ਲੋਕ ਜੁਰਮਾਨਾ ਨਹੀਂ ਭਰਨਗੇ, ਉਨ੍ਹਾਂ ਦੇ ਚਲਾਨ ਕੋਰਟ ’ਚ ਭੇਜੇ ਜਾਣਗੇ। ਸ਼ਹਿਰ ’ਚ ਇਸ਼ਤਿਹਾਰ ਦਾ ਠੇਕਾ 13.71 ਕਰੋੜ ਰੁਪਏ ’ਚ ਜਾਰੀ ਹੋ ਚੁੱਕਾ ਹੈ, ਇਸ ਦੇ ਬਾਵਜੂਦ ਲੋਕ ਬਿਨਾਂ ਮਨਜ਼ੂਰੀ ਦੇ ਇਸ਼ਤਿਹਾਰ ਲਗਾ ਰਹੇ ਹਨ। ਇਸ ਨਾਲ ਠੇਕਾ ਲੈਣ ਵਾਲੀ ਕੰਪਨੀ ਨੂੰ ਵੀ ਨੁਕਸਾਨ ਹੋ ਰਿਹਾ ਹੈ। ਤਹਿਬਾਜ਼ਾਰੀ ਬ੍ਰਾਂਚ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਟੂ ਨੇ ਕਿਹਾ ਕਿ ਜੇ ਲੋਕ ਨਿਗਮ ’ਚ ਆ ਕੇ ਆਪਣੇ ਚਲਾਨਾਂ ਦਾ ਭੁਗਤਾਨ ਨਹੀਂ ਕਰਦੇ ਤਾਂ ਇਹ ਸਾਰੇ ਚਲਾਨ ਕੋਰਟ ’ਚ ਭੇਜੇ ਜਾਣਗੇ। ਨਗਰ ਨਿਗਮ ਵੱਡੀਆਂ ਕੰਪਨੀਆਂ ਦੀ ਮਦਦ ਨਾਲ ਸ਼ਹਿਰ ਦੇ ਚੌਕਾਂ ਤੇ ਸੈਂਟਰਲ ਵਰਜਾਂ ਨੂੰ ਰੀਨੋਵੇਟ ਕਰਕੇ ਸੁੰਦਰ ਬਣਾ ਰਿਹਾ ਹੈ,ਪਰ ਬਿਨਾਂ ਮਨਜ਼ੂਰੀ ਲੱਗੇ ਬੋਰਡਾਂ ਨਾਲ ਉਨ੍ਹਾਂ ਦੀ ਸੋਹਣੀ ਦਿੱਖ ਖ਼ਰਾਬ ਕੀਤੀ ਜਾ ਰਹੀ ਹੈ। ਨਿਗਮ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਲੋਕ ਚੌਕਾਂ ਦੇ ਆਲੇ-ਦੁਆਲੇ ਐਡਵਰਟਾਈਜ਼ਿੰਗ ਬੋਰਡ ਲਗਾਉਣਗੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਇਸ ਮਾਮਲੇ ’ਚ ਪ੍ਰਿੰਟਰਾਂ ’ਤੇ ਵੀ ਕਾਰਵਾਈ ਹੋਵੇਗੀ। ਅੱਜ ਵੀ ਤਹਿਬਾਜ਼ਾਰੀ ਬ੍ਰਾਂਚ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਟੂ ਦੀ ਅਗਵਾਈ ’ਚ ਦੋਆਬਾ ਚੌਕ, ਵਰਕਸ਼ਾਪ ਚੌਕ, ਭਗਵਾਨ ਵਾਲਮੀਕਿ ਚੌਕ ਤੇ ਸ਼ਹਿਰ ਦੇ ਹੋਰ ਕਈ ਇਲਾਕਿਆਂ ਤੋਂ ਗੈਰਕਾਨੂੰਨੀ ਬੋਰਡ ਹਟਾਏ ਗਏ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਐਡਵਰਟਾਈਜ਼ਿੰਗ ਬੋਰਡ ਹਟਾਉਣ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।