ਨਿਗਮ ਨੇ ਹਾਲੇ ਤੱਕ ਦਰਜ ਨਹੀਂ ਕਰਵਾਈ ਐੱਫਆਈਆਰ
ਨਿਗਮ ਨੇ ਨਹੀਂ ਕਰਾਈ ਨਵੀਆਂ ਗੱਡੀਆਂ ਦੀਆਂ ਚੋਰੀ ਹੋਈਆਂ 17 ਬੈਟਰੀਆਂ ਦੀ ਐੱਫਆਈਆਰ
Publish Date: Tue, 03 Mar 2026 08:09 PM (IST)
Updated Date: Tue, 03 Mar 2026 08:11 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਕੈਂਪਸ ’ਚ ਖੜੀਆਂ 17 ਨਵੀਆਂ ਗੱਡੀਆਂ ਦੀਆਂ ਚੋਰੀ ਹੋਈਆਂ 17 ਬੈਟਰੀਆਂ ਦੀ ਐਫਆਈਆਰ ਅੱਜ ਤਕ ਦਰਜ ਨਹੀਂ ਹੋਈ ਤੇ ਇਸ ਸਬੰਧ ’ਚ ਨਗਰ ਨਿਗਮ ਦੇ ਕਮਿਸ਼ਨਰ ਨੇ ਵੀ ਐਫਆਈਆਰ ਦਰਜ ਕਰਵਾਉਣ ਦੀ ਮਨਜ਼ੂਰੀ ਓ ਐਂਡ ਐੱਮ ਦੇ ਐੱਸਈ ਨੂੰ ਦਿੱਤਾ ਸੀ ਜਿਸ ’ਤੇ ਐੱਸਈ ਨੇ ਚਿੱਠੀ ਬਣਾ ਕੇ ਐੱਸਡੀਓ ਨੂੰ ਦੇ ਦਿੱਤੀ ਸੀ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਗਰ ਨਿਗਮ ਕੈਂਪਸ ’ਚ ਖੜ੍ਹੀਆਂ ਗੱਡੀਆਂ ਦੀਆਂ ਬੈਟਰੀਆਂ ਇਕ ਹੀ ਰਾਤ ’ਚ ਚੋਰੀ ਹੋ ਜਾਣ ਤੇ ਉਸ ਨੂੰ ਨਿਗਮ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਨਹੀਂ ਲਿਆ ਹੋਵੇ। ਜਿਨ੍ਹਾਂ ਚੋਪਹੀਆ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਈਆਂ ਹਨ ਉਹ ਅੱਜ ਵੀ ਨਿਗਮ ਕੈਂਪਸ ’ਚ ਖੜ੍ਹੀਆਂ ਹਨ। ਇਸ ਦਾ ਕਾਰਨ ਇਹ ਵੀ ਦੱਸਿਆ ਗਿਆ ਹੈ ਕਿ ਗੱਡੀਆਂ ਤਾਂ ਆ ਗਈਆਂ ਹਨ ਪਰ ਡਰਾਈਵਰਾਂ ਦੀ ਘਾਟ ਕਾਰਨ ਗੱਡੀਆਂ ਮਜਬੂਰਨ ਨਿਗਮ ਨੂੰ ਖੜ੍ਹੀਆਂ ਕਰਨੀਆਂ ਪੈ ਰਹੀਆਂ ਹਨ। ਇਹ ਵੀ ਜ਼ਿਕਰਯੋਗ ਹੈ ਕਿ ਨਗਰ ਨਿਗਮ ’ਚ ਬਕਾਇਦਾ ਰਾਤ ਨੂੰ ਚੌਕੀਦਾਰ ਵੀ ਪਹਿਰੇ ’ਤੇ ਹੁੰਦਾ ਹੈ ਪਰ ਬੈਟਰੀਆਂ ਦੀ ਚੋਰੀ ਦੀ ਜਾਂਚ ਤਕ ਨਹੀਂ ਕੀਤੀ ਗਈ। ਇਸ ਸਬੰਧੀ ਓ ਐਂਡ ਐੱਮ ਦੇ ਐੱਸਈ ਜਸਪਾਲ ਸਿੰਘ ਅਨੁਸਾਰ ਜਿਸ ਐੱਸਡੀਓ ਨੂੰ ਐੱਫਆਈਆਰ ਦਰਜ ਕਰਵਾਉਣ ਲਈ ਪੱਤਰ ਦਿੱਤਾ ਗਿਆ ਸੀ, ਉਹ ਹੁਣ ਵੀਰਵਾਰ ਨੂੰ ਪੁਲਿਸ ਕਮਿਸ਼ਨਰ ਨੂੰ ਪੱਤਰ ਭੇਜੇਗਾ।