ਨਿਗਮ ਨੇ ਖਰਾਬ ਕੁਨੈਕਸ਼ਨ ਲਈ ਪੁੱਟੀ ਪੂਰੀ ਗਲੀ ਦੀ ਪਾਈਪ ਲਾਈਨ : ਬੇਰੀ
ਜਾਸ, ਜਲੰਧਰ : ਜ਼ਿਲ੍ਹਾ
Publish Date: Wed, 08 Apr 2026 08:58 PM (IST)
Updated Date: Wed, 08 Apr 2026 09:02 PM (IST)
ਜਾਸ, ਜਲੰਧਰ : ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਦੋਸ਼ ਲਾਇਆ ਹੈ ਕਿ ਵਾਰਡ-25 ਦੇ ਮੁਹੱਲਾ ਰਿਆਜ਼ਪੁਰਾ ’ਚ ਇਕ ਥਾਂ ਪਾਣੀ ਸਪਲਾਈ ਲਾਈਨ ’ਚ ਲੀਕੇਜ ਨੂੰ ਠੀਕ ਕਰਨ ਦੀ ਬਜਾਏ ਪੂਰੀ ਗਲੀ ਦੀ ਪਾਈਪਲਾਈਨ ਪੁੱਟ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਕ ਘਰ ’ਚ ਪੀਣ ਵਾਲੇ ਪਾਣੀ ’ਚ ਗੰਦਗੀ ਆ ਰਹੀ ਸੀ ਪਰ ਇਸ ਮੁਹੱਲੇ ’ਚ ਪੂਰੀ ਪਾਣੀ ਦੀ ਸਪਲਾਈ ਪੁੱਟ ਦਿੱਤੀ ਗਈ। ਇਸ ਕਾਰਨ ਸਾਰੇ ਲੋਕਾਂ ਨੂੰ ਆਪਣੇ ਘਰਾਂ ਲਈ ਨਵੇਂ ਕੁਨੈਕਸ਼ਨ ਲੈਣੇ ਪਏ। ਹੁਣ ਇਹ ਗਲੀ ਬਣ ਰਹੀ ਹੈ ਪਰ ਇਸ ਦਾ ਕੋਈ ਟੈਂਡਰ ਨਹੀਂ ਜਾਰੀ ਕੀਤਾ ਗਿਆ, ਨਾ ਹੀ ਪਾਣੀ ਦੀ ਸਪਲਾਈ ਪਾਈਪ ਵਿਛਾਉਣ ਕੰਮ ਲਈ ਕੋਈ ਟੈਂਡਰ ਜਾਰੀ ਕੀਤਾ ਗਿਆ। ਬੇਰੀ ਨੇ ਕਿਹਾ ਕਿ ਜੋ ਕੰਮ ਕੁਝ ਹਜ਼ਾਰ ਰੁਪਏ ’ਚ ਹੋ ਸਕਦਾ ਸੀ, ਉਸ ਨੂੰ ਕਰਵਾਉਣ ’ਚ ਲੱਖਾਂ ਰੁਪਏ ਖਰਚ ਹੋਏ। ਇਕ ਵਧੀਆ ਬਣੀ ਹੋਈ ਸੜਕ ਨੂੰ ਬਿਨਾਂ ਕਿਸੇ ਕਾਰਨ ਦੇ ਤੋੜ ਦਿੱਤਾ ਗਿਆ। ਰਾਜਿੰਦਰ ਬੇਰੀ ਨੇ ਇੰਟਰਨੈੱਟ ਮੀਡੀਆ ’ਤੇ ਲਾਈਵ ਹੋ ਕੇ ਕਿਹਾ ਕਿ ਨਗਰ ਨਿਗਮ ਲੋਕਾਂ ਕੋਲੋਂ ਟੈਕਸ ਰਾਹੀਂ ਮਿਲਿਆ ਪੈਸਾ ਬਰਬਾਦ ਕਰ ਰਿਹਾ ਹੈ। ਸੈਂਟਰਲ ਹਲਕੇ ’ਚ ਕਈ ਕੰਮ ਬਿਨਾਂ ਐਸਟੀਮੈਟ ਤੇ ਟੈਂਡਰ ਦੇ ਹੋ ਰਹੇ ਹਨ। ਨਗਰ ਨਿਗਮ ਦੇ ਕਮਿਸ਼ਨਰ ਨੂੰ ਇਨ੍ਹਾਂ ਸਾਰੇ ਕੰਮਾਂ ’ਤੇ ਧਿਆਨ ਦੇਣਾ ਚਾਹੀਦਾ ਹੈ ਤੇ ਬਿਨਾਂ ਟੈਂਡਰ ਦੇ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕੰਮ ਕਰਨ ਵਾਲੇ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।