ਠੇਕੇਦਾਰ ਨੂੰ ਕਮਿਸ਼ਨਰ ਨੇ ਕੀਤਾ ਬਲੈਕ ਲਿਸਟ
ਕੂੜੇ ਦੇ ਭਾਰ ’ਚ ਗੜਬੜ ਕਰਨ ਤੇ ਵੱਧ ਕਲੇਮ ਲੈਣ ਤੇ ਠੇਕੇਦਾਰ ਕਮਿਸ਼ਨਰ ਨੇ ਕੀਤਾ ਬਲੈਕ ਲਿਸਟ
Publish Date: Wed, 18 Mar 2026 09:06 PM (IST)
Updated Date: Wed, 18 Mar 2026 09:10 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੇ ਕਮਿਸ਼ਨਰ ਨੇ ਅਕਾਸ਼ ਗੌਰਮਿੰਟ ਠੇਕਾ ਕੰਪਨੀ ਨੂੰ ਕੂੜੇ ਦੀ ਥਾਂ ’ਤੇ ਮਲਬਾ ਲੱਦਣ ਤੇ ਭਾਰ ਦਾ ਕਲੇਮ ਲੈਣ ਦੇ ਮਾਮਲੇ ’ਚ ਬਲੈਕ ਲਿਸਟ ਕਰ ਦਿੱਤਾ ਹੈ ਅਤੇ ਉਸ ਦੇ ਭੁਗਤਾਨ ’ਤੇ ਵੀ ਰੋਕ ਲਾ ਦਿੱਤੀ ਹੈ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਉਕਤ ਠੇਕੇਦਾਰ ਨੂੰ ਮੇਅਰ ਵਨੀਤ ਧੀਰ ਨੇ ਪਹਿਲਾਂ ਵੀ ਕੂੜੇ ਦੀ ਥਾਂ ਮਲਬੇ ਦੀ ਢੁਆਈ ਤੇ ਕੰਡੇ ’ਤੇ ਵੱਧ ਭਾਰ ਦਾ ਕਲੇਮ ਲੈਣ ਦੇ ਮਾਮਲੇ ’ਚ ਦੋ ਵਾਰ 2-2 ਲੱਖ ਰੁਪਏ ਦਾ ਜੁਰਮਾਨਾ ਕੀਤਾ ਸੀ ਪਰ ਇਸ ਦੇ ਬਾਵਜੂਦ ਉਸ ਨੇ ਗੜਬੜ ਜਾਰੀ ਰੱਖੀ। ਇਸ ਨੂੰ ਦੇਖਦਿਆਂ ਉੁਕਤ ਠੇਕਾ ਕੰਪਨੀ ਨੂੰ ਬਲੈਕ ਲਿਸਟ ਕੀਤਾ ਗਿਆ ਹੈ। ਇਹ ਵਰਨਣਯੋਗ ਹੈ ਕਿ ਮੇਅਰ ਵਨੀਤ ਧੀਰ ਨੇ ਬੀਤੇ ਮੰਗਲਵਾਰ ਨੂੰ ਠੇਕੇਦਾਰ ਨੂੰ ਮੌਕੇ ’ਤੇ ਹੀ ਮਲਬੇ ਦੀ ਲੱਦਾਈ ਕਰਦੇ ਹੋਏ ਫੜਿਆ ਸੀ। ਉਕਤ ਠੇਕਾ ਕੰਪਨੀ ਕੋਲ ਕਈ ਡੰਪਾਂ ਤੋਂ ਕੂੜੇ ਦੀ ਢੁਆਈ ਕਰਨ ਦਾ ਠੇਕਾ ਸੀ ਤੇ ਉਸ ਦੇ ਸਾਰੇ ਡੰਪਾਂ ਤੋਂ ਕੂੜੇ ਦੀ ਢੁਆਈ ’ਤੇ ਰੋਕ ਲਾ ਦਿੱਤੀ ਗਈ ਹੈ। ਕਮਿਸ਼ਨਰ ਵੱਲੋਂ ਜਿਹੜੇ ਹੁਕਮ ਜਾਰੀ ਕੀਤੇ ਗਏ ਹਨ, ਉਨ੍ਹਾਂ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਕਤ ਠੇਕਾ ਕੰਪਨੀ ਨਗਰ ਨਿਗਮ ਦੇ ਕਿਸੇ ਵੀ ਕੰਮ ਦੇ ਟੈਂਡਰ ਨਹੀਂ ਪਾ ਸਕੇਗੀ। ਉਕਤ ਹੁਕਮਾਂ ਦੀ ਕਾਪੀ ਸਹਾਇਕ ਕਮਿਸ਼ਨਰ, ਸਹਾਇਕ ਸਿਹਤ ਅਫਸਰ, ਚੀਫ ਸੈਨੇਟਰੀ ਇੰਸਪੈਕਟਰ ਤੇ ਸੈਨੇਟਰੀ ਇੰਸਪੈਕਟਰ ਨੂੰ ਭੇਜ ਦਿੱਤੀ ਗਈ ਹੈ।