ਭਗਵਾਨ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ, ਝਾਕੀਆਂ ਰਹੀਆਂ ਖਿੱਚ ਦਾ ਕੇਂਦਰ
ਵੱਖ-ਵੱਖ ਸੰਸਥਾਵਾਂ ਨੇ ਲੰਗਰ
Publish Date: Thu, 26 Mar 2026 11:01 PM (IST)
Updated Date: Thu, 26 Mar 2026 11:05 PM (IST)
ਵੱਖ-ਵੱਖ ਸੰਸਥਾਵਾਂ ਨੇ ਲੰਗਰ ਲਾ ਕੇ ਤੇ ਫੁੱਲਾਂ ਦੀ ਵਰਖਾ ਨਾਲ ਕੀਤਾ ਸਵਾਗਤ, ਸ਼ਖ਼ਸੀਅਤਾਂ ਨੇ ਵੀ ਲਿਆ ਆਸ਼ੀਰਵਾਦ
ਜਾਗਰਣ ਸੰਵਾਦਦਾਤਾ, ਜਲੰਧਰ : ਸ਼੍ਰੀ ਰਾਮਨਵਮੀ ਦੇ ਮੌਕੇ ਸ਼ਹਿਰ ’ਚ ਸ਼ਾਨਦਾਰ ਸ਼ੋਭਾ ਯਾਤਰਾ ਵੀਰਵਾਰ ਨੂੰ ਕੱਢੀ ਗਈ। ਸ਼੍ਰੀ ਰਾਮ ਚੌਕ ਤੋਂ ਸ਼ੁਰੂ ਹੋਈ ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਚੌਕ, ਅਲੀ ਮੁਹੱਲਾ, ਬਸਤੀ ਅੱਡਾ, ਜੇਲ੍ਹ ਰੋਡ, ਪਟੇਲ ਚੌਕ, ਸਰਕੂਲਰ ਰੋਡ, ਭਗਵਾਨ ਵਾਲਮੀਕਿ ਗੇਟ, ਮਾਈ ਹੀਰਾਂ ਗੇਟ, ਅੱਡਾ ਹੁਸ਼ਿਆਰਪੁਰ, ਖਿੰਗਰਾਂ ਗੇਟ, ਭਗਤ ਸਿੰਘ ਚੌਕ, ਫਗਵਾੜਾ ਗੇਟ, ਲਵ ਕੁਸ਼ ਚੌਕ ਸਮੇਤ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਸਮਾਪਤ ਹੋਈ।
ਸ਼ੋਭਾ ਯਾਤਰਾ ’ਚ ਵੱਖ-ਵੱਖ ਕਿਸਮ ਦੀਆਂ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਸ਼ਹਿਰ ’ਚ ਸਵੈ-ਸੇਵੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨਾਲ-ਨਾਲ ਭਗਤਾਂ ਨੇ ਯਾਤਰਾ ’ਤੇ ਫੁੱਲਾਂ ਦੀ ਵਰਖਾ ਕਰ ਕੇ ਅਤੇ ਵੱਖ-ਵੱਖ ਕਿਸਮ ਦੇ ਵਿਅੰਜਨ ਦਾ ਲੰਗਰ ਲਾ ਕੇ ਸਵਾਗਤ ਕੀਤਾ। ਇਸ ਦੌਰਾਨ ਸੰਸਥਾਵਾਂ ਨੇ ਮੰਚ ਸਜਾਏ ਤੇ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਝੰਗ ਬਿਰਾਦਰੀ ਵੱਲੋਂ ਸ਼੍ਰੀ ਸਨਾਤਨ ਧਰਮ ਮਹਾਵੀਰ ਮੰਦਰ ਦੇ ਬਾਹਰ ਮੰਚ ਲਾ ਕੇ ਸ਼ੋਭਾ ਯਾਤਰਾ ’ਚ ਸ਼ਾਮਲ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਕਰਵਾਏ ਗਏ ਸਮਾਗਮ ’ਚ ਭਾਜਪਾ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਬਸਪਾ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਕਾਮਰੇਡ ਮੰਗਤ ਰਾਮ ਪਾਸਲਾ, ਸਾਬਕਾ ਮੰਤਰੀ ਤੀਖਣ ਸੂਦ, ਵਿਧਾਇਕ ਜੰਗੀ ਲਾਲ ਮਹਾਜਨ, ਬਾਬਾ ਕਸ਼ਮੀਰਾ ਸਿੰਘ, ਇਕਬਾਲ ਸਿੰਘ ਢੀਂਡਸਾ ਦੇ ਨਾਲ-ਨਾਲ ਕਈ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਹੋਈਆਂ।
ਇਸ ਦੌਰਾਨ ਭਾਜਪਾ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੁਨੇਹਾ ਦਿੱਤਾ। ਇਸ ਮੌਕੇ ’ਤੇ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।