ਵਿਦਿਆਰਥਣ ਦੀ ਖੁਦਕੁਸ਼ੀ ਦਾ ਮਾਮਲਾ ਭਖਿਆ
ਖਰੜ ’ਚ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਜਲੰਧਰ ’ਚ ਭਖਿਆ
Publish Date: Sun, 22 Mar 2026 06:14 PM (IST)
Updated Date: Sun, 22 Mar 2026 06:16 PM (IST)

- ਪਰਿਵਾਰ ਨੇ ਮ੍ਰਿਤਕਾ ਦੇ ਪ੍ਰੇਮੀ ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਲਾਏ ਦੋਸ਼ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਦੇ ਹਰਦਿਆਲ ਨਗਰ ਪਿੰਡ ਕੋਟਲਾ ਦੀ ਰਹਿਣ ਵਾਲੀ ਵਿਦਿਆਰਥਣ ਅਨਾਮੀਕਾ ਪੁੱਤਰੀ ਅਵਦੇਸ਼ ਮੌਰੀਆ ਵੱਲੋਂ ਖਰੜ ’ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰ ਨੇ ਉਸ ਦੇ ਨਾਲ ਹੀ ਪੜ੍ਹਦੇ ਜਲੰਧਰ ਦੇ ਰਹਿਣ ਵਾਲੇ ਵਿਦਿਆਰਥੀ ਯੁਵਰਾਜ ’ਤੇ ਗੰਭੀਰ ਦੋਸ਼ ਲਾਏ ਹਨ। ਮ੍ਰਿਤਕਾ ਦੇ ਭਰਾ ਅਮਨ ਨੇ ਦੱਸਿਆ ਕਿ ਉਸ ਦੀ ਭੈਣ ਤੇ ਯੁਵਰਾਜ ਇੱਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਤੇ ਉਨ੍ਹਾਂ ਦੇ ਆਪਸ ’ਚ ਪਿਆਰ ਸਬੰਧ ਸਨ। ਉਸ ਦਾ ਕਹਿਣਾ ਹੈ ਕਿ 19 ਮਾਰਚ ਨੂੰ ਅਨਾਮੀਕਾ ਆਪਣੇ ਦੋਸਤ ਯੁਵਰਾਜ ਨੂੰ ਮਿਲਣ ਖਰੜ ਗਈ ਸੀ ਤੇ ਉਹ ਰਾਤ ਕਰੀਬ 11:30 ਵਜੇ ਉਸ ਨੂੰ ਮਿਲ ਕੇ ਘਰ ਪਹੁੰਚੀ ਸੀ। ਅਗਲੇ ਦਿਨ 20 ਮਾਰਚ ਨੂੰ ਉਸ ਨੇ ਯੁਵਰਾਜ ਦੇ ਤਾਹਨਿਆਂ ਤੋਂ ਤੰਗ ਆ ਕੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਉਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਖਰੜ ਪੁਲਿਸ ਮੌਕੇ ’ਤੇ ਤਾਂ ਪਹੁੰਚੀ ਪਰ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਅਣਗੌਲਿਆਂ ਕਰਦਿਆਂ ਹੋਇਆਂ ਖਰੜ ਪੁਲਿਸ ਨੇ ਉਚਿਤ ਕਾਰਵਾਈ ਕਰਨ ਦੀ ਬਜਾਏ ਸਿਰਫ ਧਾਰਾ ਧਾਰਾ 194 ਤਹਿਤ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਨੂੰ ਸੌਂਪ ਦਿੱਤੀ। ਉਸ ਦਾ ਕਹਿਣਾ ਹੈ ਕਿ ਖਰੜ ਪੁਲਿਸ ਨੇ ਵਿਸਥਾਰਤ ਜਾਂਚ ਨਹੀਂ ਕੀਤੀ। ਜਿਸ ਕਾਰਨ ਪਰਿਵਾਰ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਨੇ ਯੁਵਰਾਜ ਕਾਰਨ ਇਹ ਕਦਮ ਚੁੱਕਿਆ ਹੈ ਤੇ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪੁਲਿਸ ਦੀ ਕਾਰਵਾਈ ’ਤੇ ਸਵਾਲ ਉਠਾਏ ਹਨ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ। ਉਸ ਦੇ ਭਰਾ ਨੇ ਦੋਸ਼ ਲਾਏ ਕਿ ਯੁਵਰਾਜ ਦੇ ਲੈਪਟਾਪ ’ਚ ਉਸ ਦੀ ਭੈਣ ਦੀਆਂ ਅਪਮਾਨਜਨਕ ਤਸਵੀਰਾਂ ਵੀ ਮਿਲੀਆਂ ਹਨ। ਜਿਸ ਲੈਪਟਾਪ ਨੂੰ ਲੈਣ ਲਈ ਉਨ੍ਹਾਂ ਦੇ ਘਰ ਪੁੱਜੀ। ਯੁਵਰਾਜ ਦੀ ਭੈਣ ਨੇ ਕਿਹਾ ਕਿ ਉਸ ਦਾ ਭਰਾ ਬੇਕਸੂਰ ਹੈ ਤੇ ਉਸ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਦੋਵਾਂ ਧਿਰਾਂ ਵਿਚਕਾਰ ਬਹਿਸ ਹੋਈ ਤੇ ਮਾਹੌਲ ਤਣਾਅਪੂਰਨ ਹੋ ਗਿਆ। ਪਰਿਵਾਰ ਨੇ ਦੋਸ਼ ਲਾਏ ਕਿ ਯੁਵਰਾਜ ਦੀ ਭੈਣ ਨੇ ਮ੍ਰਿਤਕਾਂ ਦੇ ਸਸਕਾਰ ਕਰਨ ’ਚ ਵਿਘਨ ਪਾਇਆ ਗਿਆ। ਉਨ੍ਹਾਂ ਦੀ ਪੁੱਤਰੀ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ। ਪਰਿਵਾਰ ’ਤੇ ਹਮਲਾ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ। ਪਰਿਵਾਰ ਨੇ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਯੁਵਰਾਜ ਦੀ ਭੈਣ ਵੱਲੋਂ ਸਸਕਾਰ ਕਰਨ ’ਚ ਵਿਘਨ ਪਾਉਣ, ਉਨ੍ਹਾਂ ਦੀ ਪੁੱਤਰੀ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਵਰਤਣ ਤੇ ਧਮਕੀਆਂ ਦੇਣ ਵਿਰੁੱਧ ਕਾਰਵਾਈ ਕਰਨ ਦੀ ਸ਼ਿਕਾਇਤ ਕੀਤੀ ਹੈ। ਇਸ ਤੋਂ ਇਲਾਵਾ ਪਰਿਵਾਰ ਨੇ ਖਰੜ ਪੁਲਿਸ ਤੋਂ ਮਾਮਲੇ ਦੀ ਮੁੜ ਜਾਂਚ ਕਰਨ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।