280 ਕਰੋੜ ਤੋਂ ਵਿਕਾਸ

280 ਕਰੋੜ ਤੋਂ ਵਿਕਾਸ ਕਾਰਜਾਂ ਲਈ ਵੀ ਮਨਜ਼ੂਰੀ ਮਿਲੇਗੀ
ਜਾਗਰਣ ਸੰਵਾਦਦਾਤਾ, ਜਲੰਧਰ : ਨਗਰ ਨਿਗਮ ਦਾ ਸਾਲ 2026-27 ਦਾ ਬਜਟ 569 ਕਰੋੜ ਰੁਪਏ ਦਾ ਹੋਵੇਗਾ। ਬਜਟ ਮੀਟਿੰਗ ’ਚ ਵਿਕਾਸ ਕਾਰਜਾਂ ਦੇ ਕਰੀਬ ਤਜਵੀਜ਼ਾਂ ਵੀ ਰੱਖੀਆਂ ਜਾਣਗੀਆਂ। ਇਹ ਮੀਟਿੰਗ 30 ਮਾਰਚ ਨੂੰ ਸਵੇਰੇ 11 ਵਜੇ ਰੈੱਡ ਕਰਾਸ ਭਵਨ ’ਚ ਹੋਵੇਗੀ। ਇਸ ਆਮਦਨੀ ’ਚ ਸਭ ਤੋਂ ਵੱਡਾ ਖਰਚਾ ਮੁਲਾਜ਼ਮਾਂ ਦੀ ਤਨਖ਼ਾਹ ਤੇ ਸਾਬਕਾ ਮੁਲਾਜ਼ਮਾਂ ਦੀ ਪੈਨਸ਼ਨ ਦਾ ਹੈ, ਜੋ ਲਗਪਗ 312 ਕਰੋੜ ਰੁਪਏ ਹੈ। ਵਿਕਾਸ ਕਾਰਜਾਂ ਲਈ 200 ਕਰੋੜ ਰੁਪਏ ਰੱਖੇ ਗਏ ਹਨ, ਜਦਕਿ ਹੋਰ ਖਰਚਿਆਂ ਲਈ 56 ਕਰੋੜ ਦੀ ਤਜਵੀਜ਼ ਰੱਖੀ ਗਈ ਹੈ। ਨਗਰ ਨਿਗਮ ਦਾ ਸਾਲ 2025-26 ਦਾ ਬਜਟ 495 ਕਰੋੜ ਰੁਪਏ ਦਾ ਸੀ ਪਰ 31 ਮਾਰਚ 2026 ਤੱਕ 474 ਕਰੋੜ ਰੁਪਏ ਦੀ ਆਮਦਨੀ ਦਾ ਅੰਦਾਜ਼ਾ ਹੈ। ਬਜਟ ਮੀਟਿੰਗ ਫਰਵਰੀ ਮਹੀਨੇ ਦੇ ਪਹਿਲੇ ਹਫਤੇ ’ਚ ਹੋਣੀ ਚਾਹੀਦੀ ਸੀ ਪਰ ਵਿੱਤੀ ਸਾਲ ਦੇ ਖਤਮ ਹੋਣ ਤੋਂ ਇਕ ਦਿਨ ਪਹਿਲਾਂ ਤਜਵੀਜ਼ਸ਼ੁਦਾ ਹੈ।
ਨਗਰ ਨਿਗਮ ਨੂੰ ਸਭ ਤੋਂ ਵੱਡੀ ਆਮਦਨੀ ਜੀਐੱਸਟੀ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਤੋਂ ਪ੍ਰਾਪਤ ਹੋਵੇਗੀ। ਸਾਲ 2026-27 ’ਚ ਨਗਰ ਨਿਗਮ ਨੂੰ 310 ਕਰੋੜ ਰੁਪਏ ਜੀਐੱਸਟੀ ਵਜੋਂ ਮਿਲ ਸਕਦੇ ਹਨ। ਪ੍ਰਾਪਰਟੀ ਟੈਕਸ ਦਾ ਟੀਚਾ ਇਸ ਵਾਰ ਵੀ 80 ਕਰੋੜ ਰੁਪਏ ਰੱਖਿਆ ਗਿਆ ਹੈ। ਇਸ ’ਚ ਕੋਈ ਵਾਧਾ ਨਹੀਂ ਕੀਤਾ ਗਿਆ ਕਿਉਂਕਿ ਪਿਛਲੇ ਸਾਲ ਇਸ ’ਚ 30 ਕਰੋੜ ਦਾ ਵਾਧਾ ਕੀਤਾ ਗਿਆ ਸੀ। ਬਿਲਡਿੰਗ ਐਪਲੀਕੇਸ਼ਨ ਫੀਸ, ਰਾਜ਼ੀਨਾਮਾ, ਚੇਂਜ ਆਫ਼ ਲੈਂਡ ਯੂਜ਼, ਰੈਗੂਲਰਾਈਜ਼ੇਸ਼ਨ ਫੀਸ ਤੇ ਡਿਵੈੱਲਪਮੈਂਟ ਚਾਰਜ ਰਾਹੀਂ ਨਗਰ ਨਿਗਮ ਨੇ 100 ਕਰੋੜ ਰੁਪਏ ਦੀ ਆਮਦਨੀ ਦਾ ਟੀਚਾ ਰੱਖਿਆ ਹੈ। ਸਾਲ 2026-27 ’ਚ ਸਿਰਫ ਬਿਲਡਿੰਗ ਬ੍ਰਾਂਚ ਹੀ ਟੀਚਾ ਪੂਰਾ ਕਰਨ ’ਚ ਸਫਲ ਰਹੀ ਹੈ। ਪਿਛਲੇ ਸਾਲ ਬਿਲਡਿੰਗ ਬ੍ਰਾਂਚ ਦਾ ਟੀਚਾ 64.40 ਕਰੋੜ ਸੀ। ਇਸ਼ਤਿਹਾਰ ਸ਼ਾਖਾ ਰਾਹੀਂ 14 ਕਰੋੜ ਰੁਪਏ ਦੀ ਕਮਾਈ ਦਾ ਟੀਚਾ ਰੱਖਿਆ ਗਿਆ ਹੈ, ਜਦਕਿ ਐਕਸਾਈਜ਼ ਡਿਊਟੀ ਤੋਂ 8 ਕਰੋੜ ਤੇ ਬਿਜਲੀ ’ਤੇ ਚੁੰਗੀ ਤੋਂ ਇਕ ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਇਸ ਵਾਰ ਹੈਲਥ ਬ੍ਰਾਂਚ ਤੋਂ ਵੀ 15 ਕਰੋੜ ਰੁਪਏ ਦੀ ਆਮਦਨੀ ਦਾ ਅਨੁਮਾਨ ਹੈ। ਇਹ ਆਮਦਨ ਯੂਜ਼ਰ ਚਾਰਜ ਤੇ ਚਾਲਾਨਾਂ ਰਾਹੀਂ ਹੋ ਸਕਦੀ ਹੈ। ਵਾਟਰ ਸਪਲਾਈ ਵਿਭਾਗ ਦਾ ਟੀਚਾ 25 ਕਰੋੜ ਰੁਪਏ ਰੱਖਿਆ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਵਿਚ ਇਕ ਕਰੋੜ ਜ਼ਿਆਦਾ ਹੈ।
ਬਜਟ ’ਚ ਨਿਗਮ ਨੇ ਜੋ ਖ਼ਰਚੇ ਦਿਖਾਏ ਹਨ, ਉਨ੍ਹਾਂ ’ਚ ਤਨਖ਼ਾਹ-ਪੈਨਸ਼ਨ ਤੋਂ ਇਲਾਵਾ ਸੜਕਾਂ ਲਈ 50 ਕਰੋੜ, ਬਾਗ਼ਬਾਨੀ ਵਿਭਾਗ ਲਈ 8 ਕਰੋੜ, ਸੁਲੱਭ ਸ਼ੌਚਾਲਿਆ ਨਿਰਮਾਣ ਲਈ 2 ਕਰੋੜ, ਡੇਅਰੀ ਕੰਪਲੈਕਸ ਦੀਆਂ ਸੜਕਾਂ ਲਈ 2 ਕਰੋੜ, ਵਰਿਆਣਾ ਡੰਪ ਸਮੇਤ ਹੋਰ ਸਾਈਟਾਂ ’ਤੇ ਜ਼ਮੀਨ ਖਰੀਦਣ ਲਈ 15 ਕਰੋੜ, ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ, ਬਾਇਓਮਾਈਨਿੰਗ ਲਈ 30 ਕਰੋੜ, ਬਿਜਲੀ ਬਿੱਲ ’ਤੇ 22 ਕਰੋੜ ਸੁੰਦਰੀਕਰਨ ਲਈ 5 ਕਰੋੜ ਦੀ ਤਜਵੀਜ਼ ਹੈ। ਸੀਵਰੇਜ ਪੰਪਿੰਗ ਸਟੇਸ਼ਨ ਤੇ ਸੁਪਰ ਸਕਸ਼ਨ ਸਫਾਈ ਲਈ 15 ਕਰੋੜ ਦਾ ਬਜਟ ਰੱਖਿਆ ਗਿਆ ਹੈ। ਪੈਟਰੋਲ-ਡੀਜ਼ਲ ’ਤੇ 21 ਕਰੋੜ, ਸਾਫ-ਸਫ਼ਾਈ ਤੇ ਹੈਲਥ ਬ੍ਰਾਂਚ ਲਈ 8 ਕਰੋੜ, ਗੱਡੀਆਂ ਦੇ ਰੱਖ-ਰਖਾਅ ਲਈ 5 ਕਰੋੜ ਦਾ ਅੰਦਾਜ਼ਾ ਹੈ।
ਬਜਟ ਸਾਰ ਆਮਦਨੀ
- ਜੀਐੱਸਟੀ ’ਚ ਹਿੱਸਾ : 310 ਕਰੋੜ
- ਐਕਸਾਈਜ਼ ਡਿਊਟੀ: 8 ਕਰੋੜ
- ਪ੍ਰਾਪਰਟੀ ਟੈਕਸ: 80 ਕਰੋੜ
- ਬਿਲਡਿੰਗ ਬ੍ਰਾਂਚ: 100 ਕਰੋੜ
- ਇਸ਼ਤਿਹਾਰ ਬ੍ਰਾਂਚ: 14 ਕਰੋੜ
- ਹੈਲਥ ਬ੍ਰਾਂਚ: 15 ਕਰੋੜ
- ਕਾਓ ਸੈੱਸ: 2 ਕਰੋੜ
- ਤਹਿਬਾਜ਼ਾਰੀ, ਲਾਇਸੈਂਸ ਤੇ ਰੈਂਟ: 9.10 ਕਰੋੜ
- ਹੋਰ ਸਰੋਤ: 30.9 ਕਰੋੜ
ਕੁੱਲ: 569 ਕਰੋੜ
---
ਖ਼ਰਚੇ
- ਤਨਖ਼ਾਹ ਤੇ ਪੈਨਸ਼ਨ : 312.70 ਕਰੋੜ
- ਸੜਕ ਬਣਾਉਣ ਲਈ : 50 ਕਰੋੜ
- ਹਾਰਟੀਕਲਚਰ: 8 ਕਰੋੜ
- ਸਾਲਿਡ ਵੈਸਟ ਪ੍ਰੋਜੈਕਟ-ਬਾਇਓਮਾਈਨਿੰਗ : 30 ਕਰੋੜ
- ਜ਼ਮੀਨ ਦੀ ਖ਼ਰੀਦ : 15 ਕਰੋੜ
- ਸਟ੍ਰੀਟ ਲਾਈਟਾਂ ਦੇ ਰੱਖ-ਰਖਾਅ: 10 ਕਰੋੜ
- ਬਿਜਲੀ ਦੇ ਬਿੱਲ: 32 ਕਰੋੜ
- ਸੀਐੱਲਸੀ ਇੰਫਰਾਸਟ੍ਰਕਚਰ : 9 ਕਰੋੜ
- ਵਾਟਰ ਸਪਲਾਈ ਸੀਵਰੇਜ: 9 ਕਰੋੜ
- ਟਿਊਬਵੈੱਲ ਡਿਸਪੋਜ਼ਲ ਬਿਜਲੀ ਬਿੱਲ : 22 ਕਰੋੜ
- ਸੀਵਰੇਜ ਪੰਪਿੰਗ ਸਟੇਸ਼ਨ-ਐੱਸਟੀਪੀ : 22 ਕਰੋੜ
- ਹੋਰ ਖਰਚੇ: 49.30 ਕਰੋੜ
ਕੁੱਲ ਖਰਚਾ: 569 ਕਰੋੜ
---
ਮਸ਼ੀਨਰੀ ਖ਼ਰੀਦਣ 'ਤੇ ਧਿਆਨ
ਨਗਰ ਨਿਗਮ ਨੇ ਸਫਾਈ ’ਤੇ ਧਿਆਨ ਦਿੰਦਿਆਂ ਕੂੜਾ ਚੁੱਕਣ ਲਈ 6 ਕੂੜਾ ਪਿਕਰ ਮਸ਼ੀਨਾਂ ਖਰੀਦਣ ਦੀ ਤਜਵੀਜ਼ ਰੱਖੀ ਹੈ। ਇਸ ਦਾ 5 ਸਾਲਾਂ ਦਾ ਆਪ੍ਰੇਸ਼ਨ ਤੇ ਮੈਨਟੇਨੈਂਸ ਦਾ ਠੇਕਾ ਵੀ ਕੰਪਨੀ ਨਾਲ ਕੀਤਾ ਜਾਵੇਗਾ। ਮਸ਼ੀਨਾਂ ਦੀ ਖਰੀਦ ਲਈ 4.69 ਕਰੋੜ ਰੁਪਏ ਦਾ ਅੰਦਾਜ਼ਾ ਤਿਆਰ ਕੀਤਾ ਗਿਆ ਹੈ। ਨਗਰ ਨਿਗਮ ਨੇ ਇਕ ਅਜਿਹੀ ਮਸ਼ੀਨ ਦਾ ਟ੍ਰਾਇਲ ਜਾਲੰਧਰ ਵਿਚ ਕੀਤਾ ਸੀ, ਜੋ ਸਫਲ ਰਹੀ ਹੈ। ਇਸ ਨਾਲ ਨਗਰ ਨਿਗਮ ਨੂੰ ਸੜਕਾਂ ਕੰਢੇ ਖਿਲਰੇ ਕੂੜੇ ਤੇ ਪਾਰਕਾਂ ਵਿਚ ਸਫਾਈ ਕਰਨੀ ਸੌਖੀ ਹੋਵੇਗੀ। ਇਹ ਮਸ਼ੀਨ ਹਰ ਰੋਜ਼ 8 ਘੰਟੇ ਕੰਮ ਕਰੇਗੀ ਤੇ ਗ੍ਰੀਨ ਬੈਲਟ, ਫੁੱਟਪਾਥਾਂ, ਪਾਰਕਾਂ ’ਚ ਸਕਸ਼ਨ ਪਾਵਰ ’ਤੇ ਆਧਾਰਿਤ ਮਸ਼ੀਨ ਨਾਲ ਕੂੜਾ ਚੁੱਕੇਗੀ। ਨਗਰ ਨਿਗਮ ਕੋਲ ਸ਼ਹਿਰ ’ਚ 500 ਪਾਰਕ, 24 ਗ੍ਰੀਨ ਬੈਲਟ, 22 ਚੌਕ, 20 ਆਈਲੈਂਡ ਤੇ 41 ਸੜਕਾਂ ’ਤੇ ਡਿਵਾਈਡਰ ਹਨ। ਇਹ ਲਗਪਗ 30 ਕਿੱਲੋਮੀਟਰ ਖੇਤਰ ਹੈ। ਦਰੱਖਤਾਂ ਛਾਂਗਣ ਲਈ 3 ਕਰੋੜ ਰੁਪਏ ਦੀ ਮਸ਼ੀਨ ਖਰੀਦਣ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ, ਬਾਗਬਾਨੀ ਵਿਭਾਗ ਲਈ 3.28 ਕਰੋੜ ਰੁਪਏ ਤੋਂ ਵੱਖ-ਵੱਖ ਤਰ੍ਹਾਂ ਦੇ ਉਪਕਰਨ ਖਰੀਦੇ ਜਾਣਗੇ।
---
- ਪੈਚ ਵਰਕ ਕਰਨ ਲਈ ਮਸ਼ੀਨ ਦੀ ਖਰੀਦ ਤੇ 4 ਸਾਲਾਂ ਦੀ ਮੈਨਟੇਨੈਂਸ ਦੀ ਤਜਵੀਜ਼ ਵੀ ਹਾਊਸ ’ਚ ਰੱਖੀ ਜਾਵੇਗੀ।
- 41 ਲੱਖ ਰੁਪਏ ਨਾਲ ਚਾਰ ਥ੍ਰੀਵ੍ਹੀਲਰ ਗ੍ਰੈਬ ਬਕੇਟ ਮਸ਼ੀਨ ਖਰੀਦਣਗੇ।
- 45.62 ਲੱਖ ਰੁਪਏ ਨਾਲ 3 ਟੈਂਪੂ ਗ੍ਰੈਬ ਬਕੇਟ ਮਸ਼ੀਨ ਦੀ ਖਰੀਦ।
- ਸਾਲਿਡ ਵੇਸਟ ਮੈਨੇਜਮੈਂਟ ਲਈ ਲਗਪਗ ਇਕ ਕਰੋੜ ਰੁਪਏ ਨਾਲ 28 ਈ ਰਿਕਸ਼ਾ।
- 1.41 ਕਰੋੜ ਰੁਪਏ ਨਾਲ ਚਾਰ ਸੀਵਰ ਜੈਟਿੰਗ-ਕਮ-ਗ੍ਰੈਬਿੰਗ-ਕਮ-ਰੋਡਿੰਗ ਮਸ਼ੀਨ।