ਐਸੋਸੀਏਸ਼ਨ ਨੇ ਮੀਟਿੰਗ ਕਰਕੇ ਕੁੱਝ ਆਗੂ ਕੀਤੇ ਨਾਮਜ਼ਦ

- ਜੰਗ ’ਚ ਮਾਰੀਆਂ ਗਈਆਂ 150 ਸਕੂਲੀ ਬੱਚੀਆਂ ਨੂੰ ਸ਼ਰਧਾਂਜਲੀ ਕੀਤੀ ਭੇਟ
- ਅੱਜ ਸਾਮਰਾਜ ਵਿਰੋਧੀ ਦਿਨ ਮਨਾਂ ਕੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ
ਜਲੰਧਰ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਬਾਲ ਕ੍ਰਿਸ਼ਨ ਸੂਦ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੇ ਸ਼ੁਰੂ ’ਚ ਹਾਜ਼ਰ ਮੈਂਬਰਾਂ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਸਿਰਫ ਤੇ ਸਿਰਫ ਖਾਲੀ ਪੀਪਾ ਦੱਸਿਆ, ਕਿਉਂਕਿ ਇਸ ਬਜਟ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੇਣ ਲਈ ਕੁੱਝ ਵੀ ਨਹੀਂ ਰੱਖਿਆ ਗਿਆ। ਮੀਟਿੰਗ ਦੀ ਕਾਰਵਾਈ ਨੂੰ ਜਨਰਲ ਸਕੱਤਰ ਗੁਰਨਾਮ ਚੰਦ ਨੇ ਚਲਾਇਆ। ਇਸ ਮੌਕੇ ਪ੍ਰੈੱਸ ਸਕੱਤਰ ਸੂਰਤੀ ਲਾਲ ਨੇ ਦੱਸਿਆ ਕਿ ਮੀਟਿੰਗ ’ਚ ਹਾਜ਼ਰ ਆਗੂਆਂ ਤੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਬਜਟ ਸੈਸ਼ਨ ਦੌਰਾਨ ਹਰ ਵਰਗ ਦੇ ਸੰਘਰਸ਼ਸ਼ੀਲ ਮੁਲਾਜ਼ਮਾਂ ’ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਗੰਦੇ ਪਾਣੀ ਦੀਆਂ ਬੁਛਾੜਾਂ ਮਾਰਨ, ਅੱਥਰੂ ਗੈਸ ਦੇ ਗੋਲੇ ਦਾਗਣ ਤੇ ਲਾਠੀਚਾਰਜ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਆਗੂਆਂ ਨਾਲ ਸੁਖਾਵੇਂ ਮਾਹੌਲ ’ਚ ਗੱਲਬਾਤ ਕਰਦੇ ਹੋਏ ਆਖਿਆ ਕਿ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਆਗੂਆਂ ਨੇ ਮੰਗ ਕੀਤੀ ਕਿ 16 ਫ਼ੀਸਦੀ ਡੀਏ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਨਕਦ ਦੇਣ ਦਾ ਐਲਾਨ ਕਰ ਕੇ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵਧੀ ਹੋਈ ਮਹਿੰਗਾਈ ਤੋਂ ਰਾਹਤ ਦੇਵੇ। ਇਕ ਵੱਖ਼ਰਾ ਮਤਾ ਪਾਸ ਕਰ ਕੇ ਅਮਰੀਕਾ ਇਜ਼ਰਾਈਲ ਵੱਲੋਂ ਈਰਾਨ ’ਤੇ ਥੋਪੀ ਜ਼ਬਰੀ ਜੰਗ ’ਚ ਮਾਰੀਆਂ ਗਈਆਂ 150 ਸਕੂਲੀ ਬੱਚੀਆਂ ਤੇ ਹੋਰ ਨਾਗਰਿਕਾਂ ਦੇ ਮਾਰੇ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੋਨ ਸ਼ਰਧਾਂਜਲੀ ਭੇਟ ਕੀਤੀ ਗਈ। ਇਕ ਹੋਰ ਮਤਾ ਪਾਸ ਕਰਕੇ ਅਮਰੀਕਾ ਇਜ਼ਰਾਈਲ ਵੱਲੋਂ ਆਪਣੀ ਤਾਨਾਸ਼ਾਹੀ ਨੂੰ ਕਾਇਮ ਕਰਨ ਲਈ ਇਰਾਨ ’ਤੇ ਜ਼ਬਰੀ ਥੋਪੀ ਗਈ ਜੰਗ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਤੁਰੰਤ ਜੰਗ ਬੰਦ ਕੀਤੀ ਜਾਵੇ।
ਇਸ ਮੌਕੇ ਹਾਜ਼ਰ ਮੈਂਬਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 23 ਮਾਰਚ ਦੇ ਦਿਨ ਨੂੰ ਸਾਮਰਾਜ ਵਿਰੋਧੀ ਦਿਨ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ, ਸੋ ਆਪਣੀ-ਆਪਣੀ ਸਹੂਲਤ ਅਨੁਸਾਰ ਇਸ ਦਿਹਾੜੇ ਦੇ ਐਕਸ਼ਨਾਂ ’ਚ ਸ਼ਾਮਲ ਜ਼ਰੂਰ ਹੋਇਆ ਜਾਵੇ। ਪਿਛਲੇ ਸਮੇਂ ’ਚ ਕੀਤੇ ਗਏ ਸੰਘਰਸ਼ਾਂ ਵਿੱਚ ਐਸੋਸੀਏਸ਼ਨ ਵੱਲੋਂ ਕੀਤੀ ਗਈ ਸ਼ਮੂਲੀਅਤ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਐਸੋਸੀਏਸ਼ਨ ਦੀ ਕਾਰਗੁਜ਼ਾਰੀ ਨੂੰ ਵਧੀਆ ਤੇ ਸਰਗਰਮੀ ਭਰਪੂਰ ਬਣਾਉਣ ਹਿੱਤ ਸਰਬ ਸੰਮਤੀ ਨਾਲ ਪਾਸ ਕਰ ਕੇ ਗੁਰਦੇਵ ਰਾਮ ਚਿੱਟੀ, ਪਵਨ ਮਸੀਹ, ਰਾਮ ਪਾਲ ਮਹੇ ਨੂੰ ਸੀਨੀਅਰ ਮੀਤ ਪ੍ਰਧਾਨ, ਹਰਜਿੰਦਰ ਕੁਮਾਰ ਅਨੇਜਾ ਨੂੰ ਜੁਆਇੰਟ ਸਕੱਤਰ ਅਤੇ ਨਰੇਸ਼ ਕੁਮਾਰ ਤਿਵਾੜੀ ਨੂੰ ਦਫ਼ਤਰ ਸਕੱਤਰ ਨਾਮਜ਼ਦ ਕੀਤਾ ਗਿਆ। ਸਰਬਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਫੈਸਲਾ ਕੀਤਾ ਕਿ ਮਹੀਨੇ ਦੇ ਦੂਜੇ ਸ਼ਨਿਚਰਵਾਰ ਨੂੰ ਐਸੋਸੀਏਸ਼ਨ ਦੀ ਮੀਟਿੰਗ ਹਰ ਮਹੀਨੇ ਕੀਤੀ ਜਾਵੇਗੀ। ਇਸ ਮੌਕੇ ਬਾਲ ਕ੍ਰਿਸ਼ਨ ਸੂਦ ਨੇ ਮੀਟਿੰਗ ’ਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਮੀਟਿੰਗ ’ਚ ਹਾਜ਼ਰ ਮੈਂਬਰਾਂ ਨੂੰ ਘਰਾਂ ’ਚ ਬੈਠੇ ਪੈਨਸ਼ਨਰ ਭੈਣਾਂ-ਭਰਾਵਾਂ ਨਾਲ ਸੰਪਰਕ ਬਣਾ ਕੇ ਐਸੋਸੀਏਸ਼ਨ ਦੀ ਮੈਂਬਰਸ਼ਿਪ ਦੀ ਮੁਹਿੰਮ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਤਾਂ ਜੋ ਐਸੋਸੀਏਸ਼ਨ ਦੇ ਖਰਚਿਆਂ ਦੀ ਪੂਰਤੀ ਲਈ ਫੰਡ ਇਕੱਠਾ ਹੋ ਸਕੇ। ਮੈਂਬਰਾਂ ਨੂੰ ਮਹੀਨਾਵਾਰ ਮੀਟਿੰਗ ’ਚ ਸ਼ਾਮਲ ਹੋਣ ਲਈ ਵੀ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਸੀਤਲ ਰਾਮ ਬੰਗਾ ਨੇ ਇਨਕਲਾਬੀ ਕਵਿਤਾ ਵੀ ਪੇਸ਼ ਕੀਤੀ। ਇਸ ਮੌਕੇ ਪ੍ਰਧਾਨ ਬਾਲ ਕ੍ਰਿਸ਼ਨ ਸੂਦ, ਜਨਰਲ ਸਕੱਤਰ ਗੁਰਨਾਮ ਚੰਦ, ਵਿੱਤ ਸਕੱਤਰ ਅਮਰੀਕ ਸਿੰਘ, ਪ੍ਰੈੱਸ ਸਕੱਤਰ ਸੂਰਤੀ ਲਾਲ, ਪਵਨ ਮਸੀਹ, ਰਾਮ ਕਿਸ਼ਨ, ਹਰਜਿੰਦਰ ਅਨੇਜਾ, ਰਾਮ ਪਾਲ ਮਹੇ, ਰਾਮ ਨਰੰਜਣ, ਰੇਸ਼ਮ ਲਾਲ, ਨਰੇਸ਼ ਤਿਵਾੜੀ, ਦਵਿੰਦਰ ਸਿੰਘ ਥਿਆੜਾ, ਗੁਰਦੇਵ ਰਾਮ ਚਿੱਟੀ, ਰਤਨ ਸਿੰਘ, ਮੁਖਤਿਆਰ ਸਿੰਘ, ਬਲ ਬਹਾਦਰ ਰਾਏ ਆਦਿ ਤੋਂ ਇਲਾਵਾ ਬਲਵਿੰਦਰ ਕੁਮਾਰ ਪ੍ਰਧਾਨ ਫਿਲੌਰ ਐਸੋਸੀਏਸ਼ਨ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਐਸੋਸੀਏਸ਼ਨ ਫ਼ਗਵਾੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।