ਸ਼੍ਰੋਮਣੀ ਭਗਤ ਸੰਤ ਨਾਮਦੇਵ ਜੀ ਦੀ ਮਹਿਮਾ ਦਾ ਕੀਤਾ ਗੁਣਗਾਨ
ਧੂਮ-ਧਾਮ ਨਾਲ ਮਨਾਇਆ ਗਿਆ ਤੋਖੀ ਜਠੇਰਿਆਂ ਦਾ ਸਾਲਾਨਾ ਮੇਲਾ
Publish Date: Wed, 18 Mar 2026 09:09 PM (IST)
Updated Date: Wed, 18 Mar 2026 09:13 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਤੋਖੀ ਜਠੇਰਿਆਂ ਦਾ ਸਾਲਾਨਾ ਸਮਾਗਮ ਮਨਾਇਆ ਗਿਆ। ਸ਼੍ਰੋਮਣੀ ਭਗਤ ਸੰਤ ਨਾਮਦੇਵ ਜੀ ਮਹਾਰਾਜ ਤੇ ਪੂਰਵਜ਼ਾਂ ਦੇ ਆਸ਼ੀਰਵਾਦ ਨਾਲ ਜਠੇਰੇ ਦਾ ਸਲਾਨਾ ਸਮਾਗਮ ਅਰਬਨ ਅਸਟੇਟ ਫੇਜ਼-2 ਜਲੰਧਰ, ਨੇੜੇ ਸੰਧੂ ਪੈਟਰੋਲ ਪੰਪ ਵਿਖੇ ਮਨਾਇਆ ਗਿਆ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚੇ ਤੋਖੀ ਭਾਈਚਾਰੇ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਜਠੇਰਿਆਂ ਦਾ ਆਸ਼ੀਰਵਾਦ ਲਿਆ। ਮੇਲੇ ਦੌਰਾਨ ਤੋਖੀ ਪਰਿਵਾਰਾਂ ਦੇ ਮੈਂਬਰਾਂ ਨੇ ਧਾਰਮਿਕ ਰਸਮਾਂ ਨਿਭਾਈਆਂ ਤੇ ਅਰਦਾਸ ਕਰ ਜਠੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਸਭ ਤੋਂ ਪਹਿਲਾਂ ਪੰਡਿਤ ਗੰਗਾ ਰਾਮ ਸ਼ਰਮਾ ਵੱਲੋਂ ਹਵਨ ਯੱਗ ਦੌਰਾਨ ਮੰਤਰਾਂ ਦਾ ਜਾਪ ਕਰਕੇ ਰਸਮਾਂ ਸਹਿਤ ਅਰਦਾਸ ਕੀਤੀ ਗਈ ਤੇ ਪੂਜਾ ਅਰਚਨਾ ਉਪਰੰਤ ਸ਼੍ਰੋਮਣੀ ਭਗਤ ਸੰਤ ਨਾਮਦੇਵ ਜੀ ਮਹਾਰਾਜ ਦੀ ਆਰਤੀ ਕੀਤੀ ਗਈ। ਇਸ ਉਪਰੰਤ ਤੋਖੀ ਭਾਈਚਾਰੇ ਦੇ ਮੈਂਬਰਾਂ ਵੱਲੋਂ ਝੰਡਾ ਚੜ੍ਹਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸ਼੍ਰੋਮਣੀ ਭਗਤ ਸੰਤ ਨਾਮਦੇਵ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਡਾ. ਓਪੀ ਤੋਖੀ ਤੇ ਭਗਵਾਨ ਦਾਸ ਤੋਖੀ ਨੇ ਦੱਸਿਆ ਕਿ ਸਮਾਗਮ ਦੌਰਾਨ ਤੋਖੀ ਪਰਿਵਾਰ 'ਚ ਨਵ-ਜਨਮੇ ਬੱਚਿਆਂ ਤੇ ਨਵ-ਵਿਆਹੇ ਜੋੜਿਆਂ ਨੇ ਪਰਿਵਾਰਾਂ ਸਮੇਤ ਧਾਰਮਿਕ ਰਸਮਾਂ ਪੂਰੀਆਂ ਕਰਕੇ ਆਪਣੇ ਪੁਰਖਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ 'ਚ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਵਰਤਾਇਆ ਗਿਆ। ਪ੍ਬੰਧਕ ਕਮੇਟੀ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਭਗਤ ਸੰਤ ਨਾਮਦੇਵ ਜੀ ਮਹਾਰਾਜ ਤੇ ਪੁਰਖਿਆਂ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ।