-ਵਿਧਾਨ ਸਭਾ ਚੋਣਾਂ ਨੂੰ

-ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਸੰਗਠਨ ਨੂੰ ਸਰਗਰਮ ਕਰਨ ਤੇ ਇਕਜੁੱਟ ਰੱਖਣ ਲਈ ਪਾਰਟੀ ਖੇਡ ਸਕਦੀ ਹੈ ਦਾਅ
-ਜਲੰਧਰ ਦਿਹਾਤੀ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਅਮਰੀ ਤੇ ਸਾਬਕਾ ਕੌਂਸਲਰ ਅਸ਼ਵਨੀ ਭੰਡਾਰੀ ਦਾ ਵੀ ਨਾਂ ਦਾਅਵੇਦਾਰਾਂ ’ਚ ਸ਼ਾਮਲ
ਜਾਸ, ਜਲੰਧਰ : ਪੰਜਾਬ ’ਚ ਭਾਜਪਾ ਨੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਵੱਡਾ ਕਦਮ ਉਠਾਉਂਦਿਆਂ ਜ਼ਿਲ੍ਹਾ ਪੱਧਰ ’ਤੇ ਬਦਲਾਅ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ’ਚ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਸਮੇਤ ਲਗਪਗ 15 ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਦਕਿ ਕੁਝ ਜ਼ਿਲ੍ਹਿਆਂ ’ਚ ਨਵੇਂ ਚਿਹਰਿਆਂ ਨੂੰ ਜ਼ਿੰਮੇਵਾਰੀ ਸੌਂਪਣ ਦੀ ਸੰਭਾਵਨਾ ਹੈ। ਪਾਰਟੀ ਦੀ ਇਹ ਪੂਰੀ ਕਵਾਇਦ 2027 ’ਚ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਕੀਤੀ ਜਾ ਰਹੀ ਹੈ। ਪਾਰਟੀ ਜ਼ਮੀਨੀ ਪੱਧਰ ’ਤੇ ਜਾਨ ਫੂਕਣ ਦੀ ਤਿਆਰੀ ਕਰ ਰਹੀ ਹੈ। ਪਾਰਟੀ ਦੇ ਹਾਈਕਮਾਨ ਦੀ ਇੱਛਾ ਹੈ ਕਿ ਨੌਜਵਾਨ ਆਗੂਆਂ, ਨਵੇਂ ਸਮਾਜਿਕ ਚਿਹਰਿਆਂ ਤੇ ਸਰਗਰਮ ਮੁਲਾਜ਼ਮਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਜੋ ਭਾਜਪਾ ਦਾ ਜਨ ਆਧਾਰ ਵਧ ਸਕੇ। ਖਾਸ ਤੌਰ ’ਤੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਸਮੇਤ ਕਈ ਜ਼ਿਲ੍ਹਿਆਂ ’ਚ ਨਵੇਂ ਚਿਹਰਿਆਂ ’ਤੇ ਦਾਅ ਖੇਡਿਆ ਜਾ ਸਕਦਾ ਹੈ। ਇਹ ਕਦਮ ਸੰਗਠਨ ਨੂੰ ਹੋਰ ਜ਼ਿਆਦਾ ਸਰਗਰਮ ਤੇ ਪ੍ਰਭਾਵਸ਼ਾਲੀ ਬਣਾਉਣ ਦੇ ਟੀਚਾ ਨਾਲ ਉਠਾਏ ਜਾ ਰਹੇ ਹਨ।
ਭਾਜਪਾ ’ਚ ਸੰਗਠਨਾਤਮਕ ਜ਼ਿਲ੍ਹਿਆਂ ਵਿੱਚੋਂ ਕਈ ਜ਼ਿਲ੍ਹਿਆਂ ਲਈ ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਤਾਇਨਾਤੀ ਪਿਛਲੇ ਸਾਲ ਹੋਈ ਸੀ। ਹਾਲਾਂਕਿ ਜਿਨ੍ਹਾਂ 15 ਜ਼ਿਲ੍ਹਿਆਂ ’ਚ ਪ੍ਰਧਾਨ ਬਦਲਣ ਦੀ ਉਮੀਦ ਹੈ, ਉਥੇ ਲਾਬਿੰਗ ਤੇ ਗੁੱਟਬਾਜ਼ੀ ਦੀ ਚਰਚਾ ਵੀ ਚੱਲ ਰਹੀ ਹੈ ਪਰ ਪਾਰਟੀ ਲੀਡਰਸ਼ਿਪ ਨੇ ਇਹ ਯਕੀਨੀ ਬਣਾਇਆ ਹੈ ਕਿ ਇਹ ਚਰਚਾਵਾਂ ਮੰਚ 'ਤੇ ਹੀ ਹੋਣ ਤਾਂ ਜੋ ਇਕਜੁੱਟਤਾ ਬਣੀ ਰਹੇ। ਅਸਲ ’ਚ ਰਾਸ਼ਟਰੀ ਪ੍ਰਧਾਨ ਦੇ ਅਹੁਦਾ 'ਤੇ ਨੌਜਵਾਨ ਚਿਹਰੇ ਦੀ ਤਾਜ਼ੀਪੋਸ਼ੀ ਮਗਰੋਂ ਜਲੰਧਰ ’ਚ ਪ੍ਰਧਾਨ ਅਹੁਦਾ ਦੀ ਦੌੜ ’ਚ ਸ਼ਾਮਲ ਦਾਅਵੇਦਾਰਾਂ ’ਚ ਨੌਜਵਾਨਾਂ ਨੂੰ ਲਾਟਰੀ ਲੱਗਣ ਦੀ ਕਾਫੀ ਉਮੀਦ ਹੈ।
ਸੰਗਠਨਾਤਮਕ ਚੋਣਾਂ ਨੂੰ ਲੈ ਕੇ ਲਗਪਗ ਤਿੰਨ ਮਹੀਨੇ ਪਹਿਲਾਂ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਤੇ ਅਸ਼ਵਨੀ ਸੇਖੜੀ ਨੇ ਜਲੰਧਰ ’ਚ ਆ ਕੇ ਸੂਬੇ ਤੋਂ ਲੈ ਕੇ ਜ਼ਿਲ੍ਹਾ ਜਥੇਬੰਦੀਆਂ ਦੇ ਅਹੁਦੇਦਾਰਾਂ ਸਮੇਤ ਸਮੂਹ 9 ਵਿਧਾਨ ਸਭਾ ਦੇ ਆਗੂਆਂ ਨਾਲ ਗੱਲਬਾਤ ਕਰਕੇ ਸੰਭਾਵੀ ਦਾਅਵੇਦਾਰਾਂ ਦੇ ਨਾਵਾਂ ਦੀ ਪੜਤਾਲ ਕੀਤੀ ਸੀ। ਉਸ ਸਮੇਂ ਲਗਪਗ 12 ਨਾਂ ਤੈਅ ਕਰਕੇ ਸੂਚੀ ਪੰਜਾਬ ਭਾਜਪਾ ਨੂੰ ਸੌਂਪੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਵਿਚੋਂ ਸੂਬੇ ਨੇ ਤਿੰਨ-ਚਾਰ ਨਾਵਾਂ ’ਤੇ ਸਹਿਮਤੀ ਬਣਾ ਕੇ ਕੇਂਦਰੀ ਲੀਡਰਸ਼ਿਪ ਨੂੰ ਭੇਜ ਦਿੱਤੀ ਸੀ। ਇਸ ’ਚ ਮੌਜੂਦਾ ਜ਼ਿਲ੍ਹਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਸਾਬਕਾ ਪੰਜਾਬ ਭਾਜਯੁਮੋ ਪ੍ਰਧਾਨ ਸੰਨੀ ਸ਼ਰਮਾ, ਸਾਬਕਾ ਕੌਂਸਲਰ ਤੇ ਸਾਬਕਾ ਜ਼ਿਲ੍ਹਾ ਮਹਾਮੰਤਰੀ ਭਗਵੰਤ ਪ੍ਰਭਾਕਰ ਤੇ ਮੌਜੂਦਾ ਕੌਂਸਲਰ ਤੇ ਸਾਬਕਾ ਜ਼ਿਲ੍ਹਾ ਮਹਾਮੰਤਰੀ ਰਾਜੀਵ ਢੀਂਗਰਾ ਦਾ ਨਾਂ ਸ਼ਾਮਲ ਹੈ। ਇਸ ਦੇ ਨਾਲ ਹੀ ਸੂਚੀ ’ਚ ਜਲੰਧਰ ਦਿਹਾਤੀ ਦੇ ਪ੍ਰਧਾਨ ਰਹੇ ਅਮਰਜੀਤ ਸਿੰਘ ਅਮਰੀ ਤੇ ਸਾਬਕਾ ਕੌਂਸਲਰ ਅਸ਼ਵਨੀ ਭੰਡਾਰੀ ਦਾ ਵੀ ਨਾਂ ਸ਼ਾਮਲ ਹੈ। ਹੁਣ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਚੋਣਾਂ ਦੀ ਸਰਗਰਮੀ ਵਧਣ ’ਤੇ ਕੇਂਦਰੀ ਲੀਡਰਸ਼ਿਪ ਕਦੇ ਵੀ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਤਿਆਰ ਕਰ ਕੇ ਜਾਰੀ ਕਰ ਸਕਦਾ ਹੈ। ਇਸ ’ਚ ਕਿਆਸ ਲਾਏ ਜਾ ਰਹੇ ਹਨ ਕਿ ਨੌਜਵਾਨ ਹੋਣ ਦੇ ਨਾਲ-ਨਾਲ ਪਾਰਟੀ ਨੂੰ ਇਕਜੁੱਟ ਰੱਖਣ ਤੇ ਚੁਣਾਵੀਂ ਸਾਲ ’ਚ ਸੰਗਠਨ ’ਚ ਜਾਨ ਫੂਕਣ ਵਾਲੇ ਚਿਹਰੇ ’ਤੇ ਪਾਰਟੀ ਦਾਅ ਖੇਡ ਸਕਦੀ ਹੈ। ਅਜਿਹੇ ’ਚ ਜਲੰਧਰ ਦੇ ਕਈ ਸੀਨੀਅਰ ਆਗੂ ਆਪਣੇ ਨਜ਼ਦੀਕੀ ਤੇ ਖਾਸ ਲੋਕਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਕੁਰਸੀ ’ਤੇ ਬੈਠਾਉਣ ਲਈ ਅੱਜਕੱਲ੍ਹ ਦਿੱਲੀ ਤੱਕ ਜ਼ੋਰ ਅਜ਼ਮਾਇਸ਼ ਕਰਨ ’ਚ ਲੱਗੇ ਹੋਏ ਹਨ।