ਪੈਟਰੋਲ ਦੀਆਂ ਬੋਤਲਾਂ ਲੈ ਕੇ ਟੰਕੀ ’ਤੇ ਚੜ੍ਹੇ ਲੋਕਾਂ ਨੂੰ ਪ੍ਰਸ਼ਾਸਨ ਨੇ ਸੁਰੱਖਿਅਤ ਹੇਠਾਂ ਉਤਾਰਿਆ, ਸਭ ਨੂੰ ਫਲੈਟ ਮਿਲਣਗੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਤੀਫਪੁਰਾ ਰੋਡ ਤੋਂ ਕਬਜ਼ੇ ਹਟਾਉਣ ਦੇ ਵਿਰੋਧ ’ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਅਤ ਤੌਰ ’ਤੇ ਹੇਠਾਂ ਲਾਹ ਲਿਆ। ਇਹ ਲੋਕ ਮੰਗਲਵਾਰ ਦੁਪਹਿਰ ਤੋਂ ਹੀ ਟੈਂਕੀ ’ਤੇ ਚੜ੍ਹੇ ਹੋਏ ਸਨ ਤੇ ਰਾਤ ਭਰ ਉੱਥੇ ਹੀ ਰਹੇ। ਬੁੱਧਵਾਰ ਸ਼ਾਮ ਕਰੀਬ 5 ਵਜੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਗੱਲਬਾਤ ਕਰਕੇ ਉਨ੍ਹਾਂ ਨੂੰ ਹੇਠਾਂ ਆਉਣ ਲਈ ਮਨਾ ਲਿਆ। ਸ਼ਾਮ ਕਰੀਬ 5 ਵਜੇ ਪੁਲਿਸ ਟੀਮ ਟੈਂਕੀ ’ਤੇ ਪਹੁੰਚੀ ਤੇ ਲੋਕਾਂ ਨੂੰ ਸਮਝਾ ਕੇ ਹੇਠਾਂ ਲਿਆਂਦਾ। ਇਹ ਟੈਂਕੀ ਨਕੋਦਰ ਰੋਡ ’ਤੇ ਬੂਟਾਂ ਮੰਡੀ ਦੇ ਨਾਲ ਚਾਰਾ ਮੰਡੀ ਦੀ ਜ਼ਮੀਨ ’ਤੇ ਬਣੀ ਹੈ। ਮੰਗਲਵਾਰ ਨੂੰ ਟੈਂਕੀ ’ਤੇ ਚੜ੍ਹਣ ਤੋਂ ਬਾਅਦ ਇਹ ਲੋਕ ਆਪਣੇ-ਆਪ ਨੂੰ ਨੁਕਸਾਨ ਪਹੁੰਚਾਉਣ ਦੀ ਚਿਤਾਵਨੀ ਦੇ ਰਹੇ ਸਨ ਤੇ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਮੁੜ ਲਤੀਫਪੁਰਾ ਦੀ ਜ਼ਮੀਨ ’ਤੇ ਵਸਾਇਆ ਜਾਵੇ। ਮੰਗਲਵਾਰ ਸ਼ਾਮ ਤੋਂ ਹੀ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਕਈ ਵਾਰ ਉਨ੍ਹਾਂ ਨਾਲ ਗੱਲਬਾਤ ਕਰ ਚੁੱਕੇ ਸਨ ਤੇ ਸਭ ਨੂੰ ਢੰਗ ਨਾਲ ਵਸਾਉਣ ਦਾ ਭਰੋਸਾ ਦੇ ਰਹੇ ਸਨ। ਟੈਂਕੀ ’ਤੇ 9 ਪਰਿਵਾਰਾਂ ਦੇ 12 ਲੋਕ ਚੜ੍ਹੇ ਹੋਏ ਸਨ। ਜਦਕਿ 7 ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਤੇ ਮੰਗਲਵਾਰ ਨੂੰ ਹੀ ਬੀਬੀ ਭਾਨੀ ਕੰਪਲੈਕਸ ਦੇ ਫਲੈਟਾਂ ’ਚ ਸ਼ਿਫਟ ਕਰ ਦਿੱਤਾ ਸੀ। ਜ਼ਿਲ੍ਹਾ ਪ੍ਰਸ਼ਾਸਨ ਲਤੀਫਪੁਰਾ ’ਚ ਰਹਿੰਦੇ ਸਾਰੇ ਲੋਕਾਂ ਨੂੰ ਵਸਾਏਗਾ। ਪ੍ਰਸ਼ਾਸਨ 47 ਪਰਿਵਾਰਾਂ ਨੂੰ ਬੀਬੀ ਭਾਨੀ ਕੰਪਲੈਕਸ ’ਚ ਫਲੈਟ ਦੇਵੇਗਾ ਤੇ ਕਰੀਬ 15 ਪਰਿਵਾਰਾਂ ਨੂੰ ਸੂਰਿਆ ਐਨਕਲੇਵ ’ਚ ਫਲੈਟ ਦਿੱਤੇ ਜਾਣਗੇ। ਹਾਲਾਂਕਿ ਸਾਰੇ ਲੋਕਾਂ ਨੂੰ ਮਨਾਉਣਾ ਹੋਵੇਗਾ ਤੇ ਕੁਝ ਪਰਿਵਾਰ ਪ੍ਰਸ਼ਾਸਨ ਦੀ ਪੇਸ਼ਕਸ਼ ਠੁਕਰਾ ਵੀ ਸਕਦੇ ਹਨ। ਜ਼ਿਕਰਯੋਗ ਹੈ ਕਿ ਲਤੀਫਪੁਰਾ ਦੀ ਜ਼ਮੀਨ ਖਾਲੀ ਕਰਵਾਉਣ ਲਈ ਇੰਪਰੂਵਮੈਂਟ ਟਰੱਸਟ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ 9 ਦਸੰਬਰ 2022 ਨੂੰ ਕਾਰਵਾਈ ਕੀਤੀ ਸੀ। ਟਰੱਸਟ ਦੀ ਜ਼ਮੀਨ ’ਤੇ ਬਣੇ ਮਕਾਨ ਢਾਹ ਦਿੱਤੇ ਗਏ ਸਨ ਪਰ ਇਸ ਤੋਂ ਬਾਅਦ ਲੋਕ ਮੁੜ ਲਤੀਫਪੁਰਾ ਦੀ ਜ਼ਮੀਨ ’ਤੇ ਕਾਬਜ਼ ਹੋ ਗਏ ਸਨ। ਇਸ ਕਾਰਨ ਕਰੀਬ 38 ਮਹੀਨਿਆਂ ਤੋਂ ਇਹ ਸੜਕ ਟ੍ਰੈਫਿਕ ਲਈ ਬੰਦ ਰਹੀ। ਇਲਾਕੇ ਦੇ ਲੋਕਾਂ ਨੇ ਸੜਕ ਖਾਲੀ ਕਰਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੂੰ 10 ਦਸੰਬਰ ਮੰਗਲਵਾਰ ਨੂੰ ਹਾਈਕੋਰਟ ’ਚ ਕਬਜ਼ੇ ਹਟਾਉਣ ਬਾਰੇ ਰਿਪੋਰਟ ਪੇਸ਼ ਕਰਨੀ ਸੀ, ਇਸ ਲਈ ਮੰਗਲਵਾਰ ਸਵੇਰੇ 5 ਵਜੇ ਹੀ ਕਾਰਵਾਈ ਕੀਤੀ ਗਈ।
---------------------
ਲਤੀਫਪੁਰਾ ਰੋਡ ਟ੍ਰੈਫਿਕ ਲਈ ਖੋਲ੍ਹੀ, ਪਾਈਪਾਂ ਵਿਛਾਉਣ ਦਾ ਕੰਮ ਜਾਰੀ
ਲਤੀਫਪੁਰਾ ਰੋਡ ਤੋਂ ਕਬਜ਼ੇ ਹਟਾਉਣ ਤੋਂ ਬਾਅਦ ਮੰਗਲਵਾਰ ਦੇਰ ਰਾਤ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਗਲੇ ਕਰੀਬ 10 ਦਿਨਾਂ ਤੱਕ ਇੱਥੇ ਪਾਈਪਲਾਈਨ ਦਾ ਕੰਮ ਚੱਲੇਗਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਲਤੀਫਪੁਰਾ ਰੋਡ ਨੂੰ ਟ੍ਰੈਫਿਕ ਲਈ ਖੋਲ੍ਹ ਦਿੱਤਾ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਸੜਕ 120 ਫੁੱਟ ਚੌੜੀ ਹੈ। ਇਸ ਕਾਰਨ ਇਕ ਪਾਸੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਲਾਈਨ ਵਿਛਾਉਣ ਦਾ ਕੰਮ ਜਾਰੀ ਹੈ, ਜਦਕਿ ਦੂਜਾ ਹਿੱਸਾ ਟ੍ਰੈਫਿਕ ਲਈ ਖੋਲ੍ਹਿਆ ਗਿਆ ਹੈ। ਸੜਕ ਦੇ ਇਕ ਹਿੱਸੇ ’ਤੇ ਆਵਾਜਾਈ ਸੁਚਾਰੂ ਕਰਨ ਲਈ ਜਲਦੀ ਹੀ ਸੜਕ ਦਾ ਨਿਰਮਾਣ ਵੀ ਕੀਤਾ ਜਾਵੇਗਾ। ਸੜਕ ਬੰਦ ਰਹਿਣ ਕਰਕੇ ਕਰੀਬ 38 ਮਹੀਨਿਆਂ ਤੋਂ ਇਲਾਕੇ ’ਚ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਹੋਈ ਸੀ। ਸਾਰਾ ਟ੍ਰੈਫਿਕ 15 ਤੋਂ 18 ਫੁੱਟ ਚੌੜੀ ਸੜਕ ਰਾਹੀਂ ਲੰਘ ਰਿਹਾ ਸੀ। ਹੁਣ ਰਸਤਾ ਖੁੱਲ੍ਹਣ ਨਾਲ ਮਿੱਠਾਪੁਰ, ਪੀਪੀਆਰ ਮਾਲ, ਜੀਟੀਬੀ ਨਗਰ ਤੇ ਮਾਡਲ ਟਾਊਨ ਦੀਆਂ ਸੜਕਾਂ ’ਤੇ ਟ੍ਰੈਫਿਕ ਪ੍ਰਣਾਲੀ ਸੁਧਰੇਗੀ।
----------------------
ਲਤੀਫਪੁਰਾ ਰੋਡ ’ਤੇ ਪੁਲਿਸ ਦਾ ਪਹਿਰਾ ਕਾਇਮ
ਸੜਕ ਤੋਂ ਕਬਜ਼ੇ ਹਟਾਏ ਜਾਣ ਦੇ ਬਾਵਜੂਦ ਇਲਾਕੇ ’ਚ ਹਾਲੇ ਵੀ ਪੁਲਿਸ ਦਾ ਪਹਿਰਾ ਜਾਰੀ ਹੈ। ਖਾਲੀ ਕਰਵਾਈ ਗਈ ਸੜਕ ਦੇ ਦੋਵੇਂ ਪਾਸਿਆਂ ’ਤੇ ਪੁਲਿਸ ਦੇ 40 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਖ਼ਦਸ਼ਾ ਹੈ ਕਿ ਪੁਲਿਸ ਹਟਣ ਤੋਂ ਬਾਅਦ ਲੋਕ ਮੁੜ ਇਸ ਸੜਕ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਅਗਲੇ ਕੁਝ ਦਿਨਾਂ ਤੱਕ ਪੁਲਿਸ ਦਾ ਪਹਿਰਾ ਜਾਰੀ ਰਹਿ ਸਕਦਾ ਹੈ। ਇੱਥੇ ਪਾਈਪ ਵਿਛਾਉਣ ’ਚ ਹਾਲੇ ਕਰੀਬ 10 ਦਿਨ ਲੱਗ ਸਕਦੇ ਹਨ, ਜਿਸ ਤੋਂ ਬਾਅਦ ਹੀ ਟ੍ਰੈਫਿਕ ਪੂਰੀ ਤਰ੍ਹਾਂ ਸੁਚਾਰੂ ਹੋਵੇਗਾ।
-----------------
ਮੀਟਿੰਗ ’ਚ ਐੱਸਡੀਐੱਮ ਰਣਦੀਪ ਸਿੰਘ ਹੀਰ, ਜਲੰਧਰ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ, ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਸੰਧੂ, ਬੀਕੇਯੂ ਰਾਜੇਵਾਲ ਦੇ ਆਗੂ ਮਨਦੀਪ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਹੰਸ ਰਾਜ ਪੱਬਵਾਂ, ਕਿਸਾਨ ਯੂਨੀਅਨ ਅੰਮ੍ਰਿਤਸਰ ਤੋਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪੰਜਾਬ ਕਿਸਾਨ ਯੂਨੀਅਨ ਬਾਗੀ ਤੋਂ ਗੁਰਦੀਪ ਸਿੰਘ ਭੰਡਾਲ, ਬੀਕੇਯੂ ਡਕੌਂਦਾ ਤੋਂ ਧਰਮਿੰਦਰ ਸਿੰਘ, ਕਿਸਾਨ ਯੂਨੀਅਨ ਅੰਮ੍ਰਿਤਸਰ ਤੋਂ ਬੀਬੀ ਪਿੰਦੇ ਬਾਸੀ ਤੇ ਲਖਵੀਰ ਸਿੰਘ ਸੌਂਟੀ ਤੋਂ ਇਲਾਵਾ ਸੁਖਜੀਤ ਸਿੰਘ ਡਰੋਲੀ, ਗੁਰਮੁਖ ਸਿੰਘ ਬਾਜਵਾ, ਗੁਰਪ੍ਰਤਾਪ ਸਿੰਘ, ਹਾਜੀ ਬਿੱਟੂ ਚੌਹਾਨ, ਬਲਜਿੰਦਰ ਸਿੰਘ ਲਸੋਈ, ਮਹਿੰਦਰ ਸਿੰਘ ਬਾਜਵਾ, ਅਮਰੀਕ ਸਿੰਘ ਛੀਨਾ ਆਦਿ ਵੀ ਮੌਜੂਦ ਸਨ।
----------
ਜ਼ਿਲ੍ਹਾ ਪ੍ਰਸ਼ਾਸਨ ਤੇ ਮੁੜ ਵਸੇਬਾ ਮੋਰਚਾ ਵਿਚਾਲੇ ਬਣੀ ਸਹਿਮਤੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ: ਜ਼ਿਲ੍ਹਾ ਪ੍ਰਸ਼ਾਸਨ ਤੇ ਲਤੀਫਪੁਰਾ ਮੁੜ ਵਸੇਬਾ ਮੋਰਚਾ ਤੇ ਲਤੀਫਪੁਰਾ ਦੇ ਪ੍ਰਭਾਵਿਤ ਪਰਿਵਾਰਾਂ ’ਚ ਬੁੱਧਵਾਰ ਨੂੰ ਬੜੇ ਹੀ ਸੁਖਾਵੇਂ ਮਾਹੌਲ ’ਚ ਹੋਈ ਮੀਟਿੰਗ ’ਚ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਸਮੇਤ ਲਤੀਫਪੁਰਾ ਦੇ ਪ੍ਰਭਾਵਿਤ ਪਰਿਵਾਰਾਂ, ਲਤੀਫਪੁਰਾ ਮੁੜ ਵਸੇਬਾ ਮੋਰਚਾ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਮਦਦ ਤੇ ਸਹਿਯੋਗ ਕਰਨ ਲਈ ਵਚਨਬੱਧ ਹੈ। ਇਸ ਮੌਕੇ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਬੀਬੀ ਭਾਨੀ ਕੰਪਲੈਕਸ ਤੇ ਸੂਰਿਆ ਇਨਕਲੇਵ ਵਿਖੇ ਪ੍ਰਭਾਵਿਤ ਪਰਿਵਾਰਾਂ ਨੂੰ 49 ਫਲੈਟ ਤੇ 15 ਪਲਾਟਾਂ ਦੀ ਅਲਾਟਮੈਂਟ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰ ਆਪਣੇ ਤਸਦੀਕਸ਼ੁਦਾ ਦਸਤਾਵੇਜ਼ ਜਮ੍ਹਾ ਕਰਵਾਉਣ ਤੇ ਪ੍ਰਸ਼ਾਸਨ ਵੱਲੋਂ 24 ਘੰਟਿਆਂ ਦੇ ਅੰਦਰ ਅਲਾਟਮੈਂਟ ਦੀ ਕਾਰਵਾਈ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਫਲੈਟ ਤੇ ਪਲਾਟ ਦੀ ਅਲਾਟਮੈਂਟ ਲਈ, ਜੋ 5 ਫੀਸਦੀ ਰਕਮ ਜਮ੍ਹਾ ਕਰਵਾਉਣੀ ਪੈਂਦੀ ਹੈ, ਉਹ ਵੀ ਇਨ੍ਹਾਂ ਪਰਿਵਾਰਾਂ ਤੋਂ ਨਹੀਂ ਲਈ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਪ੍ਰਸ਼ਾਸਨ ਵੱਲੋਂ ਫਲੈਟਾਂ ਦੀ ਲੋੜੀਂਦੀ ਮੁਰੰਮਤ ਆਦਿ ਦਾ ਭਰੋਸਾ ਵੀ ਦਿਵਾਇਆ। ਡਾ. ਅਗਰਵਾਲ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਹੋਰ ਸਬੰਧਤ ਮਸਲਿਆਂ ਦੇ ਹੱਲ ਲਈ ਇਕ ਸਮਰਪਿਤ ਟੀਮ ਵੀ ਤਾਇਨਾਤ ਕੀਤੀ ਜਾ ਰਹੀ ਹੈ, ਜੋ ਇਨ੍ਹਾਂ ਦੀਆਂ ਮੁਸ਼ਕਲਾਂ ਦੇ ਢੁੱਕਵੇਂ ਹੱਲ ਨੂੰ ਯਕੀਨੀ ਬਣਾਏਗੀ। ਇਸ ਤੋਂ ਇਲਾਵਾ ਜਿਨ੍ਹਾਂ 7 ਪਰਿਵਾਰਾਂ ਨੂੰ ਬੀਤੇ ਦਿਨੀਂ ਲਤੀਫਪੁਰਾ ਤੋਂ ਤਬਦੀਲ ਕੀਤਾ ਗਿਆ ਹੈ, ਉਨ੍ਹਾਂ ਦੀ ਫੌਰੀ ਜ਼ਰੂਰਤ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਜੱਥੇਬੰਦੀਆਂ ਦੇ ਆਗੂਆਂ ਵੱਲੋਂ ਮੁਆਵਜ਼ੇ ਦੀ ਮੰਗ ਉਠਾਉਣ ’ਤੇ ਉਨ੍ਹਾਂ ਕਿਹਾ ਕਿ ਮੁਆਵਜ਼ੇ ਸਬੰਧੀ ਮਾਮਲਾ ਸਮਰੱਥ ਅਥਾਰਟੀ ਦੇ ਧਿਆਨ ’ਚ ਲਿਆਂਦਾ ਜਾਵੇਗਾ ਤਾਂ ਜੋ ਇਸ ਦਾ ਯੋਗ ਹੱਲ ਹੋ ਸਕੇ। ਇਸ ਮੌਕੇ ਪੁਲਿਸ ਕਮਿਸ਼ਨਰ ਨੇ ਇਸ ਮਾਮਲੇ ’ਚ ਹੋਏ ਪਰਚਿਆਂ ਨੂੰ ਖਾਰਜ ਕਰਨ ਸਬੰਧੀ ਕਾਰਵਾਈ 'ਤੇ ਗੌਰ ਕਰਨ ਦਾ ਭਰੋਸਾ ਵੀ ਦਿਵਾਇਆ।