ਪ੍ਰਸ਼ਾਸਨ ਨੇ ਧਰਨਾਕਾਰੀਆਂ ਦੀਆਂ ਮੁੱਖ ਮੰਗਾਂ ਮੰਨੀਆਂ
ਸ਼ਹੀਦ ਮਹਿੰਦਰ ਸਿੰਘ ਦੀ ਯਾਦ ’ਚ ਧਰਨੇ ਦਾ ਤੀਜਾ ਦਿਨ, ਪ੍ਰਸ਼ਾਸਨ ਨੇ ਮੰਗਾਂ ਮੰਨੀਆਂ
Publish Date: Mon, 09 Mar 2026 08:50 PM (IST)
Updated Date: Mon, 09 Mar 2026 08:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਨਸ਼ਾ ਤਸਕਰਾਂ ਵੱਲੋਂ ਕੀਤੇ ਹਮਲੇ ’ਚ ਇਲਾਜ ਦੌਰਾਨ ਸਰਪੰਚ ਮਹਿੰਦਰ ਸਿੰਘ ਦੀ ਹੋਈ ਮੌਤ ਕਾਰਨ ਧਰਨੇ ਦਾ ਤੀਜਾ ਦਿਨ ’ਚ ਪੁੱਜ ਗਿਆ। ਇਸ ਦੌਰਾਨ ਧਰਨਕਾਰੀਆਂ ਦੀਆਂ ਮੁੱਖ ਮੰਗਾਂ ਪ੍ਰਸ਼ਾਸਨ ਵੱਲੋਂ ਮਨਜ਼ੂਰ ਕੀਤੀਆਂ ਗਈਆਂ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਧਰਨੇ ਦੌਰਾਨ ਕਿਹਾ ਕਿ ਲੋਕਾਂ ਤੇ ਜਵਾਨੀ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਲਈ ਮਹਿੰਦਰ ਸਿੰਘ ਨੇ ਆਪਣੀ ਜਾਨ ਦੀ ਬਲੀ ਦਿੱਤੀ ਹੈ ਤੇ ਇਹ ਸ਼ਹਾਦਤ ਨਸ਼ਾ ਤਸਕਰਾਂ ਤੇ ਪੰਜਾਬ ਵਿਰੋਧੀ ਤਾਕਤਾਂ ਵਿਰੁੱਧ ਆਖਰੀ ਹਥਿਆਰ ਸਾਬਤ ਹੋਵੇਗੀ। ਧਰਨੇਦਾਰਾਂ ਨੇ ਕਾਤਲਾਂ ਦੀ ਗ੍ਰਿਫ਼ਤਾਰੀ, ਪਰਿਵਾਰ ਲਈ ਮੁਆਵਜ਼ਾ, ਸ਼ਹੀਦ ਦੀ ਯਾਦ ਸਦੀਵੀ ਬਣਾਉਣ ਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ। ਇਸ ਮੌਕੇ ’ਤੇ ਵੱਖ-ਵੱਖ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ, ਜਿਨ੍ਹਾਂ ’ਚ ਦਰਸ਼ਨ ਨਾਹਰ, ਕੁਲਵੰਤ ਸਿੰਘ ਸੰਧੂ, ਮੇਜਰ ਖੁਰਲਾਪੁਰ, ਮਨੋਹਰ ਗਿੱਲ, ਰਾਮ ਸਿੰਘ ਕੈਮਵਾਲਾ, ਚਰਨਜੀਤ ਥੰਮੂਵਾਲ, ਕੇਵਲ ਸਿੰਘ, ਰਾਜਿੰਦਰ ਮੰਡ, ਸਤਵੰਤ ਸਿੰਘ ਰੌਲੀ, ਡਾ. ਸਰਬਜੀਤ ਮੁਠੱਡਾ ਤੇ ਹੋਰ ਅਗੂ ਸ਼ਾਮਲ ਸਨ। ਧਰਨੇ ਦੌਰਾਨ ਐੱਸਡੀਐੱਮ ਸ਼ਾਹਕੋਟ ਸਿਮਰਨਜੀਤ ਸਿੰਘ ਨੇ ਐਲਾਨ ਕੀਤਾ ਕਿ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ, ਇਕ ਪਰਿਵਾਰਕ ਮੈਂਬਰ ਨੂੰ ਕੁਲੈਕਟਰ ਰੇਟ ’ਤੇ ਦਰਜਾ ਚਾਰ ਦੀ ਨੌਕਰੀ ਮਿਲੇਗੀ ਤੇ ਬਘੇਲਾ ਪਿੰਡ ਦੀ ਗਰਾਊਂਡ ਦਾ ਨਾਂ ਸ਼ਹੀਦ ਮਹਿੰਦਰ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ। ਡੀਐੱਸਪੀ ਸੁਖਪਾਲ ਸਿੰਘ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਸਜ਼ਾ ਦੇਣ ਬਾਰੇ ਦੱਸਿਆ। ਆਗੂਆਂ ਨੇ ਕਿਹਾ ਕਿ ਪਰਸੋਂ ਸ਼ਹੀਦ ਮਹਿੰਦਰ ਸਿੰਘ ਦਾ ਅੰਤਿਮ ਸੰਸਕਾਰ ਸ਼ਾਂਤੀਪੂਰਵਕ ਤਰੀਕੇ ਨਾਲ ਕੀਤਾ ਜਾਵੇਗਾ।