ਏਕਤਾ ਤੇ ਸੰਘਰਸ਼ ਨਾਲ ਮਸਲੇ ਹੱਲ ਕਰਨ ਦਾ ਦਿੱਤਾ ਸੁਨੇਹਾ
ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜ਼ਿਲ੍ਹਾ ਜਲੰਧਰ ਦੀ 13ਵੀਂ ਕਾਨਫਰੰਸ ਸੰਪਨ ਹੋਈ --ਨਿਰਲੇਪ ਕੌਰ
Publish Date: Mon, 23 Mar 2026 08:15 PM (IST)
Updated Date: Mon, 23 Mar 2026 08:16 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਨਿਰਲੇਪ ਕੌਰ, ਸਤਵੰਤ ਕੌਰ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ’ਚ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜ਼ਿਲ੍ਹਾ ਜਲੰਧਰ ਦੀ ਕਾਨਫਰੰਸ ਜਲੰਧਰ ਵਿਖੇ ਹੋਈ। ਜਥੇਬੰਦੀ ਦਾ ਝੰਡਾ ਤੇ ਸੀਟੂ ਦਾ ਝੰਡਾ ਜ਼ਿਲ੍ਹੇ ਦੀ ਸਰਪ੍ਰਸਤ ਧਰਮਜੀਤ ਕੌਰ ਤੇ ਜ਼ਿਲ੍ਹਾ ਪ੍ਰਧਾਨ ਨਿਰਲੇਪ ਕੌਰ ਵੱਲੋਂ ਲਹਿਰਾਇਆ ਗਿਆ। ਕਾਨਫਰੰਸ ’ਚ ਵਿਛੜੇ ਸਾਥੀਆਂ ਲਈ ਸ਼ੋਕ ਮਤਾ ਮੀਤ ਪ੍ਰਧਾਨ ਹਰਜੀਤ ਕੌਰ ਵੱਲੋਂ ਪੇਸ਼ ਕੀਤਾ ਗਿਆ ਦੋ ਮਿੰਟ ਦਾ ਮੌਨ ਰੱਖ ਕੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਵਿਤਰੀ ਬਾਈ ਫੂਲੇ ਨਗਰ ਤੇ ਆਈਫਾ ਦੇ ਸਾਬਕਾ ਕੌਮੀ ਪ੍ਰੈਜੀਡੈਂਟ ਨੀਲਮ ਮੈਤਰਾ ਤੇ ਸਰਪ੍ਰਸਤ ਧਰਮਜੀਤ ਕੌਰ ਵੱਲੋਂ ਕਾਨਫਰੰਸ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਭਾਸ਼ਣ ਦੌਰਾਨ ਬੋਲਦੇ ਹੋਏ ਉਨ੍ਹਾਂ ਨੇ ਡੈਲੀਗੇਟਸ ਨੂੰ ਸੰਦੇਸ਼ ਦਿੱਤਾ ਕਿ ਔਰਤਾਂ ਦੀ ਏਕਤਾ ਤੇ ਸੰਘਰਸ਼ ਦੇ ਨਾਲ ਹੀ ਮਸਲਿਆਂ ਦਾ ਹੱਲ ਹੋ ਸਕਦਾ ਹੈ। ਜ਼ਿਲ੍ਹਾ ਕੈਸ਼ੀਅਰ ਪਰਮਜੀਤ ਕੌਰ ਨੇ ਕਾਨਫਰੰਸ ’ਚ ਸਮੂਹ ਮਹਿਮਾਨਾਂ ਤੇ ਡੈਲੀਗੇਟਸ ਭੈਣਾਂ ਨੂੰ "ਜੀ ਆਇਆਂ" ਆਖਿਆ ਗਿਆ।
ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸੋਢੀ ਰਾਮ ਉਪਲ ਵੱਲੋਂ ਭਰਾਤਰੀ ਸੰਦੇਸ਼ ਦਿੱਤਾ ਗਿਆ। ਡੀਵਾਈਐੱਫਆਈ ਦੇ ਆਗੂ ਕਾਮਰੇਡ ਕਮਲਜੀਤ ਸਿੰਘ ਫਿਲੌਰ ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ। ਜ਼ਿਲ੍ਹਾ ਸਕੱਤਰ ਕ੍ਰਿਸ਼ਨਾ ਕੁਮਾਰੀ ਪੁਆਦੜਾ ਵੱਲੋਂ ਕਾਨਫਰੰਸ ’ਚ ਯੂਨੀਅਨ ਦੇ ਪਿਛਲੇ ਤਿੰਨ ਸਾਲਾਂ ਦੇ ਸਮੇਂ ਦੀ ਰਿਪੋਰਟ ਪੇਸ਼ ਕੀਤੀ। ਕਾਨਫਰੰਸ ’ਚ 118 ਡੈਲੀਗੇਟ ਤੇ 15 ਦਰਸ਼ਕ ਹਾਜ਼ਰ ਸਨ। ਰਿਪੋਰਟ ’ਤੇ ਬਹਿਸ ’ਚ 12 ਡੈਲੀਗੇਟ ਨੇ ਹਿੱਸਾ ਲਿਆ ਤੇ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਲਈ ਆਪਣੇ ਸੁਚੱਜੇ ਸੁਝਾਅ ਪੇਸ਼ ਕੀਤੇ। ਬਹਿਸ ਦੌਰਾਨ ਸਵਾਲਾਂ ਤੇ ਸੁਝਾਵਾਂ ਦਾ ਜਵਾਬ ਦਿੰਦੇ ਹੋਏ ਕ੍ਰਿਸ਼ਨਾ ਕੁਮਾਰੀ ਨੇ ਕਿਹਾ ਕਿ ਤੁਹਾਡੇ ਵੱਲੋਂ ਸੁਝਾਅ ਰਿਪੋਰਟ ’ਚ ਦਰਜ ਕਰ ਲਏ ਜਾਣਗੇ। ਪੇਸ਼ ਕੀਤੀ ਗਈ ਰਿਪੋਰਟ ਸਰਬ ਸੰਮਤੀ ਨਾਲ ਪਾਸ ਕੀਤੀ ਗਈ। ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਤੋਂ ਸੂਬਾ ਆਗੂ ਪ੍ਰਧਾਨ ਹਰਜੀਤ ਕੌਰ ਪੰਜੋਲਾ ਤੇ ਜਨਰਲ ਸਕੱਤਰ ਸੁਭਾਸ਼ਰਾਣੀ ਵੱਲੋਂ ਚੋਣ ਦਾ 31 ਮੈਂਬਰਾਂ ਦਾ ਪੈਨਲ ਪੇਸ਼ ਕੀਤਾ ਗਿਆ। ਹਾਊਸ ਨੇ ਪੈਨਲ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਚੁਣੀ ਗਈ ਕਮੇਟੀ ਵੱਲੋਂ ਸਰਬ ਸੰਮਤੀ ਨਾਲ ਨਿਰਲੇਪ ਕੌਰ ਜ਼ਿਲ੍ਹਾ ਪ੍ਰਧਾਨ, ਕ੍ਰਿਸ਼ਨਾ ਕੁਮਾਰੀ ਜਨਰਲ ਸਕੱਤਰ, ਪਰਮਜੀਤ ਕੌਰ ਕੈਸ਼ੀਅਰ ਨਾਮਜ਼ਦ ਕੀਤਾ ਗਿਆ।