ਫਿਲੌਰ ਹਾਈਵੇ ’ਤੇ ਭਿਆਨਕ ਸੜਕ ਹਾਦਸਾ, ਜਾਨੀ ਨੁਕਸਾਨ ਟਲਿਆ
ਫਿਲੌਰ ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, ਜਾਨੀ ਨੁਕਸਾਨ ਟਲਿਆ
Publish Date: Sun, 08 Feb 2026 06:51 PM (IST)
Updated Date: Mon, 09 Feb 2026 04:08 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਨੈਸ਼ਨਲ ਹਾਈਵੇ ’ਤੇ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਦੋਂ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਇਕ ਸਵਿਫਟ ਕਾਰ ਨੂੰ ਪਿੱਛੋਂ ਆ ਰਹੇ ਟਰੱਕ ਨੇ ਸਾਈਡ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਘੁੰਮ ਕੇ ਟਰੱਕ ਅੱਗੇ ਆ ਗਈ ਤੇ ਟਰੱਕ ਡਰਾਈਵਰ ਕਾਰ ਨੂੰ ਲਗਪਗ 50 ਫੁੱਟ ਤੱਕ ਘੜੀਸਦਾ ਹੋਇਆ ਅੱਗੇ ਲੈ ਗਿਆ। ਕਾਰ ਚਾਲਕ ਚਰਨਜੀਤ ਸਿੰਘ ਪੁੱਤਰ ਬਲਵੀਰ ਚੰਦ, ਵਾਸੀ 12-ਬੀ ਰਤਨ ਨਗਰ ਤ੍ਰਿਪੁਈ ਪਟਿਆਲਾ ਨੇ ਦੱਸਿਆ ਕਿ ਉਸ ਵੱਲੋਂ ਕਾਫ਼ੀ ਰੌਲਾ ਵੀ ਪਾਇਆ ਗਿਆ ਪਰ ਟਰੱਕ ਡਰਾਈਵਰ ਨੇ ਵਾਹਨ ਨਹੀਂ ਰੋਕਿਆ। ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸਵਿਫਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨੂੰ ਤੁਰੰਤ ਸੁਰੱਖਿਅਤ ਢੰਗ ਨਾਲ ਚਾਲੂ ਕਰਵਾ ਦਿੱਤਾ ਗਿਆ। ਹਾਦਸੇ ਦੀ ਇਤਲਾਹ ਥਾਣਾ ਫਿਲੌਰ ਦੇ ਡਿਊਟੀ ਅਫਸਰ ਥਾਣੇਦਾਰ ਜੈ ਗੋਪਾਲ ਨੂੰ ਦਿੱਤੀ ਗਈ। ਪੁਲਿਸ ਵੱਲੋਂ ਮੌਕੇ ’ਤੇ ਹੀ ਟਰੱਕ ਚਾਲਕ ਪਵਨ ਕੁਮਾਰ ਨੂੰ ਹਿਰਾਸਤ ’ਚ ਲਿਆ ਗਿਆ ਹੈ। ਕਾਰ ਡਰਾਈਵਰ ਦੇ ਬਿਆਨਾਂ ’ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।