ਨਵਾਂਸ਼ਹਿਰ-ਫਿਲੌਰ ਹਾਈਵੇਅ ’ਤੇ ਟਿੱਪਰ ਤੇ ਕਾਰ ਦੀ ਟੱਕਰ
ਨਵਾਂਸ਼ਹਿਰ-ਫਿਲੌਰ ਹਾਈਵੇਅ ’ਤੇ ਟਿੱਪਰ ਤੇ ਕਾਰ ਦੀ ਭਿਆਨਕ ਟੱਕਰ, ਵੱਡਾ ਹਾਦਸਾ ਟਲਿਆ
Publish Date: Tue, 17 Mar 2026 06:47 PM (IST)
Updated Date: Tue, 17 Mar 2026 06:49 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨਵਾਂਸ਼ਹਿਰ ਤੋਂ ਫਿਲੌਰ ਜਾਣ ਵਾਲੇ ਮਸਰੂਫ ਹਾਈਵੇਅ ’ਤੇ ਅੱਜ ਪਿੰਡ ਰਸੂਲਪੁਰ ਰੋਡ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਟਿੱਪਰ ਤੇ ਚਿੱਟੀ ਕਾਰ ’ਚ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ’ਤੇ ਮੌਜੂਦ ਲੋਕਾਂ ਦੇ ਮੁਤਾਬਕ ਟੱਕਰ ਦੀ ਆਵਾਜ਼ ਦੂਰ ਤੱਕ ਸੁਣੀ ਗਈ, ਜਿਸ ਤੋਂ ਬਾਅਦ ਲੋਕ ਤੁਰੰਤ ਮੌਕੇ ’ਤੇ ਪਹੁੰਚ ਗਏ ਤੇ ਰਾਹਤ ਕਾਰਜਾਂ ’ਚ ਜੁੱਟ ਗਏ। ਖੁਸ਼ਕਿਸਮਤੀ ਨਾਲ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਕੁਝ ਲੋਕਾਂ ਨੂੰ ਹਲਕੀਆਂ ਚੋਟਾਂ ਲੱਗਣ ਦੀ ਸੰਭਾਵਨਾ ਹੈ। ਹਾਦਸੇ ਕਾਰਨ ਕੁਝ ਸਮੇਂ ਲਈ ਹਾਈਵੇਅ ’ਤੇ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ, ਪਰ ਸਥਾਨਕ ਲੋਕਾਂ ਤੇ ਰਾਹਗੀਰਾਂ ਦੀ ਮਦਦ ਨਾਲ ਵਾਹਨਾਂ ਨੂੰ ਹਟਾ ਕੇ ਟ੍ਰੈਫਿਕ ਨੂੰ ਮੁੜ ਸਧਾਰਨ ਕੀਤਾ ਗਿਆ। ਸੂਚਨਾ ਮਿਲਦੇ ਹੀ 112 ਟੀਮ ਦੇ ਇੰਚਾਰਜ ਥਾਣੇਦਾਰ ਮਨਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਰੰਭਿਕ ਤੌਰ ’ਤੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਈਵੇਅ ’ਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ ਤੇ ਸੜਕ ਸੁਰੱਖਿਆ ਲਈ ਵਧੇਰੇ ਪ੍ਰਬੰਧ ਕੀਤੇ ਜਾਣ। ਪ੍ਰਸ਼ਾਸਨ ਨੇ ਵੀ ਵਾਹਨ ਚਾਲਕਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਕਿ ਜਾਂਚ ਤੋਂ ਬਾਅਦ ਜਿਸਦੀ ਵੀ ਗਲਤੀ ਸਾਹਮਣੇ ਆਵੇਗੀ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।