ਪੰਚਾਇਤੀ ਜ਼ਮੀਨ ਨੂੰ ਵਾਹੁਣ ਤੇ ਦਰੱਖਤ ਵੱਢਣ ਕਾਰਨ ਮਾਹੌਲ ਤਣਾਅਪੂਰਨ
ਪਿੰਡ ਜੱਲਾ ਸਿੰਘ ਦੀ ਪੰਚਾਇਤੀ ਜ਼ਮੀਨ ਨੂੰ ਵਾਹੁਣ ’ਤੇ ਦਰੱਖਤ ਕੱਟਣ ਦੇ ਵਿਵਾਦ ਕਾਰਨ ਮਾਹੌਲ ਤਣਾਅਪੂਰਨ
Publish Date: Wed, 10 Jun 2026 06:32 PM (IST)
Updated Date: Wed, 10 Jun 2026 06:32 PM (IST)

-ਪੰਚਾਇਤੀ ਜ਼ਮੀਨ ’ਤੇ ਕਿਸੇ ਤਰ੍ਹਾਂ ਦਾ ਵੀ ਨਾਜਾਇਜ਼ ਕਬਜ਼ਾ ਨਹੀਂ ਹੋਣ ਦਿਆਂਗੇ : ਪਿੰਡ ਵਾਸੀ -ਪੁਲਿਸ ਨੇ ਤਿੰਨ ਟਰੈਕਟਰਾਂ ਨੂੰ ਲਿਆ ਕਬਜ਼ੇ ’ਚ ਪਰ ਬਿਨਾਂ ਕਾਰਵਾਈ ਛੱਡਿਆ -ਦੂਸਰੀ ਧਿਰ ਨੇ ਕਿਹਾ ਕਿ ਸਾਲ 2018 ’ਚ ਅਦਾਲਤ ਨੇ ਹੱਕ ’ਚ ਕੀਤਾ ਹੈ ਸਟੇਅ ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਨਜ਼ਦੀਕੀ ਪਿੰਡ ਜੱਲਾ ਸਿੰਘ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਉਭਰਨ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ ਹੈ। ਪਿੰਡ ਦੀ ਪੰਚਾਇਤ ਅਤੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਪਿੰਡ ਦੇ ਹੀ ਇੱਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਰਲ ਕੇ ਪੰਚਾਇਤੀ ਜ਼ਮੀਨ ਨੂੰ ਜਬਰੀ ਵਾਹੁਣਾ ਤੇ ਉੱਥੇ ਲੱਗੇ ਦਰੱਖਤ ਵੱਢਣੇ ਸ਼ੁਰੂ ਕਰ ਦਿੱਤੇ। ਡੀਐੱਸਪੀ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਨੀਲਮ ਰਾਣੀ, ਉਨ੍ਹਾਂ ਦੇ ਪਤੀ ਤਿਲਕ ਰਾਜ, ਪੰਚ ਸੁਖਬੀਰ ਸਿੰਘ, ਜਗਦੀਸ਼ ਕੁਮਾਰ, ਕਾਲੂ ਰਾਮ, ਦਸ਼ਮੇਸ਼ ਲਾਲ, ਕੁਲਦੀਪ ਕੌਰ, ਸਾਬਕਾ ਸਰਪੰਚ ਸਤਪਾਲ ਸਿੰਘ ਅਤੇ ਸੁਰਿੰਦਰ ਪਾਲ, ਨੰਬਰਦਾਰ ਈਸ਼ਵਰ ਸਰੂਪ, ਸੋਹਣ ਲਾਲ, ਜਰਨੈਲ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਚਾਇਤ ਦੀ ਕਰੀਬ 18 ਕਿੱਲੇ ਜ਼ਮੀਨ ਤੇ ਤਾਰੀ ਕਾਹਲੋਂ ਪੁੱਤਰ ਸੁਖਬੀਰ ਸਿੰਘ ਕਾਹਲੋਂ ਆਪਣੇ 25-30 ਸਾਥੀਆਂ ਨਾਲ ਪੁੱਜਾ ਅਤੇ ਤਿੰਨ-ਚਾਰ ਟਰੈਕਟਰਾਂ ਦੀ ਮਦਦ ਨਾਲ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਦੌਰਾਨ ਜ਼ਮੀਨ ’ਚ ਲੱਗੇ ਕਿੰਨੂਆਂ ਦੇ ਦਰੱਖਤ ਵੀ ਵੱਢੇ ਗਏ। ਪਿੰਡ ਵਾਸੀਆਂ ਮੁਤਾਬਕ, ਕਰਤਾਰਪੁਰ ਥਾਣੇ ਨੂੰ ਕਈ ਵਾਰ ਸੂਚਿਤ ਕਰਨ ਦੇ ਬਾਵਜੂਦ ਪੁਲਿਸ ਸਮੇਂ ਸਿਰ ਨਹੀਂ ਪੁੱਜੀ। ਬਾਅਦ ਵਿੱਚ ਹਲਕਾ ਵਿਧਾਇਕ ਬਲਕਾਰ ਸਿੰਘ ਨੂੰ ਜਾਣਕਾਰੀ ਦੇਣ ਉਪਰੰਤ ਪੁਲਿਸ ਮੌਕੇ ਤੇ ਪੁੱਜੀ। ਪੁਲਿਸ ਨੇ ਤਿੰਨ ਟਰੈਕਟਰ ਅਤੇ ਦਰੱਖਤ ਕੱਟਣ ਲਈ ਵਰਤੇ ਜਾਂਦੇ ਕਟਰ ਆਦਿ ਸਾਮਾਨ ਕਬਜ਼ੇ ਵਿੱਚ ਲੈ ਲਿਆ ਪਰ ਕਿਸੇ ਵੀ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਬਾਅਦ ਵਿੱਚ ਸਾਮਾਨ ਵੀ ਵਾਪਸ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਭਾਵੇਂ ਕਿਸੇ ਧਿਰ ਦੇ ਹੱਕ ’ਚ ਸਟੇਅ ਹੋਵੇ ਪਰ ਉਸ ਦੇ ਆਧਾਰ ਤੇ ਦਰੱਖਤ ਵੱਢਣ ਜਾਂ ਜ਼ਮੀਨ ਦੀ ਸਥਿਤੀ ਬਦਲਣ ਦਾ ਹੱਕ ਨਹੀਂ ਬਣਦਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਡੀਐੱਸਪੀ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਮਾਮਲੇ ਵਿੱਚ ਪਟੀਸ਼ਨਕਰਤਾ ਦੇ ਹੱਕ ਵਿੱਚ ਸਾਲ 2018 ਤੋਂ ਅਦਾਲਤੀ ਸਟੇਅ ਮੌਜੂਦ ਹੈ। ਮਾਮਲੇ ਦੀ ਜਾਂਚ ਐੱਸਐੱਚਓ ਕਰਤਾਰਪੁਰ ਰਮਨਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੀ ਧਿਰ ਦੇ ਤਾਰੀ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਸਾਲ 2018 ਵਿਚ ਹਾਈ ਕੋਰਟ ਤੋਂ ਸਟੇਅ ਮਿਲਿਆ ਹੋਇਆ ਹੈ, ਜਿਸ ਦੇ ਆਧਾਰ ਤੇ ਉਹ ਜ਼ਮੀਨ ਦੀ ਖੇਤੀ ਕਰਨ ਦੇ ਹੱਕਦਾਰ ਹਨ।