ਤਾਪਮਾਨ 40 ਡਿਗਰੀ ਦੇ ਪਾਰ, ਗਰਮੀ ਨਾਲ ਪਾਣੀ ਦੀ ਕਮੀ ਵਧੀ
ਤਾਪਮਾਨ 40 ਡਿਗਰੀ ਦੇ ਪਾਰ, ਗਰਮੀ ਨਾਲ ਪਾਣੀ ਦੀ ਕਮੀ ਵਧੀ, ਬਿਜਲੀ ਕੱਟ ਦੇ ਮੱਦੇਨਜ਼ਰ ਸਵੇਰੇ-ਸ਼ਾਮ ਇਕ-ਇਕ ਘੰਟਾ ਵਧੇਗੀ ਪਾਣੀ ਸਪਲਾਈ
Publish Date: Tue, 21 Apr 2026 09:55 PM (IST)
Updated Date: Tue, 21 Apr 2026 09:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੰਗਲਵਾਰ ਦਾ ਦਿਨ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। ਸਵੇਰੇ ਤੋਂ ਹੀ ਤੇਜ਼ ਹਵਾਵਾਂ ਚੱਲਦੀਆਂ ਰਹੀਆਂ, ਪਰ ਦਿਨ ਦੇ ਸਮੇਂ ਤਿੱਖੀ ਧੁੱਪ ਤੇ ਵਧਦੀ ਗਰਮੀ ਕਾਰਨ ਸ਼ਹਿਰ ਦੇ ਲੋਕ ਪਰੇਸ਼ਾਨ ਰਹੇ। ਮੌਸਮ ਵਿਭਾਗ ਮੁਤਾਬਕ ਅੱਜ ਤੱਕ ਦਾ ਸਭ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਘੱਟੋ-ਘੱਟ ਤਾਪਮਾਨ 19.6 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਬੁੱਧਵਾਰ ਲਈ ਵੀ ਤੇਜ਼ ਹਵਾਵਾਂ ਨਾਲ ਧੁੱਪ ਰਹਿਣ ਦੀ ਸੰਭਾਵਨਾ ਜਤਾਈ ਹੈ, ਜਦਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਹੀਟ ਵੇਵ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਤੋਂ ਇਲਾਵਾ 27 ਅਪ੍ਰੈਲ ਨੂੰ ਅੰਸ਼ਿਕ ਤੌਰ ’ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਤਾਪਮਾਨ ਵਿਚ ਵਾਧੇ ਨਾਲ ਸ਼ਹਿਰ ਵਿੱਚ ਪਾਣੀ ਦੀ ਕਮੀ ਵਧਣ ਲੱਗੀ ਹੈ। ਕਈ ਇਲਾਕਿਆਂ ਵਿੱਚ ਲੋਕਾਂ ਨੂੰ ਪਾਣੀ ਨਾ ਆਉਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਿਜਲੀ ਦੇ ਕੱਟਾਂ ਨੇ ਮੁਸ਼ਕਲ ਹੋਰ ਵਧਾ ਦਿੱਤੀ ਹੈ। ਪਾਵਰਕਾਮ ਨੇ ਅਗਲੇ ਪੰਜ ਦਿਨ ਲੰਬੇ ਬਿਜਲੀ ਕੱਟ ਲਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਦੁਪਹਿਰ ਸਮੇਂ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਕਿਉਂਕਿ ਟਿਊਬਵੈੱਲ ਨਹੀਂ ਚੱਲ ਸਕਣਗੇ। ---------------- ਅਪ੍ਰੈਲ ’ਚ ਤੇਜ਼ੀ ਨਾਲ ਵਧ ਰਿਹਾ ਤਾਪਮਾਨ ਪਿਛਲੇ ਸਾਲਾਂ ਦੇ ਅਪ੍ਰੈਲ ਦੇ ਪਹਿਲੇ 21 ਦਿਨਾਂ ਦੇ ਅੰਕੜਿਆਂ ਮੁਤਾਬਕ: ਸਾਲ — ਤਾਪਮਾਨ (ਡਿਗਰੀ ਸੈਲਸੀਅਸ) 2025 — 38.4 2024 — 36.2 2023 — 40.1 2022 — 40.6 ----------------------- ਪਾਣੀ ਦੀ ਕਮੀ ਨਾਲ ਲੋਕ ਨਾਰਾਜ਼, 35 ਨਵੇਂ ਟਿਊਬਵੈੱਲ ਅਜੇ ਚਾਲੂ ਨਹੀਂ ਤਾਪਮਾਨ ਵਧਣ ਨਾਲ ਸ਼ਹਿਰ ਵਿੱਚ ਪਾਣੀ ਦੀ ਕਮੀ ਵਧ ਗਈ ਹੈ। ਸੋਮਵਾਰ ਨੂੰ ਗੁਰੂ ਅਮਰਦਾਸ ਨਗਰ ਵਿੱਚ ਪਾਣੀ ਦੀ ਸਮੱਸਿਆ ਦੂਰ ਹੋਈ ਤਾਂ ਨਿਊ ਇੰਦਰਾ ਕਾਲੋਨੀ ਵਿਚ ਸਪਲਾਈ ਨੂੰ ਲੈ ਕੇ ਨਾਰਾਜ਼ਗੀ ਸਾਹਮਣੇ ਆਈ। ਮੰਗਲਵਾਰ ਨੂੰ ਵਾਰਡ ਨੰਬਰ 2 ਦੇ ਬਚਿੰਤ ਨਗਰ ਅਤੇ ਪਰਸ਼ੁਰਾਮ ਨਗਰ ਵਿੱਚ ਪਾਣੀ ਦੀ ਕਮੀ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਨਗਰ ਨਿਗਮ ਦੀ ਲਾਪਰਵਾਹੀ ਕਾਰਨ ਵੀ ਲੋਕ ਪਾਣੀ ਦੀ ਕਮੀ ਝੱਲ ਰਹੇ ਹਨ। ਲਗਭਗ 35 ਟਿਊਬਵੈੱਲ ਲਗਾਏ ਜਾ ਚੁੱਕੇ ਹਨ ਪਰ ਬਿਜਲੀ ਕੁਨੈਕਸ਼ਨ ਨਾ ਹੋਣ ਕਾਰਨ ਇਹ ਅਜੇ ਤੱਕ ਚਾਲੂ ਨਹੀਂ ਹੋ ਸਕੇ। ਇਨ੍ਹਾਂ ਵਿਚ ਨਿਊ ਇੰਦਰਾ ਕਾਲੋਨੀ ਵਿੱਚ 11 ਮਹੀਨੇ ਪਹਿਲਾਂ ਲੱਗਾ ਟਿਊਬਵੈੱਲ ਵੀ ਸ਼ਾਮਲ ਹੈ। ਅਗਲੇ ਪੰਜ ਦਿਨਾਂ ਲਈ ਰੋਜ਼ਾਨਾ ਬਿਜਲੀ ਕੱਟ ਲੱਗਣ ਦੇ ਐਲਾਨ ਨਾਲ ਲੋਕਾਂ ਦੀ ਮੁਸ਼ਕਲ ਹੋਰ ਵਧ ਸਕਦੀ ਹੈ। ਇਹ ਕੱਟ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਏ ਜਾਣਗੇ, ਜਿਸ ਕਾਰਨ ਉਸ ਸਮੇਂ ਟਿਊਬਵੈੱਲ ਨਹੀਂ ਚੱਲ ਸਕਣਗੇ। ਇਸ ਸਥਿਤੀ ਨੂੰ ਦੇਖਦੇ ਹੋਏ ਮੇਅਰ ਵਨੀਤ ਧੀਰ ਨੇ ਨਿਗਮ ਦੀ ਓਐਂਡਐੱਮ ਬ੍ਰਾਂਚ ਨੂੰ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਦਿਨਾਂ ਬਿਜਲੀ ਕੱਟ ਰਹੇਗਾ, ਉਨ੍ਹਾਂ ਦਿਨਾਂ ਸਵੇਰੇ ਅਤੇ ਸ਼ਾਮ ਨੂੰ ਪਾਣੀ ਦੀ ਸਪਲਾਈ ਇਕ-ਇਕ ਘੰਟਾ ਵਧਾਈ ਜਾਵੇ। ਮੌਜੂਦਾ ਸਮੇਂ ਸਵੇਰੇ 5 ਤੋਂ 9 ਵਜੇ ਅਤੇ ਸ਼ਾਮ 5 ਤੋਂ 9 ਵਜੇ ਤੱਕ ਪਾਣੀ ਦੀ ਸਪਲਾਈ ਹੁੰਦੀ ਸੀ ਪਰ ਹੁਣ ਅਗਲੇ ਪੰਜ ਦਿਨਾਂ ਲਈ ਇਹ ਸਮਾਂ ਸਵੇਰੇ 10 ਵਜੇ ਅਤੇ ਰਾਤ 10 ਵਜੇ ਤੱਕ ਵਧਾਇਆ ਜਾਵੇਗਾ।