ਪਾਰਾ 2.3 ਡਿਗਰੀ ਤੱਕ ਪੁੱਜਣ ਕਾਰਨ ਅੱਜ ਸੰਘਣੀ ਧੁੰਦ ਤੇ ਸ਼ੀਤ ਲਹਿਰ ਦਾ ਅਲਰਟ
ਤਾਪਮਾਨ 2.3 ਡਿਗਰੀ ਸੈਲਸੀਅਸ ਤੱਕ ਪਹੁੰਚਿਆ, ਅੱਜ ਔਰੇਂਜ ਅਲਰਟ, ਪਵੇਗੀ ਸੰਘਣੀ ਧੁੰਦ ਤੇ ਚੱਲੇਗੀ ਸ਼ੀਤ ਲਹਿਰ
Publish Date: Tue, 13 Jan 2026 10:16 PM (IST)
Updated Date: Tue, 13 Jan 2026 10:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲੋਹੜੀ ਦੇ ਤਿਉਹਾਰ ਵਾਲੇ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਨਾਲ ਹੋਈ। ਸਵੇਰੇ ਸਾਢੇ 10 ਵਜੇ ਤੱਕ ਬਾਹਰੀ ਇਲਾਕਿਆਂ ’ਚ ਦਿਸਣ ਹੱਦ ਸਿਰਫ 30 ਮੀਟਰ ਤੱਕ ਰਹੀ। ਹਾਲਾਂਕਿ ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਦਿਸਣ ਹੱਦ ਕਾਰਨ ਵੱਡੀ ਮੁਸ਼ਕਲ ਨਹੀਂ ਆਈ ਪਰ ਹਾਈਵੇ ’ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਸਾਢੇ ਸੱਤ ਵਜੇ ਤੱਕ ਹਾਲਾਤ ਕਾਫ਼ੀ ਖਰਾਬ ਰਹੇ ਤੇ ਦਿਨ ਚੜ੍ਹਨ ਨਾਲ ਦਿਸਣ ਹੱਦ ਹੌਲੀ-ਹੌਲੀ ਸੁਧਰਦੀ ਗਈ। ਦਿਨ ਭਰ ਠੰਢੀਆਂ ਹਵਾਵਾਂ ਕਾਰਨ ਲੋਕ ਕੰਬਦੇ ਰਹੇ, ਹਾਲਾਂਕਿ ਦਿਨ ਵੇਲੇ ਨਿਕਲੀ ਧੁੱਪ ਨਿਕਲਣ ਨਾਲ ਕੁਝ ਹੱਦ ਤੱਕ ਰਾਹਤ ਵੀ ਮਿਲੀ। ਇਸ ਦੌਰਾਨ ਘੱਟੋ-ਘੱਟ ਤਾਪਮਾਨ 2.3 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ 8 ਸਾਲਾਂ ਬਾਅਦ ਦਸੰਬਰ ਮਹੀਨੇ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਘੱਟੋ-ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ ਭਾਵੇਂ ਤਾਪਮਾਨ ਵਿੱਚ ਸਿਰਫ 0.2 ਡਿਗਰੀ ਦੀ ਹੀ ਕਮੀ ਆਈ ਪਰ ਇਸ ਕਾਰਨ ਲੋਕ ਨਾ ਸਿਰਫ਼ ਘਰੋਂ ਬਾਹਰ, ਸਗੋਂ ਘਰਾਂ ਦੇ ਅੰਦਰ ਵੀ ਠੰਢ ਨਾਲ ਕੰਬਦੇ ਨਜ਼ਰ ਆਏ। ਹਰ ਪਾਸੇ ਲੋਕ ਅੱਗ ਬਾਲ ਕੇ ਹੱਥ ਸੇਕਦੇ ਦਿਖਾਈ ਦਿੱਤੇ।
ਮੌਸਮ ਵਿਭਾਗ ਵੱਲੋਂ ਮਾਘੀ ਅਰਥਾਤ ਬੁੱਧਵਾਰ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਸੰਘਣੀ ਧੁੰਦ ਵੀ ਛਾਈ ਰਹੇਗੀ ਤੇ ਸ਼ੀਤ ਲਹਿਰ ਵੀ ਚੱਲੇਗੀ। ਹਾਲਾਂਕਿ ਦਿਨ ਦੇ ਸਮੇਂ ਧੁੱਪ ਨਿਕਲਣ ਨਾਲ ਕੁਝ ਰਾਹਤ ਮਿਲਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ, ਜਿਸ ਕਾਰਨ ਤਾਪਮਾਨ ’ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।
ਦੂਜੇ ਪਾਸੇ, ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) ਦੀ ਗੱਲ ਕਰੀਏ ਤਾਂ ਸ਼ਹਿਰ ਦਾ ਵੱਧ ਤੋਂ ਵੱਧ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 174, ਘੱਟੋ-ਘੱਟ 62 ਰਿਹਾ, ਜਦਕਿ ਦਿਨ ਭਰ ਦੀ ਬਦਲਦੀ ਸਥਿਤੀ ਦੇ ਆਧਾਰ ’ਤੇ ਔਸਤ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 109 ਦਰਜ ਕੀਤਾ ਗਿਆ।