ਮਾਰਚ ਦੇ ਪਹਿਲੇ ਹਫ਼ਤੇ ’ਚ ਹੀ ਤਾਪਮਾਨ 30.5 ਡਿਗਰੀ ਤੱਕ ਪਹੁੰਚਿਆ, ਦਿਨ ਦੌਰਾਨ ਗਰਮੀ ਦਾ ਅਹਿਸਾਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇਸ ਵਾਰ ਮਾਰਚ ਦੇ ਪਹਿਲੇ ਹੀ ਹਫ਼ਤੇ ’ਚ ਗਰਮੀ ਦਾ ਅਸਰ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ। ਸ਼ਹਿਰ ’ਚ ਵੱਧ ਤੋਂ ਵੱਧ ਤਾਪਮਾਨ 30.5 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ, ਜਿਸ ਕਾਰਨ ਦਿਨ ਵੇਲੇ ਲੋਕਾਂ ਨੂੰ ਗਰਮੀ ਮਹਿਸੂਸ ਹੋਣ ਲੱਗੀ ਹੈ। ਹਾਲਾਂਕਿ ਰਾਤ ਦੇ ਸਮੇਂ ਅਜੇ ਵੀ ਹਲਕੀ ਠੰਢ ਮਹਿਸੂਸ ਕੀਤੀ ਜਾ ਰਹੀ ਹੈ। ਆਮ ਤੌਰ ’ਤੇ ਫਰਵਰੀ ਦੇ ਅੰਤ ਤੇ ਮਾਰਚ ਦੀ ਸ਼ੁਰੂਆਤ ’ਚ ਮੌਸਮ ਕੁਝ ਠੰਢਾ ਰਹਿੰਦਾ ਹੈ ਪਰ 2010 ਤੋਂ 2026 ਤੱਕ ਦੇ ਅੰਕੜਿਆਂ ਮੁਤਾਬਕ ਮਾਰਚ ਦੇ ਪਹਿਲੇ ਪੰਜ ਦਿਨਾਂ ’ਚ ਕਦੇ ਵੀ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਨਹੀਂ ਪੁੱਜਾ। ਸਾਲ 2016 ਤੇ 2020 ’ਚ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਤੱਕ ਜ਼ਰੂਰ ਗਿਆ ਸੀ, ਜਦਕਿ 2021 ’ਚ ਇਹ ਕਰੀਬ 28 ਡਿਗਰੀ ਰਿਹਾ ਸੀ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਅਗਲੇ ਪੰਜ ਦਿਨਾਂ ’ਚ ਤਾਪਮਾਨ ’ਚ ਕਰੀਬ ਤਿੰਨ ਡਿਗਰੀ ਸੈਲਸੀਅਸ ਤੱਕ ਹੋਰ ਵਾਧਾ ਹੋ ਸਕਦਾ ਹੈ। ਇਸ ਨਾਲ ਤਾਪਮਾਨ 33 ਡਿਗਰੀ ਸੈਲਸੀਅਸ ਤੋਂ ਵੀ ਪਾਰ ਜਾਣ ਦੀ ਸੰਭਾਵਨਾ ਹੈ। ਇਸ ਸਮੇਂ ਮੀਂਹ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦੇ ਰਹੀ, ਜਿਸ ਕਾਰਨ ਖੇਤਾਂ ’ਚ ਨਮੀ ਘੱਟ ਰਹੀ ਹੈ ਤੇ ਇਸ ਦਾ ਅਸਰ ਕਣਕ ਦੀ ਫਸਲ ’ਤੇ ਪੈ ਸਕਦਾ ਹੈ। ਮੌਸਮ ਮਾਹਰ ਡਾ. ਦਲਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਹੋਰ ਤਬਦੀਲੀ ਆ ਸਕਦੀ ਹੈ ਤੇ ਫਿਲਹਾਲ ਮੀਂਹ ਦੀ ਸੰਭਾਵਨਾ ਨਹੀਂ ਹੈ। ਇਸ ਸਬੰਧੀ ਖੇਤੀਬਾੜੀ ਵਿਭਾਗ ਤੋਂ ਸੇਵਾਮੁਕਤ ਮੁੱਖ ਖੇਤੀਬਾੜੀ ਅਫਸਰ ਡਾ. ਨਰੇਸ਼ ਗੁਲਾਟੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਕਰੀਬ 1.073 ਲੱਖ ਹੈਕਟੇਅਰ ਖੇਤਰ ’ਚ ਕਣਕ ਦੀ ਕਾਸ਼ਤ ਕੀਤੀ ਗਈ ਹੈ। ਕਣਕ ਸਿਆਲਾਂ ਦੀ ਫਸਲ ਹੈ ਤੇ ਇਸ ਵੇਲੇ ਲਗਭਗ ਪੱਕਣ ਨੇੜੇ ਹੈ। ਇਸ ਸਮੇਂ ਧੁੱਪ ਲੱਗਣ ਨਾਲ ਤਣਾ ਮਜ਼ਬੂਤ ਹੁੰਦਾ ਹੈ ਤੇ ਫਸਲ ਸੁਨਹਿਰੇ ਰੰਗ ’ਚ ਤਬਦੀਲ ਹੋਣ ਲੱਗਦੀ ਹੈ, ਜਿਸ ਨਾਲ ਦਾਣਾ ਭਰਪੂਰ ਬਣਦਾ ਹੈ। ਹਾਲਾਂਕਿ ਜਿੱਥੇ ਫਸਲ ਦੇਰੀ ਨਾਲ ਬੀਜੀ ਗਈ ਹੈ, ਉੱਥੇ ਵੱਧ ਤਾਪਮਾਨ ਕਾਰਨ ਕੁਝ ਸਮੱਸਿਆ ਆ ਸਕਦੀ ਹੈ। ਸਿਵਲ ਹਸਪਤਾਲ ਦੇ ਮੈਡੀਕਲ ਵਿਸ਼ੇਸ਼ਗਿਆ ਡਾ. ਤਰਸੇਮ ਲਾਲ ਨੇ ਕਿਹਾ ਕਿ ਮੌਜੂਦਾ ਤਾਪਮਾਨ ਦਾ ਲੋਕਾਂ ਦੀ ਸਿਹਤ ’ਤੇ ਵੱਡਾ ਅਸਰ ਨਹੀਂ ਪਿਆ ਹੈ। ਇਸ ਸਮੇਂ ਵਾਇਰਲ ਬਿਮਾਰੀਆਂ ਕਾਰਨ ਲੋਕ ਖੰਘ, ਜ਼ੁਕਾਮ, ਨਜ਼ਲਾ ਤੇ ਬੁਖਾਰ ਕਾਰਨ ਪਰੇਸ਼ਾਨ ਹਨ। ਉਨ੍ਹਾਂ ਲੋਕਾਂ ਨੂੰ ਕੋਲਡ੍ਰਿੰਕ ਤੇ ਹੋਰਨ ਠੰਢੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ ਤੇ ਕਿਹਾ ਹੈ ਕਿ ਖੰਘ ਜਾਂ ਛਿਕ ਦੇ ਸਮੇਂ ਮੂੰਹ ਢੱਕ ਕੇ ਰੱਖਿਆ ਜਾਵੇ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਆਮ ਤੌਰ ’ਤੇ ਫਰਵਰੀ ਅਤੇ ਮਾਰਚ ਦੇ ਸ਼ੁਰੂ ’ਚ ਮੀਂਹ ਪੈਣ ਦੀ ਸੰਭਾਵਨਾ ਰਹਿੰਦੀ ਹੈ ਤੇ ਕਈ ਸਾਲਾਂ ’ਚ ਇਸ ਦੌਰਾਨ ਮੀਂਹ ਵੀ ਪਿਆ ਹੈ। ਜਿਵੇਂ ਕਿ 2020 ’ਚ 3 ਮਾਰਚ, 2019 ’ਚ 5 ਮਾਰਚ, 2018 ’ਚ 5 ਮਾਰਚ, 2015 ’ਚ 4 ਮਾਰਚ, 2011 ’ਚ 5 ਮਾਰਚ ਤੇ 2010 ’ਚ 2 ਮਾਰਚ ਨੂੰ ਮੀਂਹ ਦਰਜ ਕੀਤਾ ਗਿਆ ਸੀ ਪਰ ਇਸ ਵਾਰ ਫਰਵਰੀ ਮਹੀਨਾ ਸੁੱਕਾ ਰਿਹਾ ਤੇ ਮਾਰਚ ਦੇ ਪਹਿਲੇ ਪੰਜ ਦਿਨਾਂ ’ਚ ਵੀ ਮੀਂਹ ਨਹੀਂ ਪਿਆ।