ਹਾਕੀ ਪੰਜਾਬ ਖਿਡਾਰੀਆਂ ਨੂੰ ਸਹੂਲਤਾਂ ਦੇਣ ਵਚਨਬੱਧ : ਕੋਹਲੀ
ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਸੰਗਰੂਰ ਤੇ ਐੱਸਬੀਐੱਸ ਨਗਰ ਦੀਆਂ ਲੜਕਿਆਂ ਦੇ ਵਰਗ ’ਚ ਟੀਮਾਂ ਕਵਾਰਟਰ ਫਾਇਨਲ ’ਚ
Publish Date: Sat, 14 Mar 2026 09:02 PM (IST)
Updated Date: Sat, 14 Mar 2026 09:06 PM (IST)

-ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਸੰਗਰੂਰ ਤੇ ਐੱਸਬੀਐੱਸ ਨਗਰ ਦੀਆਂ ਟੀਮਾਂ ਕੁਆਰਟਰ ਫਾਈਨਲ ਪੁੱਜੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਾਕੀ ਪੰਜਾਬ ਵੱਲੋਂ ਰਾਊਂਡ ਗਲਾਸ ਸਪੋਰਟਸ ਦੀ ਮਦਦ ਨਾਲ ਕਰਵਾਈ ਜਾ ਰਹੀ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ (ਸਬ ਜੂਨੀਅਰ ਲੜਕੇ ਤੇ ਲੜਕੀਆਂ) ’ਚ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਸੰਗਰੂਰ ਤੇ ਐੱਸਬੀਐੱਸ ਨਗਰ ਦੀਆਂ ਲੜਕਿਆਂ ਦੇ ਵਰਗ ’ਚ ਟੀਮਾਂ ਕੁਆਰਟਰ ਫਾਈਨਲ ’ਚ ਪੁੱਜ ਗਈਆਂ ਹਨ, ਜਦਕਿ ਪਟਿਆਲਾ, ਮੁਕਤਸਰ ਦੀਆਂ ਟੀਮਾਂ ਲੜਕੀਆਂ ਦੇ ਵਰਗ ’ਚ ਕੁਆਰਟਰ ਫਾਈਨਲ ’ਚ ਪੁੱਜ ਗਈਆਂ ਹਨ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਉਨ੍ਹਾਂ ਨੇ ਖਿਡਾਰੀਆਂ ਨਾਲ ਨਾਲ ਪਛਾਣ ਕੀਤੀ। ਇਸ ਮੌਕੇ ’ਤੇ ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਾਕੀ ਪੰਜਾਬ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਰਾਹੀਂ ਪੰਜਾਬ ਦੇ ਉਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਪੂਰਾ ਮੌਕਾ ਪ੍ਰਦਾਨ ਕੀਤਾ ਗਿਆ ਹੈ। ਪਹਿਲੇ ਦਿਨ ਲੜਕਿਆਂ ਦੇ ਵਰਗ ’ਚ ਲੁਧਿਆਣਾ ਨੇ ਕਪੂਰਥਲਾ ਨੂੰ 11-0 ਨਾਲ, ਅੰਮ੍ਰਿਤਸਰ ਨੇ ਬਠਿੰਡਾ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 3-2 ਨਾਲ ਹਰਾ ਕੇ, ਪਟਿਆਲਾ ਨੇ ਫਤਿਹਗੜ੍ਹ ਸਾਹਿਬ ਨੂੰ 3-1 ਨਾਲ ਹਰਾ ਕੇ, ਤਰਨਤਾਰਨ ਨੇ ਹੁਸ਼ਿਆਰਪੁਰ ਨੂੰ 2-1 ਨਾਲ ਹਰਾ ਕੇ, ਸੰਗਰੂਰ ਨੇ ਗੁਰਦਾਸਪੁਰ ਨੂੰ 6-1 ਨਾਲ ਹਰਾ ਕੇ ਤੇ ਐੱਸਬੀਐੱਸ ਨਗਰ ਨੇ ਪਠਾਨਕੋਟ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 4-3 ਨਾਲ ਹਰਾ ਕੇ ਕੁਆਰਟਰ ਫਾਇਨਲ ’ਚ ਪ੍ਰਵੇਸ਼ ਕੀਤਾ। ਜਦਕਿ ਲੜਕੀਆਂ ਦੇ ਵਰਗ ’ਚ ਮੁਕਤਸਰ ਸਾਹਿਬ ਨੇ ਹੁਸ਼ਿਆਰਪੁਰ ਨੂੰ 8-0 ਨਾਲ ਤੇ ਪਟਿਆਲਾ ਨੇ ਗੁਰਦਾਸਪੁਰ ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਅੱਜ ਦੇ ਮੈਚਾਂ ਸਮੇਂ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਉਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਹਰਿੰਦਰ ਸਿੰਘ ਸੰਘਾ, ਗੁਰਮੀਤ ਸਿੰਘ, ਕੁਲਬੀਰ ਸਿੰਘ, ਤੇ ਹੋਰ ਬਹੁਤ ਸਾਰੇ ਹਾਕੀ ਪ੍ਰੇਮੀ ਹਾਜ਼ਰ ਸਨ।