ਨਸ਼ਿਆਂ ਦੇ ਖ਼ਾਤਮੇ ’ਚ ਅਹਿਮ ਭੂਮਿਕਾ ਨਿਭਾ ਸਕਦੇ ਨੇ ਅਧਿਆਪਕ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 21 Feb 2026 10:08 PM (IST)
Updated Date: Sat, 21 Feb 2026 10:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਕਾਲਜ ਆਫ ਐਜੂਕੇਸ਼ਨ, ਜਲੰਧਰ ਵੱਲੋਂ ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰੀਡੱਕਸ਼ਨ (ਐੱਨਏਪੀਡੀਡੀਆਰ) ਤਹਿਤ ਪ੍ਰੋਫੈਸਰਜ਼ ਦੀ ਸਮਰੱਥਾ ਨਿਰਮਾਣ ਵਿਸ਼ੇ ’ਤੇ ਦੋ ਦਿਨਾਂ ਵਰਕਸ਼ਾਪ ਦਾ ਦੂਜਾ ਦਿਨ ਸਫ਼ਲਤਾਪੂਰਵਕ ਸੰਪੰਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਜਿਸਟ੍ਰੇਸ਼ਨ ਤੇ ਸ਼ਮ੍ਹਾਂ ਰੋਸ਼ਨ ਨਾਲ ਕੀਤੀ ਗਈ। ਪ੍ਰਿੰਸੀਪਲ ਡਾ. ਜਸਮੀਤ ਸੇਠੀ ਨੇ ਸਰੋਤ ਬੁਲਾਰਿਆਂ ਤੇ ਭਾਈਵਾਲਾਂ ਦਾ ਸਵਾਗਤ ਕਰਦਿਆਂ ਨਸ਼ਿਆਂ ਦੇ ਖਾਤਮੇ ਤੇ ਯੁਵਾ ਵਿਕਾਸ ’ਚ ਅਧਿਆਪਕਾਂ ਦੀ ਅਹਿਮ ਭੂਮਿਕਾ ਉੱਤੇ ਜ਼ੋਰ ਦਿੱਤਾ। ਉਪ-ਪ੍ਰਿੰਸੀਪਲ ਨਵਨੀਤ ਜੀਦ ਨੇ ਨਸ਼ਿਆਂ ਸਬੰਧੀ ਸਮੱਸਿਆਵਾਂ ਦੀ ਜਲਦੀ ਪਛਾਣ ਤੇ ਰੋਕਥਾਮ ਲਈ ਸਮਰੱਥਾ ਵਿਕਾਸ ਦੀ ਲੋੜ ਜ਼ੋਰ ਦਿੱਤਾ।
ਸੁਰਿੰਦਰ ਸੈਣੀ ਦੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਗਈ, ਜੋ ਪਿਛਲੇ 40 ਤੋਂ ਵੱਧ ਸਾਲਾਂ ਤੋਂ ਚਾਈਲਡ ਹੈਲਪਲਾਈਨ ਤੇ ਜਲੰਧਰ ਵੈੱਲਫੇਅਰ ਸੁਸਾਇਟੀ ਚਲਾ ਰਹੇ ਹਨ ਤੇ ਬੱਚਿਆਂ ਨਾਲ ਹੋਣ ਵਾਲੇ ਮਾੜੇ ਸਲੂਕ ਦੀ ਰੋਕਥਾਮ ਤੇ ਨਸ਼ਾ ਆਦਤ ਮੁਕਤੀ ਦੇ ਖੇਤਰ ’ਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਸੈਸ਼ਨ ਦੇ ਪਹਿਲੇ ਪੜਾਅ ’ਚ ਡਾ. ਸ਼ਰਨਜੀਤ ਕੌਰ ਨੇ ਨਸ਼ਾ ਆਦਤ ਸਬੰਧੀ ਮਨੋਵਿਗਿਆਨਿਕ ਪੱਖ ਤੇ ਰੋਕਥਾਮੀ ਰਣਨੀਤੀਆਂ ’ਤੇ ਵਿਚਾਰ ਸਾਂਝੇ ਕੀਤੇ। ਦੋ ਤੇ ਤਿੰਨ ’ਚ ਸੰਦੀਪ ਸਿੰਘ ਵੱਲੋਂ ਲਏ ਗਏ, ਜਿਨ੍ਹਾਂ ਵਿੱਚ ਨਸ਼ੇ ਦੇ ਮਨੋਵਿਗਿਆਨ, ਕੌਂਸਲਿੰਗ ਕੌਸ਼ਲ ਤੇ ਵਿਹਾਰਿਕ ਦਖਲਅੰਦਾਜ਼ੀ ਵਾਲੇ ਤਰੀਕਿਆਂ ’ਤੇ ਧਿਆਨ ਦਿੱਤਾ ਗਿਆ। ਚੌਥੇ ਪੜਾਅ ’ਚ ਰਮਨਪ੍ਰੀਤ ਕੌਰ ਵੱਲੋਂ ਲਿਆ ਗਿਆ, ਜਿਸ ’ਚ ਮਨੋਵਿਗਿਆਨਿਕ ਖੁਸ਼ਹਾਲੀ, ਤਣਾਅ ਪ੍ਰਬੰਧਨ ਤੇ ਨਸ਼ਾਮੁਕਤ, ਸਹਾਇਕ ਅਕਾਦਮਿਕ ਵਾਤਾਵਰਣ ਬਣਾਉਣ ‘ਤੇ ਜ਼ੋਰ ਦਿੱਤਾ ਗਿਆ।
ਵਰਕਸ਼ਾਪ ਦੀ ਸਮਾਪਤੀ ਪ੍ਰਿੰਸੀਪਲ ਦੇ ਸਮਾਪਤੀ ਸੰਬੋਧਨ ਨਾਲ ਹੋਈ, ਜਿਨ੍ਹਾਂ ਨੇ ਸਰੋਤ ਬੁਲਾਰਿਆਂ, ਭਾਈਵਾਲਾਂ, ਪ੍ਰਬੰਧਕ ਟੀਮ ਤੇ ਡਾ. ਹਰਮਨਦੀਪ ਕੌਰ (ਪ੍ਰੋਗਰਾਮ ਇੰਚਾਰਜ) ਦਾ ਸਫ਼ਲ ਪ੍ਰੋਗਰਾਮ ਲਈ ਧੰਨਵਾਦ ਕੀਤਾ। ਇਸ ਵਰਕਸ਼ਾਪ ਨੇ ਅਧਿਆਪਕਾਂ ਦੀ ਪੇਸ਼ਾਵਰ ਸਮਰੱਥਾ ਨੂੰ ਮਜ਼ਬੂਤ ਕੀਤਾ ਤੇ ਸਿੱਖਿਆ ਤੇ ਕਾਊਂਸਲਿੰਗ ਰਾਹੀਂ ਨਸ਼ਾ ਮੰਗ ਘਟਾਉਣ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ।