- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਐਡ. ਗੁਰਮੀਤ ਸਿੰਘ ਸ਼ੁਗਲੀ

-ਐਡ. ਗੁਰਮੀਤ ਸਿੰਘ ਸ਼ੁਗਲੀ ਸਿਮਰਤੀ ਸਮਾਗਮ ਸਿਆਸੀ ਤੇ ਸਮਾਜੀ ਸਰੋਕਾਰਾਂ ਦਾ ਸੰਵਾਦ ਹੋ ਨਿਬੜਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕੰਪਲੈਕਸ ਦੇ ਵਿਸ਼ਣੂ ਗਣੇਸ਼ ਪਿੰਗਲੇ ਹਾਲ ’ਚ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਸਿਮਰਤੀ ਸਮਾਗਮ ਜਿੱਥੇ ਉਨ੍ਹਾਂ ਦੀਆਂ ਯਾਦਾਂ ਦੀ ਚੰਗੇਰ ਭਰ ਗਿਆ, ਉਨ੍ਹਾਂ ਦੀ ਬਹੁਪੱਖੀ ਸ਼ਖਸੀਅਤ ਦੇ ਕਈ ਰੂਪਾਂ ਨੂੰ ਸਾਹਮਣੇ ਲਿਆਇਆ, ਉੱਥੇ ਇੱਕ ਉਸਾਰੂ ਸੰਵਾਦ ਛੇੜਦਿਆਂ ਇਸ ਨੂੰ ਹੋਰ ਪਸਾਰ ਦੇਣ ਦਾ ਅਹਿਦ ਵੀ ਕੀਤਾ ਤੇ ਤਰਕ ਵਿਗਿਆਨ, ਸਿਆਸੀ ਤੇ ਸਮਾਜਕ ਚੇਤਨਾ ਦਾ ਛੱਟਾ ਵੀ ਦੇ ਗਿਆ। ਮਾਤਾ ਮਹਿੰਦਰ ਕੌਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ, ਨਵਾਂ ਜ਼ਮਾਨਾ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਪ੍ਰਧਾਨ ਰਸ਼ਪਾਲ ਸਿੰਘ ਬੜਾ ਪਿੰਡ, ਡਾ. ਜਸ ਮੰਡ ਤੇ ਮਾਸਟਰ ਗੁਰਦੇਵ ਸਿੰਘ ਦੀ ਪ੍ਰਧਾਨਗੀ ਵਿੱਚ ਹੋਏ ਸਿਮਰਤੀ ਸਮਾਗਮ ’ਚ ਹਰ ਖੇਤਰ ਦੇ ਵਿਦਵਾਨ, ਬੁਲਾਰੇ ਤੇ ਸੈਂਕੜੇ ਸੂਝਵਾਨ ਸਰੋਤੇ ਸ਼ਾਮਲ ਹੋਏ।
ਸਟੇਜ ਸਕੱਤਰ ਬੀਰ ਰਹੀਮਪੁਰੀ ਨੇ ਸਮਾਗਮ ਦੀ ਭੂਮਿਕਾ ਬੰਨ੍ਹਦਿਆਂ ਕਿਹਾ ਕਿ ਕੋਈ ਅਜਿਹਾ ਖੇਤਰ ਨਹੀਂ, ਜਿਸ ਵਿੱਚ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦਾ ਵੱਖਰਾ ਨਿਆਰਾ ਰੂਪ ਸਾਹਮਣੇ ਨਾ ਆਇਆ ਹੋਵੇ। ਸੀਪੀਆਈ ਦੇ ਸਾਬਕਾ ਸੂਬਾ ਸਕੱਤਰ ਕਾਮਰੇਡ ਜਗਰੂਪ ਨੇ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨਾਲ ਸ਼ੁਰੂ ਹੋਏ ਮੇਲ-ਮਿਲਾਪ ਦਾ ਜ਼ਿਕਰ 55 ਸਾਲ ਪਹਿਲਾਂ ਹੋਏ ਇੱਕ ਸਮਾਗਮ ਦੇ ਹਵਾਲੇ ਨਾਲ ਕੀਤਾ। ਅੱਧੀ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਦੀਆਂ ਯਾਦਾਂ ਅੱਜ ਵੀ ਤਾਜ਼ਾ ਹਨ। ਸ਼ੁਗਲੀ ’ਚ ਇਕ ਨਿਰਾਲੀ ਸ਼ਖਸੀਅਤ ਸਨ, ਜੋ ਹਰੇਕ ਨੂੰ ਆਪਣੇ ਨਾਲ ਜੋੜ ਲੈਂਦੇ ਸਨ ਤੇ ਮਲਕੜੇ ਜਿਹੇ ਆਪਣੇ ਅੰਦਰਲੀ ਗੱਲ ਵੀ ਕਰ ਦਿੰਦੇ ਸਨ।
ਸਮਾਗਮ ਵਿੱਚ ਦੇਸ਼ ਅੰਦਰ ਫਾਸ਼ੀਵਾਦ ਦੇ ਉਭਾਰ ਤੇ ਕਾਰਪੋਰੇਟੀ ਵਿਕਾਸ ਮਾਡਲ ’ਤੇ ਤੁਰੀ ਚਿੰਤਾ ਦੀ ਗੱਲ ਨੂੰ ਅੱਗੇ ਤੋਰਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ ਸਾਨੂੰ ਤਰਕ ਦੇ ਵਿਗਿਆਨ ਨੂੰ ਸਮਝ ਕੇ ਸਮੁੱਚਤਾ ਨੂੰ ਸੰਬੋਧਨ ਹੋਣਾ ਚਾਹੀਦਾ ਹੈ, ਜੋ ਨਹੀਂ ਹੋ ਰਿਹਾ। ਸਾਡੇ ਬਹੁਤ ਸਾਰੇ ਸਾਥੀ ਜਾਣੇ-ਅਣਜਾਣੇ ਆਰਐੱਸਐੱਸ ਦਾ ਪ੍ਰਚਾਰ ਕਰ ਜਾਂਦੇ ਹਨ। ਅਸੀਂ ਬਾਬੇ ਨਾਨਕ ਨੂੰ ਤਦ ਹੀ ਅਪਣਾ ਸਕਾਂਗੇ, ਜਦੋਂ ਏਕ ਉਂਕਾਰ ਦੇ ਫਲਸਫ਼ੇ ਨੂੰ ਸਮਝ ਲਵਾਂਗੇ। ਕਾਮਰੇਡ ਜਗਰੂਪ ਨੇ ਆਪਣੀ ਤਕਰੀਰ ਦੌਰਾਨ ਮਾਰਕਸਵਾਦੀ ਸਿਧਾਂਤ ਦੀ ਗੱਲ ਦੇ ਨਾਲ-ਨਾਲ ਡਾ. ਅੰਬੇਡਕਰ ਦੀ ਵੀ ਗੱਲ ਕੀਤੀ।
ਉੱਘੇ ਚਿੰਤਕ ਸਤਨਾਮ ਚਾਨਾ ਨੇ ਐਡਵੋਕੇਟ ਸ਼ੁਗਲੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਜੋ ਵੀ ਕੀਤਾ, ਉਹ ਕਿਰਤ ਦੀ ਕਦਰ ਵਧਾਉਣ ਲਈ ਕੀਤਾ। ਸ਼ੁਗਲੀ ਨਾਲ ਆਪਣੇ ਮੋਹ ਦੀ ਗੱਲ ਕਰਦਿਆਂ ਚਾਨਾ ਨੇ ਕਿਹਾ ਕਿ ਉਨ੍ਹਾਂ ਨਾਲ ਮੇਰਾ ਨਾਤਾ ਮੇਲ-ਮਿਲਾਪ ਦਾ ਹੀ ਨਹੀਂ, ਸਗੋਂ ਵਿਚਾਰਧਾਰਾ ਦਾ ਵੀ ਸੀ। ਉਨ੍ਹਾ ਕਿਹਾ ਕਿ ਇੱਕ ਸਾਲ ਪਹਿਲਾਂ ‘ਜ਼ਿੰਦਗੀ ਦਾ ਜਸ਼ਨ’ ਸਮਾਗਮ ਵਿੱਚ ਸ਼ੁਗਲੀ ਨੂੰ ਯਾਦ ਕਰਨ ਦਾ ਸਮਾਂ ਸੀ, ਹੁਣ ਵਾਲਾ ਸਮਾਗਮ ਉਹ ਕੀ ਸੋਚਦੇ ਸਨ ਤੇ ਕੀ ਚਾਹੁੰਦੇ ਸਨ, ਇਸ ’ਤੇ ਵਿਚਾਰਾਂ ਕਰਨ ਦਾ ਹੈ। ਉਨ੍ਹਾ ਦੇਸ਼ ਦੇ ਹਾਲਾਤ ਨੂੰ ਵੀ ਬਿਆਨ ਕੀਤਾ। ਉਨ੍ਹਾ ਕਿਹਾ ਕਿ ਫਾਸ਼ਿਸਟ ਤਾਕਤਾਂ ਨੂੰ ਖੱਬੀਆਂ ਧਿਰਾਂ ਦਾ ਮਜ਼ਬੂਤ ਏਕਾ ਹੀ ਪਛਾੜ ਸਕਦਾ ਹੈ।
ਉੱਘੇ ਵਿਸ਼ਲੇਸ਼ਕ ਤੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਰਪੋਰੇਟ ਵਿਕਾਸ ਮਾਡਲ ਨੇ ਲੋਕਾਂ ਨੂੰ ਨਿਹੱਥੇ ਕਰ ਦਿੱਤਾ ਹੈ। ਇਹੋ ਜਿਹੀਆਂ ਗੱਲਾਂ ਬਾਰੇ ਦੇਸ਼ ਭਗਤ ਯਾਦਗਾਰ ਹਾਲ ਵਾਲੇ ਅਕਸਰ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਹਨ। ਐਡਵੋਕੇਟ ਸ਼ੁਗਲੀ ਇਨ੍ਹਾਂ ਦੇ ਵੀ ਸੰਗੀ-ਸਾਥੀ ਰਹੇ। ਮਾਣਕ ਨੇ ਕਿਹਾ ਕਿ ਨਵਾਂ ਜ਼ਮਾਨਾ ਨੇ ਪੱਤਰਕਾਰੀ ਤੇ ਸਿਆਸਤ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਇਸ ਨੂੰ ਹੋਰ ਵਡੇਰਾ ਕਰਨ ਲਈ ਐਡਵੋਕੇਟ ਸ਼ੁਗਲੀ ਹਮੇਸ਼ਾ ਯਤਨਸ਼ੀਲ ਰਹੇ।
ਮਾਣਕ ਨੇ ਮੁਲਕ ਦੇ ਹਾਲਾਤ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 2014 ਵਿੱਚ ਜਦੋਂ ਮੋਦੀ ਸਰਕਾਰ ਹੋਂਦ ਵਿੱਚ ਆਈ ਤਾਂ ਕੁਝ ਲੋਕ ਇਹ ਭਰਮ ਪਾਲਣ ਲੱਗੇ ਕਿ ਦੇਸ਼ ਹੁਣ ਆਜ਼ਾਦ ਹੋਇਆ ਹੈ। ਅਸਲੀਅਤ ਇਹ ਹੈ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਦੇਸ਼ ਗੁਲਾਮੀ ਵੱਲ ਜਾ ਰਿਹਾ ਹੈ।
ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਐਡਵੋਕੇਟ ਸ਼ੁਗਲੀ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਤੋਂ ਮੈਂ ਉਨ੍ਹਾਂ ਨੂੰ ਜਾਣਦਾ ਹਾਂ, ਇੱਕ ਚੰਗੇ ਇਨਸਾਨ ਨੂੰ ਸਮਝਣ ਲਈ ਉਹ ਕਾਫ਼ੀ ਸਮਾਂ ਹੁੰਦਾ ਹੈ। ਦੇਸ਼ ਦੀ ਸਿਆਸੀ ਹਾਲਾਤ ਦਾ ਜ਼ਿਕਰ ਕਰਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਆਰ ਐੱਸ ਐੱਸ ਵੱਲੋਂ ਲੋਕਾਂ ਨਾਲ ਫਰੇਬ ਕੀਤਾ ਜਾ ਰਿਹਾ ਹੈ। ਆਰ ਐੱਸ ਐੱਸ ਦਾ ਜੇਕਰ ਕੋਈ ਪ੍ਰਪੱਕਤਾ ਨਾਲ ਵਿਰੋਧ ਕਰਦਾ ਹੈ ਤਾਂ ਉਹ ਲਾਲ ਝੰਡੇ ਵਾਲੇ ਹੀ ਹਨ। ਉਨ੍ਹਾ ਕਿਹਾ ਕਿ ਆਰ ਐੱਸ ਐੱਸ ਵੱਲੋਂ ਹਿਟਲਰ ਦੀ ਫੋਟੋ ਲਾਹ ਕੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਾਉਣਾ ਵੀ ਇੱਕ ਹੋਰ ਫਰੇਬ ਹੈ।
ਕਾਮਰੇਡ ਪਾਸਲਾ ਨੇ ਵੀ ਖੱਬੀਆਂ ਧਿਰਾਂ ਦੀ ਏਕਤਾ ’ਤੇ ਜ਼ੋਰ ਦਿੱਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਨੇ ਐਡਵੋਕੇਟ ਸ਼ੁਗਲੀ ਨਾਲ ਆਪਣੇ ਮੋਹ ਭਿੱਜੇ ਰਿਸ਼ਤਿਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ਼ੁਗਲੀ ਸੰਜੀਦਾ ਤੇ ਪੇਚੀਦਾ ਮਸਲਿਆ ਦਾ ਹੱਲ ਵੀ ਸ਼ੁਗਲ-ਸ਼ੁਗਲ ਵਿੱਚ ਹੀ ਕਰ ਦਿੰਦੇ ਸਨ। ਕਾਮਰੇਡ ਗੁਰਮੀਤ ਨੇ 1970ਵਿਆਂ ’ਚ ਕਮਿਊਨਿਸਟਾਂ ਦੀ ਚੜ੍ਹਤ ਦੇ ਸਮਿਆਂ ਨੂੰ ਵੀ ਯਾਦ ਕੀਤਾ। ਨਵਾਂ ਜ਼ਮਾਨਾ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਐਡਵੋਕੇਟ ਸ਼ੁਗਲੀ ਨਾਲ ਆਪਣੀ ਨੇੜਤਾ ਦਾ ਦੋਸਤੀ ਵਿੱਚ ਬਦਲ ਜਾਣ ਦਾ ਭਾਵਪੂਰਤ ਜ਼ਿਕਰ ਕੀਤਾ। ਕਾਮਰੇਡ ਮਾੜੀਮੇਘਾ ਨੇ ਇੱਕ ਹੋਰ ਪੱਖ ਦਾ ਵੀ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਜੇਕਰ ਸ਼ੁਗਲੀ ਪਰਵਾਰ ਕਮਿਊਨਿਸਟ ਹੈ ਤਾਂ ਉਨ੍ਹਾਂ ਦਾ ਸਹੁਰਾ ਪਰਵਾਰ ਬੱਬਰਾਂ ਨਾਲ ਸਬੰਧਤ ਹੈ। ਐਡਵੋਕੇਟ ਸ਼ੁਗਲੀ ਦੀ ਜੀਵਨ ਸਾਥਣ ਬੱਬਰ ਸੁਰੈਣ ਸਿੰਘ ਦੀ ਧੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਵਰਨ ਸਿੰਘ ਟਹਿਣਾ ਨੇ ਕਿਹਾ ਕਿ ਸ਼ੁਗਲੀ ਹੁਰੀਂ ਆਪਣੀਆਂ ਕਿਤਾਬ ਦੇ ਰੂਪ ਵਿੱਚ ਹਮੇਸ਼ਾ ਸਾਡੇ ਅੰਗ-ਸੰਗ ਰਹਿਣਗੇ। ਸਿਮਰਤੀ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕਰਦਿਆਂ ਡਾ. ਜਸ ਮੰਡ ਨੇ ਕਿਹਾ ਕਿ ਚਾਚਾ ਜੀ (ਸ਼ੁਗਲੀ) ਮੇਰੇ ਭਰਾਵਾਂ ਵਾਂਗ ਵੀ ਸਨ ਦੋਸਤ ਵੀ ਤੇ ਅਧਿਆਪਕ ਵੀ। ਉਨ੍ਹਾਂ ਦੇ ਪੂਰੇ ਹੋ ਜਾਣ ਵਕਤ ਵੀ ਅਸੀਂ ਮਾਤਮ ਨਹੀਂ, ਸਗੋਂ ‘ਜ਼ਿੰਦਗੀ ਦਾ ਜਸ਼ਨ’ ਸਮਾਗਮ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਸੀ। ਸਿਮਰਤੀ ਸਮਾਗਮ ਦੀ ਸਫ਼ਲਤਾ ਦਾ ਸਿਹਰਾ ਐਡਵੋਕੇਟ ਰਜਿੰਦਰ ਮੰਡ ਨੂੰ ਦਿੰਦਿਆਂ ਕਿਹਾ ਕਿ ਸਮਾਗਮ ਸਿਆਸੀ, ਸਮਾਜੀ ਸਰਕਾਰਾਂ ਦਾ ਸੰਵਾਦ ਹੋ ਨਿੱਬੜਿਆ ਹੈ।
ਸਮਾਗਮ ਨੂੰ ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ, ‘ਲੋਹ ਮਣੀ’ ਦੇ ਸੰਪਾਦਕ ਗੁਰਮੇਲ ਸਿੰਘ ਬੌਡੇ, ਪੰਜਾਬ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਭੁੰਗਰਨੀ, ਐਡਵੋਕੇਟ ਬਲਵਿੰਦਰ ਕੁਮਾਰ, ਐਡਵੋਕੇਟ ਅਮਰੀਕ ਸਿੰਘ ਸੈਣੀ, ਐਡਵੋਕੇਟ ਮਧੂ ਰਚਨਾ ਤੇ ਰੂਪ ਲਾਲ (ਦੂਰਦਰਸ਼ਨ) ਨੇ ਵੀ ਸੰਬੋਧਨ ਕੀਤਾ। ਸਿਮਰਤੀ ਸਮਾਗਮ ’ਚ ਹਰਬੰਸ ਸਿੰਘ ਠੇਠੀ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ। ਸਮਾਗਮ ਵਿੱਚ ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਿਹਪੁਰੀ, ਸਟਾਫ਼, ਸ਼ੁਗਲੀ ਜੀ ਦਾ ਸਮੁੱਚਾ ਪਰਵਾਰ, ਪ੍ਰਸਿੱਧ ਲੇਖਕ ਬਲਬੀਰ ਪਰਵਾਨਾ, ਭਗਵੰਤ ਰਸੂਲਪੁਰੀ, ਭੈਣ ਸੁਰਿੰਦਰ ਕੁਮਾਰੀ ਕੋਛੜ, ਸੀਪੀਆਈ ਮੋਗਾ ਦੇ ਸਕੱਤਰ ਕੁਲਦੀਪ ਭੋਲਾ ਤੇ ਹੋਰ ਬਹੁਤ ਸਾਰੇ ਬੁੱਧੀਜੀਵੀ, ਵਕੀਲ ਤੇ ਅਧਿਆਪਕ ਸ਼ਾਮਲ ਸਨ।