ਦੁਕਾਨ ਦਾ ਸ਼ੀਸ਼ਾ ਕੱਟ ਕੇ ਹਜ਼ਾਰਾਂ ਦੀ ਨਕਦੀ ਉਡਾਈ
ਧੁੰਦ ਦਾ ਫਾਇਦਾ ਚੁੱਕ ਕੇ ਦੁਕਾਨ ਦਾ ਸ਼ੀਸ਼ਾ ਕੱਟ ਕੇ ਅੰਦਰੋਂ ਕੀਤੀ ਹਜ਼ਾਰਾਂ ਦੀ ਚੋਰੀ
Publish Date: Tue, 13 Jan 2026 06:26 PM (IST)
Updated Date: Tue, 13 Jan 2026 06:27 PM (IST)

-ਸਟੇਡੀਅਮ ਦੇ ਸਾਹਮਣੇ ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਹੋਈ ਕੈਦ -ਇਸ ਤੋਂ ਪਹਿਲਾਂ ਵੀ ਇਹ ਹੀ ਨੌਜਵਾਨ ਕਰ ਚੁੱਕੈ ਇਲਾਕੇ ’ਚ ਕਈ ਚੋਰੀਆਂ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ-ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਢ ਤੇ ਧੁੰਦ ਕਾਰਨ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਧੁੰਦ ਦਾ ਫਾਇਦਾ ਚੁੱਕ ਕੇ ਚੋਰਾਂ ਨੇ ਪਿਛਲੇ ਦਿਨਾਂ ਵਿਚ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਕ ਅਜਿਹਾ ਚੋਰ ਜਿਸ ਨੂੰ ਕੁਝ ਸਮਾਂ ਪਹਿਲਾਂ ਬਸਤੀਆਤ ਇਲਾਕੇ ਵਿੱਚ ਇੱਕ ਗੁਰਦੁਆਰਾ ਸਾਹਿਬ ਵਿੱਚ ਚੋਰੀ ਕਰਦੇ ਹੋਏ ਫੜਿਆ ਗਿਆ ਸੀ, ਜ਼ਮਾਨਤ ਤੋਂ ਬਾਅਦ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਫਿਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਹ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਥਾਣਾ ਨੰਬਰ ਛੇ ਦੀ ਹੱਦ ਵਿੱਚੋਂ ਚੋਰੀ ਦੀਆਂ ਵਾਰਦਾਤਾਂ ਕਰ ਰਿਹਾ ਹੈ। ਅਜਿਹੀ ਹੀ ਇੱਕ ਚੋਰੀ ਦੀ ਘਟਨਾ ਨਿਊ ਜਵਾਹਰ ਨਗਰ ਇਲਾਕੇ ਵਿੱਚ ਘਟੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਸਾਹਮਣੇ ਸਥਿਤ ਇੱਕ ਦੁਕਾਨ ਨੂੰ ਨਿਸ਼ਾਨਾ ਮਨਾਉਂਦੇ ਹੋਏ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਸ਼ੀਸ਼ੇ ਦਾ ਦਰਵਾਜ਼ਾ ਕੱਟ ਕੇ ਅੰਦਰੋਂ ਹਜ਼ਾਰਾਂ ਦੀ ਨਕਦੀ ਅਤੇ ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਲੈ ਗਿਆ। ਉਕਤ ਨੌਜਵਾਨ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਜਿਸ ਵਿੱਚ ਇਹ ਪਤਾ ਲੱਗਾ ਹੈ ਕਿ ਇਸ ਨੌਜਵਾਨ ਨੇ ਪਹਿਲਾਂ ਵੀ ਮਾਡਲ ਟਾਊਨ ’ਚ ਕਈ ਚੋਰੀਆਂ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੁਨਕਰ ਨਾਂ ਦੀ ਦੁਕਾਨ ਦੀ ਮਾਲਕਣ ਵਿਜਿਆ ਸੋਂਧੀ ਵਾਸੀ ਨਿਊ ਜਵਾਹਰ ਨਗਰ ਨੇ ਦੱਸਿਆ ਕਿ ਉਸ ਦੀ ਨਿਊ ਜਵਾਹਰ ਨਗਰ ਵਿੱਚ ਮੇਨ ਰੋਡ ਤੇ ਦੁਕਾਨ ਹੈ, ਜਿਸ ਵਿੱਚ ਹੈਂਡ ਮੇਡ ਸਮਾਨ ਵੇਚਿਆ ਜਾਂਦਾ ਹੈ। ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਸਵੇਰੇ ਜਦ ਉਹ ਆਪਣੀ ਦੁਕਾਨ ਤੇ ਪਹੁੰਚੇ ਤਾਂ ਦੁਕਾਨ ਦਾ ਸ਼ੀਸ਼ੇ ਵਾਲਾ ਦਰਵਾਜਾ ਕੱਟਿਆ ਹੋਇਆ ਸੀ। ਜਦ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਦੁਕਾਨ ਵਿੱਚੋਂ ਪਿੱਤਲ ਦਾ ਸਾਮਾਨ, ਇੱਕ ਆੲ ਫੋਨ ਅਤੇ ਦਰਾਜ਼ ਵਿੱਚ ਪਈ 70 ਹਜਾਰ ਰੁਪਏ ਦੇ ਨਕਦੀ ਗਾਇਬ ਸੀ। ਜਦ ਉਨ੍ਹਾਂ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿੱਚ ਇੱਕ ਨੌਜਵਾਨ ਜੋ ਕਿ ਧੁੰਦ ਦਾ ਫਾਇਦਾ ਚੁੱਕ ਕੇ ਦੁਕਾਨ ਦੇ ਨਾਲ ਲੱਗਦੀ ਜਗ੍ਹਾ ਤੋਂ ਅੰਦਰ ਟੱਪ ਕੇ ਆਇਆ ਅਤੇ ਕਿਸੇ ਟੂਲ ਨਾਲ ਅੰਦਰ ਲੱਗਿਆ ਸ਼ੀਸ਼ੇ ਦਾ ਦਰਵਾਜ਼ਾ ਕੱਟ ਕੇ ਦੁਕਾਨ ਅੰਦਰ ਚਲਾ ਗਿਆ। ਇਸ ਤੋਂ ਬਾਅਦ ਦੁਕਾਨ ਵਿੱਚੋਂ ਉਕਤ ਸਾਮਾਨ ਅਤੇ ਨਕਦੀ ਚੋਰੀ ਕਰਨ ਤੋਂ ਬਾਅਦ ਬੜੇ ਆਰਾਮ ਨਾਲ ਮੌਕੇ ਤੋਂ ਨਿਕਲ ਗਿਆ। ਉਨ੍ਹਾਂ ਨੇ ਦੱਸਿਆ ਕਿ ਜਦ ਉਸਨੇ ਥਾਣਾ ਛੇ ਦੀ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਤਾਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਇਸ ਨੌਜਵਾਨ ਨੇ ਹੀ ਮਾਡਲ ਟਾਊਨ ਵਿੱਚ ਸਥਿਤ ਕਈ ਦੁਕਾਨਾਂ ਨੂੰ ਇਸ ਤੋਂ ਪਹਿਲਾਂ ਵੀ ਨਿਸ਼ਾਨਾ ਬਣਾਇਆ ਹੈ। ਪੁਲਿਸ ਨੇ ਵਿਜਿਆ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਉਕਤ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਮੀਦ ਹੈ ਕਿ ਜਲਦ ਹੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ।