ਤਾਈਕਵਾਂਡੋ ਟਰੇਨਰ ਨਿਖਿਲ ਹੰਸ ਸਨਮਾਨਿਤ
ਤਾਈਕਵਾਂਡੋ ਪ੍ਰਸ਼ਿਕਸ਼ਕ ਨਿਖਿਲ ਹੰਸ ਨੂੰ ਸਿੱਖਿਆ ਸਕੱਤਰ ਪੰਜਾਬ ਆਈਏਐੱਸ ਅਨਿੰਦਿਤਾ ਮਿੱਤਰਾ ਵਲੋਂ ਸਨਮਾਨ
Publish Date: Mon, 12 Jan 2026 07:49 PM (IST)
Updated Date: Mon, 12 Jan 2026 07:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਦੀ ਸਰਪ੍ਰਸਤੀ ਹੇਠ 69ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਅਧੀਨ ਤਾਈਕਵਾਂਡੋ ਅੰਡਰ-14 ਕੁੜੀਆਂ , ਜੂਡੋ ਅੰਡਰ-14 ਮੁੰਡੇ ਤੇ ਕੁੜੀਆਂ ਤੇ ਗਤਕਾ ਅੰਡਰ-19 ਮੁੰਡੇ ਤੇ ਕੁੜੀਆਂ ਦੇ ਟੂਰਨਾਮੈਂਟ 6 ਤੋਂ 11 ਜਨਵਰੀ ਤੱਕ ਲੁਧਿਆਣਾ ’ਚ ਹੋਇਆ। ਇਸ ਮਹੱਤਵਪੂਰਨ ਰਾਸ਼ਟਰੀ ਪ੍ਰਬੰਧਨ ’ਚ ਤਾਈਕਵਾਂਡੋ ਖੇਡ ਦੇ ਸੁਚੱਜੇ ਤੇ ਸਫਲ ਪ੍ਰਬੰਧ ਲਈ ਨਿਖਿਲ ਹੰਸ ਡੀਪੀਈ ਮੈਰੀਟੋਰੀਅਸ ਸਕੂਲ ਜਲੰਧਰ ਨੂੰ ਵਿਸ਼ੇਸ਼ ਤੌਰ ’ਤੇ ਤਾਈਕਵਾਂਡੋ ਈਵੈਂਟ ਕੋਆਰਡੀਨੇਟਰ ਵਜੋਂ ਨਿਯੁਕਤ ਕੀਤਾ ਗਿਆ। ਨਿਖਿਲ ਹੰਸ ਨੇ ਆਪਣੀ ਜ਼ਿੰਮੇਵਾਰੀ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਉਂਦੇ ਹੋਏ ਨਾ ਸਿਰਫ਼ ਟੂਰਨਾਮਨੈੱਟ ਨੂੰ ਸਫਲ ਕਰਵਾਉਣ ’ਚ ਉੱਤਮ ਸੇਵਾਵਾਂ ਦਿੱਤੀਆਂ, ਸਗੋਂ ਚੈਂਪੀਅਨਸ਼ਿਪ ਤੋਂ ਪਹਿਲਾਂ ਪ੍ਰੀ-ਨੈਸ਼ਨਲ ਕੋਚਿੰਗ ਕੈਂਪ ’ਚ ਵੀ ਪ੍ਰਭਾਵਸ਼ਾਲੀ ਯੋਗਦਾਨ ਪਾਇਆ, ਜਿਸ ਦੇ ਨਤੀਜੇ ਵਜੋਂ ਪੰਜਾਬ ਦੀ ਤਾਈਕਵਾਂਡੋ ਟੀਮ ਓਵਰਆਲ ਚੈਂਪੀਅਨ ਬਣਨ ’ਚ ਕਾਮਯਾਬ ਰਹੀ। ਇਨ੍ਹਾਂ ਸ਼ਲਾਘਾਯੋਗ ਸੇਵਾਵਾਂ ਤੇ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦਿਆਂ 69ਵੀਆਂ ਨੈਸ਼ਨਲ ਸਕੂਲ ਗੇਮਜ਼ ਦੇ ਸਮਾਪਤੀ ਸਮਾਗਮ ਦੌਰਾਨ ਨਿਖਿਲ ਹੰਸ ਨੂੰ ਸਿੱਖਿਆ ਸਕੱਤਰ ਪੰਜਾਬ ਅਨਿੰਦਿਤਾ ਮਿੱਤਰਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਨਿਖਿਲ ਨੇ ਇਸ ਨਿਯੁਕਤੀ ਤੇ ਸਨਮਾਨ ਲਈ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਸੁਨੀਲ ਕੁਮਾਰ ਤੇ ਪੰਜਾਬ ਸਕੂਲ ਖੇਡ ਕਮੇਟੀ ਦੇ ਮੈਂਬਰ ਅਜੀਤਪਾਲ ਸਿੰਘ ਪ੍ਰਤੀ ਹਾਰਦਿਕ ਧੰਨਵਾਦ ਪ੍ਰਗਟ ਕੀਤਾ। ਸਨਮਾਨ ਪ੍ਰਾਪਤੀ ਮੌਕੇ ਡੀਐੱਸਸੀ ਜਲੰਧਰ ਅਮਨਦੀਪ ਸਿੰਘ, ਪ੍ਰਿੰਸੀਪਲ ਰਾਜੀਵ ਹਾਂਡਾ, ਅੰਤਰਰਾਸ਼ਟਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ, ਅੰਤਰਰਾਸ਼ਟਰੀ ਤਾਈਕਵਾਂਡੋ ਖਿਡਾਰੀ ਸ਼ਿਵ ਕੁਮਾਰ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।