ਕਾਰਬਨ ਕ੍ਰੈਡਿਟ ਅਪਣਾਏ ਬਿਨਾਂ ਟਿਕਾਊ ਖੇਤੀ ਅਸੰਭਵ, ਐੱਲਪੀਯੂ ’ਚ ਮੀਟਿੰਗ
ਕਾਰਬਨ ਕ੍ਰੈਡਿਟ ਅਪਣਾਏ ਬਿਨਾਂ ਟਿਕਾਊ ਖੇਤੀ ਅਸੰਭਵ: ਐੱਲਪੀਯੂ ’ਚ ਮੀਟਿੰਗ
Publish Date: Sun, 01 Feb 2026 07:14 PM (IST)
Updated Date: Mon, 02 Feb 2026 04:14 AM (IST)
- ਕਾਰਬਨ ਪ੍ਰਬੰਧਨ ਤੇ ਕਾਰਬਨ ਕ੍ਰੈਡਿਟ ਪ੍ਰਣਾਲੀ ਖੇਤੀ ਤੇ ਵਾਤਾਵਰਣ ਲਈ ਹੋ ਸਕਦੀ ਹੈ ਲਾਭਕਾਰੀ
- ਮਾਹਰਾਂ ਨੇ ਦਿੱਤਾ ਫਸਲੀ ਅਵਸ਼ੇਸ਼ ਪ੍ਰਬੰਧਨ ਤੇ ਮਿੱਟੀ ’ਚ ਜੈਵਿਕ ਕਾਰਬਨ ਵਧਾਉਣ ’ਤੇ ਜ਼ੋਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਧਦੇ ਕਾਰਬਨ ਉਤਸਰਜਨ ਕਾਰਨ ਖੇਤੀ, ਵਾਤਾਵਰਣ ਤੇ ਮਨੁੱਖੀ ਸਿਹਤ ’ਤੇ ਪੈ ਰਹੇ ਗੰਭੀਰ ਪ੍ਰਭਾਵਾਂ ਨੂੰ ਧਿਆਨ ’ਚ ਰੱਖਦਿਆਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਖੇਤੀਬਾੜੀ ’ਚ ਕਾਰਬਨ ਕ੍ਰੈਡਿਟ ਅਪਣਾਉਣ ਸਬੰਧੀ ਸਟੇਕਹੋਲਡਰ ਮੀਟਿੰਗ ਕਰਵਾਈ ਗਈ। ਇਹ ਸਮਾਗਮ ਭਾਰਤੀ ਸਮਾਜਿਕ ਵਿਗਿਆਨ ਖੋਜ ਪ੍ਰੀਸ਼ਦ ਦੇ ਪ੍ਰੋਜੈਕਟ ਅਧੀਨ ਵਪਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਕਰਵਾਇਆ। ਸਮਾਗਮ ਦੀ ਸ਼ੁਰੂਆਤ ਡਾ. ਪਰਦੀਪ ਕੁਮਾਰ ਚੁਨੇਜਾ ਨੇ ਕੀਤੀ। ਉਨ੍ਹਾਂ ਕਿਹਾ ਕਿ ਕਾਰਬਨ ਉਤਸਰਜਨ ’ਤੇ ਕਾਬੂ ਪਾਏ ਬਿਨਾਂ ਟਿਕਾਊ ਖੇਤੀ ਸੰਭਵ ਨਹੀਂ। ਡਾ. ਮੰਦੀਪ ਭਾਰਦਵਾਜ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ’ਚ ਕਿਸਾਨਾਂ ਦੀ ਕਾਰਬਨ ਕ੍ਰੈਡਿਟਾਂ ਪ੍ਰਤੀ ਤਿਆਰੀ ’ਤੇ ਅਧਿਐਨ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਦੱਸਿਆ ਕਿ ਪਰਾਲੀ ਸਾੜਨ, ਡੀਜ਼ਲ ਮਸ਼ੀਨਰੀ ਤੇ ਰਸਾਇਣਕ ਖਾਦਾਂ ਦੀ ਅਤਿ ਵਰਤੋਂ ਕਾਰਨ ਵਾਤਾਵਰਣ ’ਚ ਕਾਰਬਨ ਦੀ ਮਾਤਰਾ ਵਧ ਰਹੀ ਹੈ, ਜਿਸ ਨਾਲ ਅਨਿਯਮਿਤ ਵਰਖਾ, ਵਧਦੀ ਗਰਮੀ ਤੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਵਿਕਾਸਸ਼ੀਲ ਕਿਸਾਨ ਅਵਤਾਰ ਸਿੰਘ ਨੇ ਘੱਟ ਸਾਧਨਾਂ ਨਾਲ ਖੇਤੀ ਕਰ ਕੇ ਕਾਰਬਨ ਕ੍ਰੈਡਿਟ ਹਾਸਲ ਕਰਨ ਦੇ ਤਜਰਬੇ ਸਾਂਝੇ ਕੀਤੇ। ਮਾਹਰਾਂ ਨੇ ਫਸਲੀ ਅਵਸ਼ੇਸ਼ ਪ੍ਰਬੰਧਨ ਤੇ ਮਿੱਟੀ ’ਚ ਜੈਵਿਕ ਕਾਰਬਨ ਵਧਾਉਣ ’ਤੇ ਜ਼ੋਰ ਦਿੱਤਾ। ਖੁੱਲ੍ਹੀ ਚਰਚਾ ਦੌਰਾਨ ਸਾਰੇ ਭਾਗੀਦਾਰਾਂ ਨੇ ਸਹਿਮਤੀ ਜਤਾਈ ਕਿ ਕਾਰਬਨ ਪ੍ਰਬੰਧਨ ਤੇ ਕਾਰਬਨ ਕ੍ਰੈਡਿਟ ਪ੍ਰਣਾਲੀ ਖੇਤੀ ਤੇ ਵਾਤਾਵਰਣ ਲਈ ਲਾਭਕਾਰੀ ਹੋ ਸਕਦੀ ਹੈ, ਬਸ਼ਰਤੇ ਇਸਨੂੰ ਢੰਗ ਨਾਲ ਲਾਗੂ ਕੀਤਾ ਜਾਵੇ।