ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਪਰਿਵਾਰ ਨੇ ਪ੍ਰਗਟਾਇਆ ਕਤਲ ਦਾ ਸ਼ੱਕ
ਅੱਖਾਂ ਦੀ ਦਵਾਈ ਲੈਣ ਨਿਕਲੇ ਨੌਜਵਾਨ ਦੀ ਸੰਦੇਹਜਨਕ ਮੌਤ, ਪਰਿਵਾਰ ਨੇ ਪ੍ਰਗਟਾਇਆ ਕਤਲ ਦਾ ਸ਼ੱਕ
Publish Date: Tue, 31 Mar 2026 08:09 PM (IST)
Updated Date: Wed, 01 Apr 2026 04:17 AM (IST)

---ਸ਼ਹਨਾਈ ਪੈਲੇਸ ਕੋਲ ਮਿਲੀ ਲਾਸ਼, ਪੁਲਿਸ ਨੇ ਸ਼ੁਰੂਆਤੀ ਜਾਂਚ ’ਚ ਦੱਸਿਆ ਹਾਦਸਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ 35 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰੋਡ ਮੁਹੱਲਾ ਨਿਵਾਸੀ ਵਿਕਾਸ ਵਜੋਂ ਹੋਈ ਹੈ, ਜਿਸ ਦੀ ਲਾਸ਼ ਸ਼ਹਿਨਾਈ ਪੈਲੇਸ ਕੋਲੋਂ ਬਰਾਮਦ ਹੋਈ। ਪਰਿਵਾਰ ਨੇ ਇਸ ਘਟਨਾ ਨੂੰ ਕਤਲ ਦੱਸਦੇ ਹੋਏ ਲੁੱਟ-ਖੋਹ ਤੋਂ ਬਾਅਦ ਨੌਜਵਾਨ ਨੂੰ ਮਾਰ ਕੇ ਸੁੱਟਣ ਦੇ ਦੋਸ਼ ਲਗਾਏ ਹਨ, ਜਦਕਿ ਪੁਲਿਸ ਇਸ ਨੂੰ ਸ਼ੁਰੂਆਤੀ ਤੌਰ ’ਤੇ ਸੜਕ ਹਾਦਸਾ ਮੰਨ ਰਹੀ ਹੈ। ਮ੍ਰਿਤਕ ਦੇ ਵੱਡੇ ਭਰਾ ਪ੍ਰਕਾਸ਼ ਨੇ ਦੱਸਿਆ ਕਿ ਵਿਕਾਸ ਸ਼ਨਿੱਚਰਵਾਰ ਸ਼ਾਮ ਨੂੰ ਭਾਰਗਵ ਕੈਂਪ ਇਲਾਕੇ ’ਚ ਅੱਖਾਂ ਦੀ ਦਵਾਈ ਤੇ ਚਸ਼ਮਾ ਲੈਣ ਲਈ ਘਰੋਂ ਨਿਕਲਿਆ ਸੀ ਪਰ ਰਾਤ ਤੱਕ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਪਰਿਵਾਰ ਨੇ ਉਸਦੀ ਖੋਜ ਸ਼ੁਰੂ ਕੀਤੀ ਤੇ ਪੁਲਿਸ ’ਚ ਗੁੰਮਸ਼ੁਦਾ ਦੀ ਸ਼ਿਕਾਇਤ ਦਰਜ ਕਰਵਾਈ। ਐਤਵਾਰ ਸਵੇਰੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਪ੍ਰਕਾਸ਼ ਨੇ ਫੇਸਬੁੱਕ ’ਤੇ ਇਕ ਵੀਡੀਓ ਦੇਖੀ, ਜਿਸ ’ਚ ਇਕ ਨੌਜਵਾਨ ਸੜਕ ’ਤੇ ਖੂਨ ਨਾਲ ਲਥਪਥ ਪਿਆ ਹੋਇਆ ਸੀ। ਵੀਡੀਓ ਦੇਖ ਕੇ ਉਨ੍ਹਾਂ ਨੂੰ ਸ਼ੱਕ ਹੋਇਆ ਤੇ ਤੁਰੰਤ ਸੰਬੰਧਤ ਥਾਣੇ ਪਹੁੰਚੇ, ਜਿੱਥੇ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਹ ਉਨ੍ਹਾਂ ਦਾ ਭਰਾ ਵਿਕਾਸ ਹੀ ਹੈ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਡਵੀਜ਼ਨ ਨੰਬਰ 5 ਦੇ ਇੰਚਾਰਜ ਯਾਦਵਿੰਦਰ ਸਿੰਘ ਅਨੁਸਾਰ ਦੇਰ ਰਾਤ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਸ਼ਹਿਨਾਈ ਪੈਲੇਸ ਕੋਲ ਇਕ ਨੌਜਵਾਨ ਗੰਭੀਰ ਹਾਲਤ ’ਚ ਪਿਆ ਹੈ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ’ਚ ਮਾਮਲਾ ਸੜਕ ਹਾਦਸੇ ਵਾਂਗ ਲੱਗਦਾ ਹੈ ਪਰ ਪਰਿਵਾਰ ਦੇ ਬਿਆਨਾਂ ਨੂੰ ਧਿਆਨ ’ਚ ਰੱਖਦਿਆਂ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਉਧਰ ਪਰਿਵਾਰ ਨੇ ਪੁਲਿਸ ਤੋਂ ਕਤਲ ਦਾ ਕੇਸ ਦਰਜ ਕਰ ਕੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।