ਮਹਿਤਪੁਰ ’ਚ 23 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
ਮੇਹਤਪੁਰ ’ਚ 23 ਸਾਲਾ ਨੌਜਵਾਨ ਦੀ ਸੰਦੇਹਾਸਪਦ ਮੌਤ, ਬੱਸ ਸਟੈਂਡ ਨੇੜੇ ਮਿਲੀ ਲਾਸ਼, ਡਰੱਗ ਓਵਰਡੋਜ਼ ਦਾ ਸ਼ੱਕ
Publish Date: Thu, 12 Mar 2026 11:07 PM (IST)
Updated Date: Thu, 12 Mar 2026 11:09 PM (IST)

-ਇਕ ਹਫ਼ਤੇ ’ਚ ਤੀਜੀ ਸ਼ੱਕੀ ਮੌਤ, ਪੋਸਟਮਾਰਟਮ ਰਿਪੋਰਟ ਦੀ ਉਡੀਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਪਿੰਡ ਮਹਿਤਪੁਰ ’ਚ 23 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਖੁਰਮਪੁਰ ਦੇ ਰਹਿਣ ਵਾਲੇ ਅਨਮੋਲ ਵਜੋਂ ਹੋਈ ਹੈ। ਉਸ ਦੀ ਲਾਸ਼ ਬੱਸ ਸਟੈਂਡ ਨੇੜਿਓਂ ਮਿਲੀ। ਉਸ ਦੀ ਮੌਤ ਡਰੱਗ ਓਵਰਡੋਜ਼ ਨਾਲ ਹੋਣ ਦੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਜਾਣਕਾਰੀ ਮੁਤਾਬਕ ਅਨਮੋਲ ਦੀ ਲਾਸ਼ ਮਹਿਤਪੁਰ ਪੁਲਿਸ ਸਟੇਸ਼ਨ ਤੋਂ ਲਗਪਗ ਅੱਧਾ ਕਿੱਲੋਮੀਟਰ ਦੀ ਦੂਰੀ ’ਤੇ ਪਈ ਮਿਲੀ। ਸਵੇਰੇ ਜਦੋਂ ਰਾਹਗੀਰਾਂ ਨੇ ਨੌਜਵਾਨ ਨੂੰ ਸੜਕ ਕੰਢੇ ਪਿਆ ਦੇਖਿਆ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਮਹਿਤਪੁਰ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਸਥਾਨ ਤੋਂ ਇਕ ਸਰਿੰਜ ਤੇ ਇਕ ਬੋਤਲ ਮਿਲਣ ਦੀ ਵੀ ਚਰਚਾ ਹੈ ਪਰ ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ’ਚ ਮਾਤਮ ਦਾ ਮਾਹੌਲ ਹੈ। ਅਨਮੋਲ ਦੀ ਮਾਂ ਦੀ ਵਿਰਲਾਪ ਕਰਦਿਆਂ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦੇ ਅਸਲ ਕਾਰਨ ਬਾਰੇ ਪੂਰੀ ਜਾਂਚ ਦੀ ਉਮੀਦ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਕਿਹਾ ਹੈ ਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਸਾਰੇ ਪੱਖਾਂ ਨੂੰ ਧਿਆਨ ’ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। --------------------- ਇਕ ਹਫ਼ਤੇ ’ਚ ਤੀਜੀ ਮੌਤ ਜ਼ਿਕਰਯੋਗ ਹੈ ਕਿ ਮਹਿਤਪੁਰ ’ਚ ਪਿਛਲੇ ਇਕ ਹਫ਼ਤੇ ਦੇ ਅੰਦਰ ਇਹ ਤੀਜੀ ਸ਼ੱਕੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ’ਚ ਡਰ ਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇਸ ਤੋਂ ਪਹਿਲਾਂ 7 ਮਾਰਚ ਨੂੰ ਉਦੋਵਾਲ ਪਿੰਡ ਦੇ ਕਬੱਡੀ ਖਿਡਾਰੀ ਵੰਸ਼ ਦੀ ਲਾਸ਼ ਪਿੰਡ ਤੋਂ ਲਗਪਗ ਤਿੰਨ ਕਿੱਲੋਮੀਟਰ ਦੂਰ ਬਾਲੋਕੀ ਖੇੜਾ ਰੋਡ ’ਤੇ ਮਿਲੀ ਸੀ। ਉਸ ਮਾਮਲੇ ’ਚ ਵੀ ਲੋਕਾਂ ਨੇ ਡਰੱਗ ਓਵਰਡੋਜ਼ ਨਾਲ ਮੌਤ ਦਾ ਖ਼ਦਸਾ ਪ੍ਰਗਟਾਇਆ ਸੀ ਪਰ ਪੁਲਿਸ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੀ। ਇਸ ਤੋਂ ਇਲਾਵਾ ਦੋ ਹਫ਼ਤੇ ਪਹਿਲਾਂ ਬੂਟੇ ਦਿਆਂ ਛੰਨਾਂ ਪਿੰਡ ਦੇ ਸਰਪੰਚ ਮਹਿੰਦਰ ਸਿੰਘ ਦੀ ਵੀ ਮੌਤ ਹੋ ਗਈ ਸੀ। ਦੱਸਿਆ ਜਾਂਦਾ ਹੈ ਕਿ ਸਰਪੰਚ ਮਹਿੰਦਰ ਸਿੰਘ ਨੇ ਡਰੱਗ ਤਸਕਰੀ ਖ਼ਿਲਾਫ਼ ਆਵਾਜ਼ ਉਠਾਈ ਸੀ, ਜਿਸ ਕਰਕੇ ਕੁਝ ਹਮਲਾਵਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਸੀ। ਗੰਭੀਰ ਹਾਲਤ ’ਚ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ 6 ਮਾਰਚ ਨੂੰ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਤੋਂ ਬਾਅਦ ਇਲਾਕੇ ’ਚ ਤਣਾਅ ਵਧ ਗਿਆ ਸੀ ਤੇ ਵਿਵਾਦ ਕਾਰਨ ਮਹਿਤਪੁਰ ਥਾਣੇ ਦੇ ਇਕ ਮੁਨਸ਼ੀ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਸੀ।