ਸੂਰਿਆ ਐਨਕਲੇਵ ਸੁਸਾਇਟੀ ਵੱਲੋਂ ਵਿਆਜ ਮਾਫ਼ੀ ਦੀ ਗੱਲ ਰੱਖੀ
ਸੂਰਿਆ ਐਨਕਲੇਵ ਸੋਸਾਇਟੀ ਵੱਲੋਂ ਸੀਐੱਮ ਕੋਲ ਐਨਹਾਂਸਮੈਂਟ ਤੇ ਨਾਨ-ਕੰਸਟਰਕਸ਼ਨ ਚਾਰਜਾਂ ਦੇ ਵਿਆਜ ਮਾਫ਼ ਕਰਨ ਦੀ ਮੰਗ
Publish Date: Thu, 12 Feb 2026 10:02 PM (IST)
Updated Date: Thu, 12 Feb 2026 10:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੂਰਿਆ ਐਨਕਲੇਵ ਵੈੱਲਫੇਅਰ ਸੁਸਾਇਟੀ ਨੇ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇ ਕੇ ਐਨਹਾਂਸਮੈਂਟ ਤੇ ਨਾਨ-ਕੰਸਟਰਕਸ਼ਨ ਚਾਰਜਾਂ ਦੇ ਵਿਆਜ ਨੂੰ ਮਾਫ਼ ਕਰਨ ਦੀ ਮੰਗ ਕੀਤੀ ਹੈ। ਕੇਂਦਰੀ ਵਿਧਾਨ ਸਭਾ ਹਲਕੇ ਦੇ ਆਪ ਪਾਰਟੀ ਇੰਚਾਰਜ ਨਿਤਿਨ ਕੋਹਲੀ ਨਾਲ ਮਿਲੇ ਵਫਦ ਨੇ ਸੀਐੱਮ ਨੂੰ ਵਿਸਥਾਰਪੂਰਵਕ ਮੰਗ ਪੱਤਰ ਸੌਂਪਿਆ। ਇਸ ’ਚ ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਲਾਏ ਗਏ ਲੈਂਡ ਐਨਹਾਂਸਮੈਂਟ ਚਾਰਜ ਤੇ ਨਾਨ-ਕੰਸਟਰਕਸ਼ਨ ਫੀਸ ਦੇ ਵਿਆਜ ਨੂੰ ਪੂਰੀ ਤਰ੍ਹਾਂ ਮਾਫ਼ ਕਰਨ ਦੀ ਮੰਗ ਮੁੱਖ ਰਹੀ। ਸੁਸਾਇਟੀ ਦੇ ਪ੍ਰਤੀਨਿਧੀਆਂ ’ਚ ਪ੍ਰਧਾਨ ਰਾਜੀਵ ਧਮੀਜਾ, ਗੁਲਸ਼ਨ ਅਗਰਵਾਲ, ਸ਼ਿਵ ਕੁਮਾਰ ਤੁਲੀ ਤੇ ਮਨਿੰਦਰ ਪਾਲ ਸਿੰਘ ਭਾਟੀਆ ਨੇ ਸੀਐੱਮ ਨੂੰ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਦੀ ਲਾਪਰਵਾਹੀ ਕਾਰਨ ਬੇਹਿਸਾਬ ਵਿਆਜ ਦੇ ਨਾਲ ਐਨਹਾਂਸਮੈਂਟ ਚਾਰਜ ਮੁੱਖ ਰਕਮ ਤੋਂ ਕਈ ਗੁਣਾ ਵੱਧ ਚੁੱਕੇ ਹਨ। ਇਹ ਰਕਮ ਭਰਨੀ ਮੱਧ ਵਰਗੀ ਪਰਿਵਾਰਾਂ ਦੀ ਸਮਰੱਥਾ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਐਨਹਾਂਸਮੈਂਟ ਦਾ ਮਾਮਲਾ ਪਿਛਲੇ 10–15 ਸਾਲਾਂ ਤੋਂ ਪੈਂਡਿੰਗ ਹੈ, ਜਿਸ ਕਾਰਨ ਸੈਂਕੜਿਆਂ ਪਰਿਵਾਰ ਆਰਥਿਕ ਤੇ ਮਾਨਸਿਕ ਤੌਰ ’ਤੇ ਪ੍ਰਭਾਵਿਤ ਹੋ ਰਹੇ ਹਨ। ਆਪ ਨੇਤਾ ਨਿਤਨ ਕੋਹਲੀ ਨੇ ਵੀ ਸੀਐੱਮ ਕੋਲ ਅਪੀਲ ਕੀਤੀ ਕਿ ਇਸ ਸਮੱਸਿਆ ਦਾ ਛੇਤੀ ਹੱਲ ਕੀਤਾ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ’ਤੇ ਸਹੀ ਫੈਸਲਾ ਲਿਆ ਜਾਵੇਗਾ।