ਅੰਡਰਪਾਸ ਬਣਾਉਣ ’ਚ ਅੜਿੱਕਾ ਬਣ ਰਹੀ ਹੈ ਸੀਵਰੇਜ ਲਾਈਨ
ਅਰਬਨ ਇਸਟੇਟ ਰੇਲਵੇ ਕਰਾਸਿੰਗ ’ਤੇ ਅੰਡਰਪਾਸ ਬਣਾਉਣ ਲਈ ਸਰਵੇ, ਸੀਵਰੇਜ ਲਾਈਨ ਬਣੀ ਰੁਕਾਵਟ
Publish Date: Tue, 17 Feb 2026 10:39 PM (IST)
Updated Date: Tue, 17 Feb 2026 10:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਤੇ ਰੇਲਵੇ ਦੀ ਟੀਮ ਨੇ ਅਰਬਨ ਇਸਟੇਟ ਦੀ ਰੇਲਵੇ ਕ੍ਰਾਸਿੰਗ ’ਤੇ ਅੰਡਰਪਾਸ ਬਣਾਉਣ ਲਈ ਸਰਵੇ ਕੀਤਾ ਹੈ। ਡਵੀਜ਼ਨਲ ਰੇਲਵੇ ਇੰਜੀਨੀਅਰ ਨੇ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨਾਲ ਮਿਲ ਕੇ ਅੰਡਰਪਾਸ ਬਣਾਉਣ ਦੀ ਸੰਭਾਵਨਾ ਦੀ ਜਾਂਚ ਕੀਤੀ। ਅੰਡਰਪਾਸ ਬਣਨ ਤੋਂ ਬਾਅਦ ਇਸ ਰੇਲਵੇ ਕ੍ਰਾਸਿੰਗ ਨੂੰ ਬੰਦ ਕਰ ਦਿੱਤਾ ਜਾਵੇਗਾ। ਰੇਲਵੇ ਵੱਲੋਂ ਸੁਭਾਨਾ ਦੇ ਨੇੜੇ ਅੰਡਰਪਾਸ ਬਣਾਉਣ ਤੋਂ ਬਾਅਦ ਅਰਬਨ ਅਸਟੇਟ ਫੇਜ਼-1 ਤੇ ਅਰਬਨ ਅਸਟੇਟ ਫੇਜ਼-2 ਨੂੰ ਜੋੜਨ ਵਾਲੀ ਰੇਲਵੇ ਕ੍ਰਾਸਿੰਗ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪੂਰੇ ਇਲਾਕੇ ’ਚ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਗਈ ਸੀ। ਇਸੇ ਕਰਕੇ ਇਸ ਕ੍ਰਾਸਿੰਗ ਨੂੰ ਮੁੜ ਖੋਲ੍ਹਿਆ ਗਿਆ ਸੀ। ਹਾਲਾਂਕਿ ਇਸ ਨੂੰ ਪੱਕੇ ਤੌਰ ’ਤੇ ਖੁੱਲ੍ਹਾ ਰੱਖਣ ਦੀ ਯੋਜਨਾ ਨਹੀਂ ਹੈ, ਇਸ ਲਈ ਇੱਥੇ ਅੰਡਰਪਾਸ ਬਣਾਇਆ ਜਾਣਾ ਹੈ। ਮੰਗਲਵਾਰ ਨੂੰ ਰੇਲਵੇ ਦੇ ਡਵੀਜ਼ਨਲ ਇੰਜੀਨੀਅਰ ਨਾਲ ਐੱਸਡੀਐੱਮ ਰਣਬੀਰ ਸਿੰਘ ਅਹੀਰ, ਨਿਗਮ ਦੇ ਐੱਸਈ ਰਜਨੀਸ਼ ਡੋਗਰਾ, ਐਕਸੀਅਨ ਰਾਮਪਾਲ ਤੇ ਇਲਾਕਾ ਕੌਂਸਲਰ ਮਿੰਟੂ ਜੁਨੇਜਾ ਮੌਜੂਦ ਰਹੇ। ਮਿੰਟੂ ਜੁਨੇਜਾ ਤੇ ਐਕਸੀਅਨ ਰਾਮਪਾਲ ਨੇ ਦੱਸਿਆ ਕਿ ਫੇਜ਼-2 ਦੇ ਗੁਰਦੁਆਰਾ ਸਾਹਿਬ ਵਾਲੀ ਸੜਕ ਤੋਂ ਅੰਡਰਪਾਸ ਬਣਾਉਣ ਦੀ ਯੋਜਨਾ ਹੈ ਪਰ ਵਿਚਕਾਰ ਇਕ ਸੀਵਰੇਜ ਲਾਈਨ ਆ ਰਹੀ ਹੈ, ਜਿਸ ਕਰਕੇ ਅਜੇ ਕੁਝ ਵੀ ਫਾਈਨਲ ਨਹੀਂ ਹੋ ਸਕਿਆ। ਐਕਸੀਅਨ ਨੇ ਦੱਸਿਆ ਕਿ ਬੁੱਧਵਾਰ ਨੂੰ ਟੀਮ ਮੁੜ ਮੌਕੇ ਦਾ ਦੌਰਾ ਕਰੇਗੀ ਤੇ ਰੇਲਵੇ ਇੰਜੀਨੀਅਰ ਨੂੰ ਸੀਵਰੇਜ ਲਾਈਨ ਦੀ ਸਹੀ ਲੋਕੇਸ਼ਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਸ ਤੋਂ ਬਾਅਦ ਹੀ ਇਹ ਫੈਸਲਾ ਹੋਵੇਗਾ ਕਿ ਇੱਥੇ ਅੰਡਰਪਾਸ ਬਣੇਗਾ ਜਾਂ ਇਸ ਦੀ ਲੋਕੇਸ਼ਨ ਅੱਗੇ-ਪਿੱਛੇ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਰੇਲਵੇ ਕ੍ਰਾਸਿੰਗ ਬੰਦ ਹੋਣ ’ਤੇ ਕੌਂਸਲਰ ਮਿੰਟੂ ਜੁਨੇਜਾ ਨੇ ਲੋਕਾਂ ਨਾਲ ਸੰਘਰਸ਼ ਕਰਕੇ ਕ੍ਰਾਸਿੰਗ ਨੂੰ ਮੁੜ ਖੁੱਲ੍ਹਵਾਇਆ ਸੀ। ਹੁਣ ਉਹ ਅੰਡਰਪਾਸ ਬਣਵਾਉਣ ਲਈ ਵੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।