ਸ਼ਾਹਕੋਟ ’ਚ ਗੈਸ ਏਜੰਸੀਆਂ ਦੀ ਅਚਨਚੇਤ ਚੈਕਿੰਗ
ਸ਼ਾਹਕੋਟ ਵਿਖੇ ਗੈਸ ਏਜੰਸੀਆਂ ਦੀ ਅਚਨਚੇਤ ਚੈਕਿੰਗ, ਰਿਕਾਰਡ ਦੀ ਕੀਤੀ ਪੜਤਾਲ
Publish Date: Mon, 16 Mar 2026 10:30 PM (IST)
Updated Date: Mon, 16 Mar 2026 10:34 PM (IST)

---ਸਿਲੰਡਰਾਂ ਦੀ ਕਾਲਾਬਾਜ਼ਾਰੀ ਤੇ ਜਮ੍ਹਾਖੋਰੀ ਕਰਨ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ : ਡੀਐੱਫਐੱਸਓ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਘਰੇਲੂ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਸਖ਼ਤ ਹਦਾਇਤਾਂ ‘ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਿਹਾ ਹੈ। ਵਿਭਾਗ ਦੀ ਟੀਮ ਵੱਲੋਂ ਡੀਐੱਫਐੱਸਓ ਅਮਿਤ ਭੱਟੀ ਦੀ ਅਗਵਾਈ ਹੇਠ ਗੈਸ ਏਜੰਸੀਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ, ਤਾਂ ਜੋ ਇਲਾਕਾ ਨਿਵਾਸੀਆਂ ਨੂੰ ਸਿਲੰਡਰਾਂ ਦੀ ਸਪਲਾਈ ਦੌਰਾਨ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਿਵਲ ਸਪਲਾਈ ਵਿਭਾਗ ਦੀ ਟੀਮ, ਜਿਸ ਵਿਚ ਫੂਡ ਸਪਲਾਈ ਇੰਸਪੈਕਟਰ ਬਲਕਾਰ ਸਿੰਘ ਵੀ ਮੌਜੂਦ ਸਨ, ਵੱਲੋਂ ਸ਼ਾਹਕੋਟ ਦੀਆਂ ਦੋ ਪ੍ਰਮੁੱਖ ਗੈਸ ਏਜੰਸੀਆਂ ਤੱਖਰ ਗੈਸ ਏਜੰਸੀ ਅਤੇ ਅਟਵਾਲ ਗੈਸ ਏਜੰਸੀ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਵੱਲੋਂ ਏਜੰਸੀਆਂ ਦੇ ਰਿਕਾਰਡ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ ਅਤੇ ਸਿਲੰਡਰਾਂ ਦੇ ਸਟਾਕ ਤੇ ਮੌਜੂਦਾ ਸਥਿਤੀ ਬਾਰੇ ਮੁਕੰਮਲ ਜਾਣਕਾਰੀ ਹਾਸਲ ਕੀਤੀ ਗਈ। ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਾਹਕੋਟ ਇਲਾਕੇ ’ਚ ਸਾਰੀ ਸਥਿਤੀ ’ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। ਸਪਲਾਈ ਚੇਨ ਨੂੰ ਸੁਚਾਰੂ ਬਣਾਈ ਰੱਖਣ ਲਈ ਗੈਸ ਏਜੰਸੀਆਂ ਨਾਲ ਨਿਰੰਤਰ ਸੰਪਰਕ ਬਣਾਇਆ ਹੋਇਆ ਹੈ। ਡੀਐੱਫਐੱਸਓ ਅਮਿਤ ਭੱਟੀ ਅਤੇ ਇੰਸਪੈਕਟਰ ਬਲਕਾਰ ਸਿੰਘ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਘਬਰਾਹਟ ਵਿੱਚ ਆ ਕੇ ਸਿਲੰਡਰਾਂ ਦੀ ਬੇਲੋੜੀ ਖ਼ਰੀਦ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਸਿਲੰਡਰਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਲਾਕੇ ਵਿੱਚ ਕਿਤੇ ਵੀ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਜਾਂ ਗੈਰ-ਕਾਨੂੰਨੀ ਜਮ੍ਹਾਖੋਰੀ ਹੁੰਦੀ ਪਾਈ ਜਾਂਦੀ ਹੈ ਤਾਂ ਉਸ ਬਾਰੇ ਤੁਰੰਤ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾਵੇ।