ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ : ਡਾ. ਗਰਗ
ਹਸਪਤਾਲਾਂ ਦੀਆਂ ਕੰਟੀਨਾਂ ਤੇ ਇਨ ਹਾਉਸ ਕਿਚਨ ’ਚ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ : ਸਿਵਲ ਸਰਜਨ ਡਾ. ਰਾਜੇਸ਼ ਗਰਗ
Publish Date: Thu, 19 Mar 2026 10:07 PM (IST)
Updated Date: Thu, 19 Mar 2026 10:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ਤੇ ਸਰਕਾਰੀ ਸਿਹਤ ਸੰਸਥਾਵਾਂ ’ਚ ਕਾਰੋਬਾਰੀ ਸਿਲੰਡਰਾਂ ਦੀ ਸਪਲਾਈ ਪਹਿਲ ਦੇ ਅਧਾਰ ’ਤੇ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਆਈਐੱਮਏ ਤੇ ਨਰਸਿੰਗ ਹੋਮ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਸਿਵਲ ਸਰਜਨ ਦਫ਼ਤਰ ’ਚ ਮੀਟਿੰਗ ਕੀਤੀ ਗਈ। ਮੀਟਿੰਗ ’ਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜ਼ਿਲ੍ਹਾ ਆਈਐੱਮਏ ਪ੍ਰਧਾਨ ਡਾ. ਧੀਰਜ ਭਾਟੀਆ, ਡਾ. ਜੇਪੀ ਸਿੰਘ ਮੈਂਬਰ ਨਰਸਿੰਗ ਹੋਮ ਐਸੋਸੀਏਸ਼ਨ, ਡਾ. ਜੰਗਪ੍ਰੀਤ, ਡਾ. ਅਨਹਦ ਸਿੰਘ ਆਦਿ ਮੌਜੂਦ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਯਕੀਨੀ ਬਣਾਇਆ ਗਿਆ ਹੈ ਕਿ ਸਰਕਾਰੀ ਸਿਹਤ ਸੰਸਥਾਵਾਂ ਤੇ ਆਈਐੱਮਏ ਤੇ ਨਰਸਿੰਗ ਹੋਮ ਐਸੋਸੀਏਸ਼ਨ ਦੇ ਅਧੀਨ ਆਉਂਦੇ ਨਿੱਜੀ ਹਸਪਤਾਲਾਂ ਤੇ ਸੰਸਥਾਵਾਂ ਦੀਆਂ ਕੰਟੀਨਾਂ ਜਾਂ ਇਨ ਹਾਊਸ ਕਿਚਨ ’ਚ ਕਾਰੋਬਾਰੀ ਸਿਲੰਡਰਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਇਨ੍ਹਾਂ ਸੰਸਥਾਵਾਂ ’ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਸਬੰਧੀਆਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਵੀ ਸੰਸਥਾ ਦੀ ਕੰਟੀਨ ਜਾਂ ਇਨ ਹਾਊਸ ਕਿਚਨ ’ਚ ਕਾਰੋਬਾਰੀ ਸਿਲੰਡਰਾਂ ਦੀ ਲੋੜ ਹੋਵੇਗੀ, ਉਸ ਨਾਲ ਸਬੰਧਤ ਹਸਪਤਾਲ ਜਾ ਸੰਸਥਾ ਵੱਲੋਂ ਆਪਣੀ ਸੰਸਥਾ ਦੇ ਮੁਖੀ ਤੋਂ ਕਾਰੋਬਾਰੀ ਸਿਲੰਡਰ ਦੀ ਲੋੜ ਸਬੰਧੀ ਪ੍ਰਵਾਨਗੀ ਨੂੰ ਵੈਰੀਫਾਈ ਕਰਵਾ ਕੇ ਸਿਲੰਡਰ ਨਾਲ ਸਬੰਧਤ ਗੈਸ ਏਜੰਸੀ ਦੀ ਸਾਈਟ ’ਤੇ ਜਾ ਕੇ ਅਪਲਾਈ ਕਰਨਾ ਹੋਵੇਗਾ ਤੇ ਸਬੰਧਤ ਏਜੰਸੀ ਵੱਲੋਂ ਸੰਸਥਾ ਦੀ ਲੋੜ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਬੰਧਤ ਸੰਸਥਾਵਾਂ ਵੱਲੋਂ ਸਿਵਲ ਸਰਜਨ ਤੋਂ ਵੀ ਕਮਰਸ਼ੀਅਲ ਸਿਲੰਡਰਾਂ ਦੀ ਲੋੜ ਸਬੰਧੀ ਅਪਰੂਵਲ ਵੈਰੀਫਾਈ ਕਰਵਾ ਕੇ ਸਿਲੰਡਰ ਲਈ ਅਪਲਾਈ ਕੀਤਾ ਜਾ ਸਕਦਾ ਹੈ। ਆਈਐੱਮਏ ਪ੍ਰਧਾਨ ਡਾ. ਧੀਰਜ ਭਾਟੀਆ ਤੇ ਨਰਸਿੰਗ ਹੋਮ ਐਸੋਸੀਏਸ਼ਨ ਦੇ ਮੁਖੀ ਡਾ. ਜੇਪੀ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਕਿ ਸਰਕਾਰੀ ਤੇ ਨਿੱਜੀ ਸਿਹਤ ਸੰਸਥਾਵਾਂ ਦੀ ਕੰਟੀਨਾਂ ਤੇ ਇਨ ਹਾਊਸ ਕਿਚਨ ’ਚ ਕਾਰੋਬਾਰੀ ਸਿਲੰਡਰ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।