ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਬੰਦ ਕਾਰਨ ਹੋਟਲ ਇੰਡਸਟਰੀ ਦੀਆਂ ਵਧੀਆਂ ਮੁਸ਼ਕਲਾਂ
ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਬੰਦ, ਹੋਟਲ ਇੰਡਸਟਰੀ ਦੀਆਂ ਮੁਸ਼ਕਲਾਂ ਵਧੀਆਂ
Publish Date: Tue, 10 Mar 2026 11:00 PM (IST)
Updated Date: Tue, 10 Mar 2026 11:03 PM (IST)

-ਕਮਰਸ਼ੀਅਲ ਇੰਡਕਸ਼ਨ ਦੀ ਵਰਤੋਂ ਕਰ ਸਕਦੀ ਹੈ ਹੋਟਲ ਇੰਡਸਟਰੀ, ਵਧੇਗੀ ਲਾਗਤ ਤੇ ਖ਼ਰਚਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਇਰਾਨ-ਇਜ਼ਰਾਈਲ ਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਹਰ ਇੰਡਸਟਰੀ ’ਤੇ ਦਿਸਣਾ ਸ਼ੁਰੂ ਹੋ ਗਿਆ ਹੈ। ਇਸ ਦਾ ਅਸਰ ਹੁਣ ਹੋਟਲ ਇੰਡਸਟਰੀ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਹੋਟਲ ਇੰਡਸਟਰੀ ਨੂੰ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਡਲਿਵਰੀ ਨਹੀਂ ਮਿਲ ਰਹੀ। ਸ਼ਹਿਰ ਦੇ ਹਰ ਹੋਟਲ ਤੇ ਰੈਸਟੋਰੈਂਟ ’ਚ ਲਗਪਗ 12 ਤੋਂ 17 ਕਮਰਸ਼ੀਅਲ ਸਿਲੰਡਰ ਵਰਤੇ ਜਾਂਦੇ ਹਨ। ਹੁਣ ਸਿਲੰਡਰ ਨਾ ਮਿਲਣ ਕਾਰਨ ਬੇਭਰੋਸਗੀ ਵਾਲੀ ਸਥਿਤੀ ਬਣ ਰਹੀ ਹੈ। ਗੈਸ ਕੰਪਨੀਆਂ ਦੇ ਵੈਂਡਰਾਂ ਵੱਲੋਂ ਵੀ ਸਿਲੰਡਰ ਨਹੀਂ ਮਿਲ ਰਹੇ। ਹੋਟਲ ਇੰਡਸਟਰੀ ਨਾਲ ਜੁੜੇ ਲੋਕ ਵੈਂਡਰਾਂ ਨੂੰ ਸਿਲੰਡਰ ਭੇਜਣ ਲਈ ਕਹਿ ਰਹੇ ਹਨ ਪਰ ਸਪਲਾਈ ਨਹੀਂ ਹੋ ਰਹੀ। ਜੇ ਸਿਲੰਡਰਾਂ ਦੀ ਕਮੀ ਜਾਰੀ ਰਹੀ ਤਾਂ ਹੋਟਲ ਕਮਰਸ਼ੀਅਲ ਇੰਡਕਸ਼ਨ ਵੱਲ ਮੁੜ ਸਕਦੇ ਹਨ। ਜੇ ਗੈਸ ਸਿਲੰਡਰਾਂ ਦੀ ਸਪਲਾਈ ਨਹੀਂ ਹੋਈ ਤਾਂ ਸਥਿਤੀ ਹੋਰ ਵੀ ਬੇਭਰੋਸਗੀ ਹੋ ਸਕਦੀ ਹੈ। -------------------------- ਵਿਆਹਾਂ ਤੋਂ ਲੈ ਕੇ ਹੋਟਲ-ਰੈਸਟੋਰੈਂਟ ਕਾਰੋਬਾਰ ’ਤੇ ਪਵੇਗਾ ਅਸਰ ਮਾਰਚ ਤੇ ਅਪ੍ਰੈਲ ਦਾ ਮਹੀਨਾ ਵਿਆਹਾਂ ਕਰਕੇ ਹੋਟਲਾਂ ਤੇ ਰੈਸਟੋਰੈਂਟਾਂ ਲਈ ਕਾਫ਼ੀ ਭੀੜ ਰਹਿੰਦੀ ਹੈ। ਵਿਆਹਾਂ ਲਈ ਪਹਿਲਾਂ ਹੀ ਬੁਕਿੰਗ ਹੋ ਚੁੱਕੀ ਹੈ। ਕਮਰਸ਼ੀਅਲ ਗੈਸ ਦੀ ਸਪਲਾਈ ਨਾ ਹੋਣ ਕਾਰਨ ਕਾਰੋਬਾਰ ’ਤੇ ਅਸਰ ਪੈ ਸਕਦਾ ਹੈ। ਹੋਟਲ ਤੇ ਰੈਸਟੋਰੈਂਟ ਦਾ ਕਾਰੋਬਾਰ ਚਲਾਉਣ ਲਈ ਮਜਬੂਰੀ ’ਚ ਕਮਰਸ਼ੀਅਲ ਇੰਡਕਸ਼ਨ ਵੱਲ ਰੁਖ ਕਰਨਾ ਪੈ ਸਕਦਾ ਹੈ। ਜੇ ਇੰਡਕਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਲਗਪਗ 5 ਤੋਂ 10 ਫ਼ੀਸਦੀ ਤੱਕ ਖਰਚਾ ਵਧ ਸਕਦਾ ਹੈ। ਇੰਡਕਸ਼ਨ ਬਿਜਲੀ ਨਾਲ ਚੱਲਦੀ ਹੈ, ਜਿਸ ਨਾਲ ਬਿਜਲੀ ਦੀ ਖਪਤ ਵਧੇਗੀ ਤੇ ਇਸ ਦਾ ਸਿੱਧਾ ਅਸਰ ਬਿਜਲੀ ਦੇ ਬਿੱਲ ’ਤੇ ਪਵੇਗਾ। ------------------------- ਹੋਟਲ ਅੰਬੈਸਡਰ ਦੇ ਜੀਐੱਮ ਪ੍ਰਦਯੁਤ ਦਾਸ ਨੇ ਕਿਹਾ ਕਿ ਹੋਟਲ ’ਚ ਕਮਰਸ਼ੀਅਲ ਸਿਲੰਡਰਾਂ ਦਾ ਸਟਾਕ ਘੱਟ ਰਹਿ ਗਿਆ ਹੈ। ਕੰਪਨੀਆਂ ਦੇ ਵੈਂਡਰਾਂ ਕੋਲੋਂ ਸਿਲੰਡਰਾਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਪਲਾਈ ਨਹੀਂ ਆ ਰਹੀ। ਜੇ ਸਿਲੰਡਰਾਂ ਦੀ ਸਪਲਾਈ ਨਹੀਂ ਹੋਈ ਤਾਂ ਹੋਟਲ ਤੇ ਰੈਸਟੋਰੈਂਟ ਇੰਡਸਟਰੀ ’ਤੇ ਅਸਰ ਪੈਣਾ ਸੁਭਾਵਿਕ ਹੈ। ਹੋਟਲ ਚਲਾਉਣ ਲਈ ਕਮਰਸ਼ੀਅਲ ਇੰਡਕਸ਼ਨ ਦਾ ਸਹਾਰਾ ਲੈਣਾ ਪਵੇਗਾ। ਕਿਹਾ ਜਾ ਰਿਹਾ ਹੈ ਕਿ ਗੈਸ ਕੰਪਨੀਆਂ ਨੇ ਸਪਲਾਈ ਬੰਦ ਕਰ ਦਿੱਤੀ ਹੈ। ਜੇ ਸਪਲਾਈ ਬੰਦ ਰਹੀ ਤਾਂ ਹੋਟਲ ਇੰਡਸਟਰੀ ਲਈ ਮੁਸ਼ਕਲਾਂ ਵਧ ਜਾਣਗੀਆਂ। --------------------- ਕਿਊਰੋ ਇਨਵੈਟ ਕੈਟਰਜ਼ ਦੇ ਐੱਮਡੀ ਮੋਹਿਤ ਢੀਂਗਰਾ ਨੇ ਕਿਹਾ ਕਿ ਜੰਗ ਤੋਂ ਬਾਅਦ ਕਮਰਸ਼ੀਅਲ ਸਿਲੈਂਡਰਾਂ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਸਿਲੈਂਡਰ ਨਹੀਂ ਮਿਲ ਰਹੇ। ਪੁਰਾਣੇ ਸਟਾਕ ਨਾਲ ਹੀ ਸਮਾਗਮਾਂ ਨੂੰ ਨਿਭਾਇਆ ਜਾ ਰਿਹਾ ਹੈ। ਗੈਸ ਏਜੰਸੀ ਨੂੰ ਚਾਰ-ਪੰਜ ਵਾਰ ਫੋਨ ਕਰਨ ਦੇ ਬਾਵਜੂਦ ਵੀ ਸਿਲੰਡਰ ਨਹੀਂ ਮਿਲ ਰਹੇ। ਆਉਣ ਵਾਲੇ ਦਿਨਾਂ ’ਚ ਕੈਟਰਰਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਯੁੱਧ ਤੋਂ ਪਹਿਲਾਂ ਸਿਲੰਡਰ 1400 ਤੋਂ 1500 ਰੁਪਏ ਪ੍ਰਤੀ ਸਿਲੰਡਰ ਮਿਲਦਾ ਸੀ, ਜਦਕਿ ਹੁਣ ਇਹ 2100 ਤੋਂ 2200 ਰੁਪਏ ਪ੍ਰਤੀ ਸਿਲੰਡਰ ਮਿਲ ਰਿਹਾ ਹੈ। -------------------------- ਹੋਟਲ ਪਲਾਜ਼ਾ ਦੇ ਐੱਮਡੀ ਜਸਕਰਨ ਸਿੰਘ ਨੇ ਕਿਹਾ ਕਿ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਆਉਣ ਵਾਲੇ ਦਿਨਾਂ ’ਚ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ। ਜੇ ਸਿਲੰਡਰ ਨਹੀਂ ਹੋਣਗੇ ਤਾਂ ਖਾਣੇ ਨਹੀਂ ਬਣ ਸਕਣਗੇ ਤੇ ਲੋਕ ਹੋਟਲਾਂ ਵੱਲ ਮੂੰਹ ਨਹੀਂ ਕਰਨਗੇ। ਸਰਕਾਰ ਨੂੰ ਚਾਹੀਦਾ ਹੈ ਕਿ ਸਿਲੰਡਰਾਂ ਦੀ ਸਪਲਾਈ ਮੁੜ ਸ਼ੁਰੂ ਕਰੇ ਤਾਂ ਜੋ ਹੋਟਲ ਇੰਡਸਟਰੀ ਦਾ ਕਾਰੋਬਾਰ ਚੱਲ ਸਕੇ। ਬਿਨਾਂ ਸਿਲੰਡਰਾਂ ਦੇ ਹੋਟਲ ਇੰਡਸਟਰੀ ਕਿਵੇਂ ਚੱਲੇਗੀ। -------------------- ਟੈਨ-ਟੈਨ ਰੈਸਟੋਰੈਂਟ ਦੇ ਆਪ੍ਰੇਸ਼ਨਲ ਮੈਨੇਜਰ ਸਾਗਰ ਜਸਵਾਲ ਨੇ ਕਿਹਾ ਕਿ ਜੇ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਨਹੀਂ ਹੋਈ ਤਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ ਵੈਂਡਰਾਂ ਵੱਲੋਂ ਵੀ ਸਪਲਾਈ ਨਹੀਂ ਦਿੱਤੀ ਜਾ ਰਹੀ। ਜੇ ਸਿਲੰਡਰਾਂ ਦੀ ਸਪਲਾਈ ਨਹੀਂ ਹੋਈ ਤਾਂ ਕਾਰੋਬਾਰ ’ਤੇ ਅਸਰ ਪੈਣਾ ਨਿਸ਼ਚਿਤ ਹੈ। ਇਸ ਸਮੇਂ ਰੈਸਟੋਰੈਂਟ ’ਚ ਕੁਝ ਸਿਲੰਡਰਾਂ ਦਾ ਸਟਾਕ ਮੌਜੂਦ ਹੈ ਪਰ ਜੇ ਸਪਲਾਈ ਨਹੀਂ ਹੋਈ ਤਾਂ ਸਟਾਕ ਖਤਮ ਹੋ ਜਾਵੇਗਾ ਤੇ ਕੰਮ ਪ੍ਰਭਾਵਿਤ ਹੋਵੇਗਾ।